ਜਲੰਧਰ (ਪੁਨੀਤ)– ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦੇ ਬਾਵਜੂਦ ਬਿਜਲੀ ਚੋਰੀ ਦੀ ਗੱਲ ਸੁਣਨ ’ਚ ਅਟਪਟੀ ਲੱਗਦੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ’ਚ ਬਿਜਲੀ ਚੋਰੀ ਦੇ ਕੇਸ ਵਧਣ ਲੱਗਦੇ ਹਨ, ਕਿਉਂਕਿ ਹੀਟਰ, ਪਾਣੀ ਗਰਮ ਕਰਨ ਵਾਲੀ ਰਾਡ, ਗੀਜ਼ਰ ਦੀ ਵਰਤੋਂ ਵਧ ਜਾਂਦੀ ਹੈ। ਇਸ ਕਾਰਨ 300 ਯੂਨਿਟ ਕੁਝ ਦਿਨਾਂ ’ਚ ਪੂਰੇ ਹੋ ਜਾਂਦੇ ਹਨ ਅਤੇ ਕਈ ਲੋਕ ਚੋਰੀ ਕਰਨ ਲੱਗਦੇ ਹਨ, ਜਿਸ ਨਾਲ ਵਿਭਾਗ ਨੂੰ ਨੁਕਸਾਨ ਹੁੰਦਾ ਹੈ।
ਇਸ ਨੁਕਸਾਨ ਨੂੰ ਰੋਕਣ ਲਈ ਵਿਭਾਗ ਵੱਲੋਂ ਅੱਜ ‘ਕੋਹਰਾ’ ਦੇ ਨਾਂ ਨਾਲ ਵਿਸ਼ੇਸ਼ ਮੁਹਿੰਮ ਚਲਾਈ ਗਈ। ‘ਕੋਹਰਾ’ ਅਧੀਨ ਜਲੰਧਰ ਸਰਕਲ ਦੀਆਂ ਪੰਜਾਂ ਡਿਵੀਜ਼ਨ ਵੱਲੋਂ 863 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, ਜਿਸ ’ਚ ਬਿਜਲੀ ਚੋਰੀ ਅਤੇ ਬਿਜਲੀ ਦੀ ਗਲਤ ਵਰਤੋਂ ਕਰਨ ਵਾਲੇ 59 ਖ਼ਪਤਕਾਰਾਂ ਨੂੰ 6.46 ਲੱਖ ਜੁਰਮਾਨਾ ਕੀਤਾ ਗਿਆ ਹੈ। ਇਨ੍ਹਾਂ ’ਚ ਸਿੱਧੀ ਚੋਰੀ ਦੇ 14 ਕੇਸਾਂ ’ਚ 3.93 ਲੱਖ ਜੁਰਮਾਨਾ ਕੀਤਾ ਗਿਆ। ਉਥੇ ਹੀ 36 ਕੇਸ ਲੋਡ ਨਾਲ ਸਬੰਧਤ ਫੜੇ ਗਏ ਹਨ, ਉਕਤ ਖ਼ਪਤਕਾਰਾਂ ਵੱਲੋਂ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਲੋਡ ਦੀ ਵਰਤੋਂ ਕਰਕੇ ਸਿਸਟਮ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਿਸ ਕਾਰਨ ਫਾਲਟ ਪੈਂਦੇ ਹਨ, ਟਰਾਂਸਫਾਰਮਰ ਆਦਿ ’ਚ ਖਰਾਬੀ ਆਉਂਦੀ ਹੈ।
ਇਹ ਵੀ ਪੜ੍ਹੋ : '0' ਬਿਜਲੀ ਬਿੱਲ ਤੋਂ 62 ਹਜ਼ਾਰ ਤੱਕ ਪੁੱਜੇ ਬਿੱਲ ਨੂੰ ਵੇਖ ਕਿਸਾਨ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਹੈਰਾਨ ਕਰੇਗਾ ਮਾਮਲਾ
ਉਥੇ ਹੀ ਯੂ. ਯੂ. ਈ. (ਬਿਜਲੀ ਦੀ ਗਲਤ ਵਰਤੋਂ) ਕਰਨ ਦੇ 9 ਕੇਸ ਫੜੇ ਗਏ ਹਨ। ਉਕਤ ਖ਼ਪਤਕਾਰਾਂ ਵੱਲੋਂ ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਕੀਤੀ ਜਾ ਰਹੀ ਹੈ, ਜੋਕਿ ਨਿਯਮਾਂ ਦੇ ਉਲਟ ਹੈ। ਅਧਿਕਾਰੀਆਂ ਮੁਤਾਬਕ ਘਰਾਂ ’ਚ ਬਣੀਆਂ ਦੁਕਾਨਾਂ ਦੇ ਲਈ ਵੱਖ ਤੋਂ ਮੀਟਰ ਲਗਵਾਉਣਾ ਜ਼ਰੂਰੀ ਹੈ ਪਰ ਲੋਕ ਘਰਾਂ ਦੀ ਬਿਜਲੀ ਤੋਂ ਦੁਕਾਨਾਂ ਦਾ ਕੁਨੈਕਸ਼ਨ ਚਲਾਉਂਦੇ ਹਨ, ਜੋਕਿ ਗਲਤ ਹੈ। ਪਿਛਲੇ ਦਿਨੀਂ ਸੁਪਰੀਟੈਂਡੈਂਟ ਇੰਜੀਨੀਅਰ ਦਾ ਚਾਰਜ ਸੰਭਾਲਣ ਵਾਲੇ ਸਰਕਲ ਹੈੱਡ ਸੁਰਿੰਦਰਪਾਲ ਸੋਂਧੀ ਵੱਲੋਂ ‘ਕੋਹਰਾ’ ਦੇ ਨਾਂ ਨਾਲ ਮੁਹਿੰਮ ਚਲਾਈ ਗਈ। ਇਸ ਤਹਿਤ ਪੰਜਾਂ ਡਵੀਜ਼ਨਾਂ ਦੇ ਐਕਸੀਅਨਾਂ ਦੀ ਪ੍ਰਧਾਨਗੀ ’ਚ ਟੀਮਾਂ ਗਠਿਤ ਕਰ ਕੇ ਸਪੈਸ਼ਲ ਚੈਕਿੰਗ ਦੇ ਹੁਕਮ ਦਿੱਤੇ ਗਏ। ਹਰੇਕ ਡਿਵੀਜ਼ਨ ਦੀ 3 ਤੋਂ 4 ਟੀਮਾਂ ਮਿਲਾ ਕੇ ਕੁੱਲ 18 ਟੀਮਾਂ ਵੱਲੋਂ ਇਕ ਹੀ ਸਮੇਂ ’ਚ ਚੈਕਿੰਗ ਨੂੰ ਅੰਜਾਮ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸਰਦੀ ’ਚ ਕੋਹਰਾ ਪੈਂਦਾ ਹੈ, ਜਿਸ ਕਾਰਨ ਮੁਹਿੰਮ ਨੂੰ ਕੋਹਰਾ ਨਾਂ ਦਿੱਤਾ ਗਿਆ, ਕਿਉਂਕਿ ਧੁੰਦ ਦੌਰਾਨ ਚੈਕਿੰਗ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ।
ਈਸਟ ਡਿਵੀਜ਼ਨ ਨੇ ਸਭ ਤੋਂ ਵੱਧ 12 ਕੇਸਾਂ ’ਚ 2.66 ਲੱਖ ਕੀਤਾ ਜੁਰਮਾਨਾ
ਈਸਟ ਡਿਵੀਜ਼ਨ ਵੱਲੋਂ ਐਕਸੀਅਨ ਜਸਪਾਲ ਸਿੰਘ ਦੀ ਅਗਵਾਈ ’ਚ 177 ਕਨੈਕਸ਼ਨਾਂ ਦੀ ਚੈਕਿੰਗ ਕਰਵਾਈ ਗਈ। ਇਸ ਡਿਵੀਜ਼ਨ ਵੱਲੋਂ ਮੁੱਖ ਤੌਰ ’ਤੇ ਲੰਬਾ ਪਿੰਡ, ਅਲਾਵਲਪੁਰ, ਦੁਆਬਾ ਚੌਂਕ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਰੇਡ ਮਾਰ ਕੇ ਓਵਰਲੋਡ ਦੇ 8, ਜਦਕਿ ਚੋਰੀ ਦੇ ਮਿਲਾ ਕੇ ਕੁੱਲ 12 ਕੇਸ ਫੜੇ ਗਏ, ਜਿਨ੍ਹਾਂ ਨੂੰ 2.66 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਵੈਸਟ ਡਵੀਜ਼ਨ ਦੇ ਐਕਸੀਅਨ ਸੰਨੀ ਭੰਗੜਾ ਦੀ ਲੀਡਰਸ਼ਿਪ ’ਚ 169 ਕਨੈਕਸ਼ਨਾਂ ਦੀ ਚੈਕਿੰਗ ’ਚ ਬਿਜਲੀ ਚੋਰੀ ਦੇ 4, ਜਦਕਿ ਓਵਰਲੋਡ ਦੇ 11 ਕਨੈਕਸ਼ਨ ਮਿਲਾ ਕੇ ਕੁੱਲ 15 ਖ਼ਪਤਕਾਰਾਂ ਨੂੰ 1.35 ਲੱਖ ਜੁਰਮਾਨਾ ਕੀਤਾ ਗਿਆ ਹੈ। ਐਕਸੀਅਨ ਦੀ ਅਗਵਾਈ ’ਚ ਐੱਸ. ਡੀ. ਓ. ਨੇ ਮਕਸੂਦਾਂ, ਗਾਂਧੀ ਕੈਂਪ, ਗੋਪਾਲ ਨਗਰ ਤੇ ਆਲੇ-ਦੁਆਲੇ ਦੇ ਇਲਾਕੇ ’ਚ ਇਹ ਚੈਕਿੰਗ ਮੁਹਿੰਮ ਚਲਾਈ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਘਰ ਬੈਠੇ ਮਿਲਣਗੀਆਂ 43 ਸੇਵਾਵਾਂ, ਕੇਜਰੀਵਾਲ ਬੋਲੇ-'ਅੱਜ ਦਾ ਦਿਨ ਪੂਰੇ ਦੇਸ਼ ਲਈ ਕ੍ਰਾਂਤੀਕਾਰੀ ਦਿਨ'
ਮਾਡਲ ਟਾਊਨ ਦੇ ਐਕਸੀਅਨ ਜਸਪਾਲ ਸਿੰਘ ਪਾਲ ਦੀ ਪ੍ਰਧਾਨਗੀ ’ਚ 146 ਮੀਟਰਾਂ ਦੀ ਚੈਕਿੰਗ ਕਰਵਾਈ ਗਈ, ਜਿਸ ’ਚੋਂ 17 ਮੀਟਰ ਉਤਾਰ ਕੇ ਲੈਬ ਭਿਜਵਾਏ ਜਾ ਰਹੇ ਹਨ। ਇੰਜੀ. ਪਾਲ ਨੇ ਦੱਸਿਆ ਕਿ ਕੁੱਲ 10 ਕੇਸਾਂ ’ਚ ਖ਼ਪਤਕਾਰਾਂ ਨੂੰ 76 ਹਜ਼ਾਰ ਜੁਰਮਾਨਾ ਕੀਤਾ ਗਿਆ ਹੈ। ਕੈਂਟ ਡਿਵੀਜ਼ਨ ਦੇ ਐਕਸੀਅਨ ਅਵਤਾਰ ਸਿੰਘ ਮੁਤਾਬਕ 263 ਕਨੈਕਸ਼ਨਾਂ ਦੀ ਚੈਕਿੰਗ ਹੋਈ। ਇਸ ’ਚ ਓਵਰਲੋਡ ਅਤੇ ਬਿਜਲੀ ਚੋਰੀ ਨੂੰ ਮਿਲਾ ਕੇ ਕੁੱਲ 10 ਕਨੈਕਸ਼ਨ ਫੜੇ ਗਏ, ਜਿਨ੍ਹਾਂ ਨੂੰ 1.13 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਇਸੇ ਤਰ੍ਹਾਂ ਫਗਵਾੜਾ ਡਿਵੀਜ਼ਨ ਦੇ ਐਕਸੀਅਨ ਹਰਦੀਪ ਕੁਮਾਰ ਵੱਲੋਂ 108 ਕਨੈਕਸ਼ਨਾਂ ਦੀ ਚੈਕਿੰਗ ’ਚ 12 ਕਨੈਕਸ਼ਨਾਂ ਨੂੰ 54 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਸਰਦੀ ਤਕ ਚੋਰੀ ’ਤੇ ਵਿਸ਼ੇਸ਼ ਧਿਆਨ ਦੇਣ ਦੀਆਂ ਹਦਾਇਤਾਂ: ਇੰਜੀ. ਸੋਂਧੀ
ਸਰਕਲ ਹੈੱਡ ਤੇ ਸੁਪਰੀਟੈਂਡੈਂਟ ਇੰਜੀਨੀਅਰ ਸੁਰਿੰਦਰਪਾਲ ਸੋਂਧੀ ਨੇ ਕਿਹਾ ਕਿ ਸਾਰੇ ਐਕਸੀਅਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਸਰਦੀ ਦੇ ਦਿਨਾਂ ’ਚ ਚੋਰੀ ’ਤੇ ਵਿਸ਼ੇਸ਼ ਧਿਆਨ ਦੇਣ। ਲੋਕ ਸਮਝਦੇ ਹਨ ਕਿ ਸਰਦੀ ਦੇ ਦਿਨਾਂ ’ਚ ਚੋਰੀ ਨਹੀਂ ਹੁੰਦੀ, ਜਦਕਿ ਇਨ੍ਹੀਂ ਦਿਨਾਂ ’ਚ ਹੀਟਰ ਆਦਿ ਲਾ ਕੇ ਚੋਰੀ ਕੀਤੀ ਜਾਂਦੀ ਹੈ, ਜਿਸ ਨੂੰ ਰੋਕਿਆ ਜਾਵੇਗਾ।
ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਕੇ 'ਤੇ ਮੌਤ, ਨਵੀਂ ਕਾਰ ਖ਼ਰੀਦ ਕੇ ਜਾ ਰਹੇ ਸਨ ਅੰਮ੍ਰਿਤਸਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ਸਰਕਾਰ ਵੱਲੋਂ IAS ਤੇ PCS ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ, ਪੜ੍ਹੋ ਪੂਰੀ ਲਿਸਟ
NEXT STORY