ਜਲੰਧਰ/ਚੰਡੀਗੜ੍ਹ (ਧਵਨ)–ਪੰਜਾਬ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਦੇ ਗੁਰਗੇ ਹਰਵਿੰਦਰ ਰਿੰਦਾ ਤੇ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆਂ ਵੱਲੋਂ ਚਲਾਏ ਜਾ ਰਹੇ ਪਾਕਿਸਤਾਨ ਦੇ ਸਮਰਥਨ ਵਾਲੇ ਅੱਤਵਾਦੀ ਮਾਡਿਊਲ ਜਿਸ ਨੂੰ ਵਿਦੇਸ਼ ਆਧਾਰਤ ਗੈਂਗਸਟਰ ਗੁਰਦੇਵ ਸਿੰਘ ਉਰਫ ਜੈਸਲ ਉਰਫ ਪਹਿਲਵਾਨ ਵੱਲੋਂ ਆਪ੍ਰੇਟ ਕੀਤਾ ਜਾ ਰਿਹਾ ਸੀ, ਦਾ ਪਰਦਾਫਾਸ਼ ਕਰਦੇ ਹੋਏ ਇਸ ਦੇ 2 ਮੈਂਬਰਾਂ (ਨਾਬਾਲਗ ਸਮੇਤ) ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਨੇ ਅਜਨਾਲਾ ਪੁਲਸ ਥਾਣੇ ’ਚ ਇੰਪ੍ਰੋਵਾਈਜ਼ਡ ਐਕਸਪਲੋਜ਼ਿਵ ਡਿਵਾਈਸ (ਆਈ. ਈ. ਡੀ.) ਰੱਖਣ ਸਬੰਧੀ ਜੁਰਮ ਕਬੂਲ ਕਰ ਲਿਆ ਹੈ। ਦੱਸਣਯੋਗ ਹੈ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਜਸ਼ਨਦੀਪ ਸਿੰਘ ਉਰਫ ਡੈਨੀ ਵਾਸੀ ਜੰਡਿਆਲਾ ਗੁਰੂ, ਅੰਮ੍ਰਿਤਸਰ ਅਤੇ ਇਕ 17 ਸਾਲਾ ਨਾਬਾਲਗ ਵਜੋਂ ਹੋਈ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਪਾਸੋਂ 2 ਚੀਨੀ ਪੀ. 86 ਹੈਂਡ ਗ੍ਰੇਨੇਡ ਅਤੇ ਤੁਰਕੀ ’ਚ ਬਣੀ ਇਕ ਆਧੁਨਿਕ 9 ਐੱਮ. ਐੱਮ. ਜਿਗਾਨਾ ਪਿਸਤੌਲ ਸਮੇਤ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਨੇ ਉਨ੍ਹਾਂ ਦਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸ ਉੱਪਰ ਉਹ ਜਾ ਰਹੇ ਸਨ । ਵਰਣਨਯੋਗ ਹੈ ਕਿ ਇਹ ਸਫ਼ਲਤਾ 23 ਨਵੰਬਰ ਨੂੰ ਅਜਨਾਲਾ ਪੁਲਸ ਥਾਣੇ ਨੇੜੇ ਲਾਏ ਗਏ ਆਈ. ਈ. ਡੀ. ਦੀ ਬਰਾਮਦਗੀ ਤੋਂ 3 ਹਫਤਿਆਂ ਤੋਂ ਵੀ ਘੱਟ ਸਮੇਂ ’ਚ ਮਿਲੀ ਹੈ। ਅੱਤਵਾਦੀ ਸੰਗਠਨ ਬੀ. ਕੇ. ਆਈ. ਨੇ ਮੀਡੀਆ ਪਲੇਟਫਾਰਮ ’ਤੇ ਇਸ ਅੱਤਵਾਦੀ ਕਾਰਵਾਈ ਦੀ ਜ਼ਿੰਮੇਵਾਰੀ ਲਈ ਸੀ।
ਇਹ ਵੀ ਪੜ੍ਹੋ- GST ਅਧਿਕਾਰੀਆਂ ਨੂੰ ਮਿਲੀ ਰਾਹਤ, ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ
ਡੀ. ਜੀ. ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਦੋਵੇਂ ਮੁਲਜ਼ਮ ਉਨ੍ਹਾਂ ਨੂੰ ਕੰਮ ਦੇ ਬਦਲੇ ਪੈਸਿਆਂ ਤੇ ਨਸ਼ੇ ਦਾ ਲਾਲਚ ਦੇਣ ਵਾਲੇ ਗੁਰਦੇਵ ਜੈਸਲ ਦੇ ਸੰਪਰਕ ਵਿਚ ਸਨ। ਜੈਸਲ ਨੇ ਅੱਤਵਾਦੀ ਸਰਗਰਮੀਆਂ ਦੀ ਸਾਜ਼ਿਸ਼ ਰਚਣ ਤੋਂ ਇਲਾਵਾ ਉਪਰੋਕਤ ਦੋਵਾਂ ਮੁਲਜ਼ਮਾਂ ਦੀ ਵਰਤੋਂ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਲਈ ਵੀ ਕੀਤੀ ਸੀ। ਫੜੇ ਗਏ ਵਿਅਕਤੀਆਂ ਨੇ ਆਪਣੇ ਸੰਚਾਲਕ ਦੀਆਂ ਹਦਾਇਤਾਂ ’ਤੇ ਅਜਨਾਲਾ ਪੁਲਸ ਥਾਣੇ ’ਚ ਆਈ. ਈ. ਡੀ. ਰੱਖਣ ਦਾ ਜੁਰਮ ਕਬੂਲ ਕੀਤਾ ਹੈ ਅਤੇ ਨਾਲ ਹੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਦੀਆਂ ਵੱਖ-ਵੱਖ ਖੇਪਾਂ ਮਿਲੀਆਂ ਸਨ।
ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਏ. ਆਈ. ਜੀ. ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਹਰਵਿੰਦਰ ਸਿੰਘ ਰਿੰਦਾ, ਹੈਪੀ ਪਾਸੀਆਂ ਤੇ ਗੁਰਦੇਵ ਜੈਸਲ ਨੇ ਆਪਣੇ ਸਾਥੀਆਂ ਨੂੰ ਅੰਮ੍ਰਿਤਸਰ, ਗੁਰਦਾਸਪੁਰ ਤੇ ਬਟਾਲਾ ਦੇ ਖੇਤਰਾਂ ਵਿਚ ਦੇਸ਼ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇਣ ਵਾਸਤੇ ਲਾਮਬੱਧ ਕਰ ਕੇ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਆਪਣੀਆਂ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਲਈ ਉਨ੍ਹਾਂ ਲਈ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਦੀ ਵੱਡੀ ਖੇਪ ਦਾ ਪ੍ਰਬੰਧ ਵੀ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, 19 ਜ਼ਿਲ੍ਹਿਆਂ ਲਈ ਅਲਰਟ, ਠੰਡ ਤੋੜ ਸਕਦੀ ਹੈ ਰਿਕਾਰਡ
ਉਨ੍ਹਾਂ ਕਿਹਾ ਕਿ ਮਈ 2024 ’ਚ ਵੀ ਜਸ਼ਨਦੀਪ ਡੈਨੀ ਨੂੰ ਬਟਾਲਾ ਪੁਲਸ ਨੇ ਫਿਰੌਤੀ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ’ਚ ਜ਼ਮਾਨਤ ਮਿਲਣ ’ਤੇ ਉਹ ਅਪਰਾਧਕ ਸਰਗਰਮੀਆਂ ਵਿਚ ਸ਼ਾਮਲ ਹੋ ਗਿਆ ਸੀ। ਇਸੇ ਤਰ੍ਹਾਂ ਨਾਬਾਲਗ ਨੂੰ ਵੀ ਪਹਿਲਾਂ ਅਗਸਤ 2024 ’ਚ ਅੰਮ੍ਰਿਤਸਰ ਸਿਟੀ ਪੁਲਸ ਵੱਲੋਂ ਐਕਟਿਵਾ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਨਾਬਾਲਗ ਹੋਣ ਕਾਰਨ ਉਸ ਨੂੰ ਕੁਝ ਦਿਨਾਂ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ ਸੀ। ਇਸ ਸਬੰਧੀ ਪੁਲਸ ਥਾਣਾ ਐੱਸ. ਐੱਸ. ਓ. ਸੀ., ਅੰਮ੍ਰਿਤਸਰ ’ਚ ਆਰਮਜ਼ ਐਕਟ ਦੀ ਧਾਰਾ-25, ਵਿਸਫੋਟਕ ਸਮੱਗਰੀ (ਰਿਵਾਈਜ਼ਡ) ਐਕਟ ਦੀਆਂ ਧਾਰਾਵਾਂ 3, 4 ਤੇ 5 ਅਤੇ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ-61(2) ਤੇ 111 ਤਹਿਤ ਐੱਫ. ਆਈ. ਆਰ. ਨੰ. 69 ਮਿਤੀ 13.12.2024 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਸਪਤਾਲ 'ਚ 9 ਮਹੀਨੇ ਦੀ ਬੱਚੀ ਦੀ ਮੌਤ, ਪਰਿਵਾਰ ਨੇ ਡਾਕਟਰ 'ਤੇ ਲਾਏ ਗੰਭੀਰ ਦੋਸ਼
NEXT STORY