ਜਲੰਧਰ (ਮਾਹੀ, ਸੁਨੀਲ)-ਦਿਹਾਤ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਨੰਦਨਪੁਰ ’ਚ ਨਵੀਂ ਬਣੀ ਕੈਥੋਲਿਕ ਚਰਚ ’ਚ ਅੱਜ ਮੰਦਭਾਗੀ ਘਟਨਾ ਹੋਣ ਤੋਂ ਬਚਾਅ ਹੋ ਗਿਆ। ਸ਼ਰਾਰਤੀ ਅਨਸਰਾਂ ਵੱਲੋਂ ਚਰਚ ਦੀ ਖਿੜਕੀ ਨੂੰ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਚ ਦੇ ਫਾਦਰ ਗਿਰੀਸ਼ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਨੰਦਨਪੁਰ ’ਚ ਬਣੇ ਚਰਚ ਦੇ ਬਾਹਰ ਲੱਗੀ ਖਿੜਕੀ ਦੀ ਫਾਈਬਰ ਸ਼ੀਟ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪੁਲਸ ਜਾਂਚ ’ਚ ਚੋਰੀ ਦੀ ਨੀਅਤ ਨਾਲ ਖਿੜਕੀ ਤੋੜੀ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਅਤੇ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਖਿੜਕੀ ਦੀ ਫਾਈਬਰ ਸ਼ੀਟ ਟੁੱਟੀ ਹੋਈ ਸੀ। ਮੌਕਾ ਦੇਖ ਕੇ ਪਾਸਟਰ ਗਿਰੀਸ਼ ਨੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਨਾ ਦਿੱਤੀ।
ਉਨ੍ਹਾਂ ਦੱਸਿਆ ਕਿ ਮੌਕਾ ਦੇਖ ਕੇ ਲੱਗਦਾ ਹੈ ਕਿ ਕਿਸੇ ਚੋਰ ਨੇ ਚੋਰੀ ਕਰਨ ਦੀ ਨੀਅਤ ਨਾਲ ਖਿੜਕੀ ਦੀ ਫਾਈਬਰ ਸ਼ੀਟ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਅਤੇ ਅੰਦਰ ਕੋਈ ਸਾਮਾਨ ਨਹੀਂ ਸੀ, ਜਿਸ ਕਾਰਨ ਕੁਝ ਵੀ ਚੋਰੀ ਨਹੀਂ ਹੋਇਆ। ਪਾਦਰੀ ਗਿਰੀਸ਼ ਨੇ ਕਿਹਾ ਕਿ ਫਿਲਹਾਲ ਚਰਚ ਵਿਚ ਕੋਈ ਵੀ ਬੇਅਦਬੀ ਨਹੀਂ ਹੋਈ ਹੈ ਪਰ ਚੋਰੀ ਕਰਨ ਦੀ ਕੋਸ਼ਿਸ਼ ਜਾਂ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਮਸੀਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾਈ ਰੱਖੇ।
ਇਹ ਵੀ ਪੜ੍ਹੋ- ਵਿਸ਼ਵ ਦੇ ਨਕਸ਼ੇ ’ਤੇ ਆਵੇਗਾ ਬਠਿੰਡਾ ਸ਼ਹਿਰ! ਡਰੱਗ ਪਾਰਕ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਣਾਈ ਵੱਡੀ ਯੋਜਨਾ
ਬੇਅਦਬੀ ਵਾਲੀ ਕੋਈ ਵੀ ਗੱਲ ਨਹੀਂ ਆਈ ਸਾਹਮਣੇ : ਐੱਸ. ਐੱਚ. ਓ. ਮਕਸੂਦਾਂ ਮਨਜੀਤ
ਇਸ ਸਬੰਧੀ ਜਦੋਂ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਬੇਸ਼ੱਕ ਚਰਚ ’ਚ ਸੀ.ਸੀ.ਟੀ.ਵੀ. ਕੈਮਰੇ ਨਹੀਂ ਲਗਾਏ ਗਏ ਹਨ ਪਰ ਆਸ-ਪਾਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੇਅਦਬੀ ਹੋਈ ਨਹੀਂ ਹੈ ਤੇ ਇਸ ਤਰ੍ਹਾਂ ਦੀਆਂ ਅਫਵਾਹਾਂ ’ਤੇ ਧਿਆਨ ਨਾ ਦਿੱਤਾ ਜਾਵੇ। ਜੇਕਰ ਇਸ ਤਰ੍ਹਾਂ ਦੀ ਗੱਲ ਕੋਈ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਸ਼ਰਾਰਤੀ ਅਨਸਰਾਂ ਖ਼ਿਲਾਫ ਸਖਤ ਤੋਂ ਸਖਤ ਕਰਵਾਈ ਕੀਤੀ ਜਾਵੇਗੀ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਜਲੰਧਰ ਦਿਹਾਤੀ ਸਵਰਨਦੀਪ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਜਾਣਕਾਰੀ ਅਨੁਸਾਰ ਬੇਅਦਬੀ ਨਹੀਂ ਹੋਈ ਹੈ ਪਰ ਫਿਰ ਵੀ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪੁਲਸ ਉਨ੍ਹਾਂ ਦੀ ਸੇਵਾ ’ਚ ਹਰ ਵੇਲੇ ਹਾਜ਼ਰ ਹੈ ਅਤੇ ਇਲਾਕੇ ’ਚ ਕਦੇ ਵੀ ਬੇਅਦਬੀ ਵਰਗੀ ਘਟਨਾ ਨਾ ਹੋਣ ਦੇਣ ਦਾ ਲੋਕਾਂ ਨੂੰ ਭਰੋਸਾ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਜਿਸ ਸੰਬੰਧੀ ਥਾਣਾ ਮਕਸੂਦਾਂ ਦੀ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਹੌਂਸਲੇ ਅੱਗੇ ਔਂਕੜਾਂ ਨੇ ਟੇਕੇ ਗੋਡੇ, ਜਜ਼ਬੇ ਦੀ ਮਿਸਾਲ ਹੈ ਜ਼ਿੰਦਗੀ ਜਿਊਣ ਦਾ ਸੁਫ਼ਨਾ ਛੱਡ ਚੁੱਕੀ ਜਗਦੀਸ਼ ਕੌਰ
NEXT STORY