ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਿਟੀ ਅਧੀਨ ਊਨਾ ਰੋਡ ’ਤੇ ਸਥਿਤ ਗੌਤਮ ਨਗਰ ਵਿਚ ਦਿਨ-ਦਿਹਾਡ਼ੇ ਅਣਪਛਾਤੇ ਚੋਰ ਐੱਸ. ਏ. ਵੀ. ਜੈਨ ਡੇਅ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਵਿਚ ਤਾਇਨਾਤ ਡੀਨ ਸੁਨੀਤਾ ਦੁੱਗਲ ਦੇ ਘਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਬਡ਼ੇ ਆਰਾਮ ਨਾਲ ਫ਼ਰਾਰ ਹੋ ਗਏ। ਸੁਨੀਤਾ ਦੁੱਗਲ ਨੂੰ ਚੋਰੀ ਹੋਣ ਦਾ ਪਤਾ ਦੁਪਹਿਰ ਬਾਅਦ ਸਕੂਲੋਂ ਘਰ ਪੁੱਜਣ ’ਤੇ ਲੱਗਾ। ਚੋਰਾਂ ਨੇ ਅਲਮਾਰੀ ਦੇ ਤਾਲੇ ਤੋਡ਼ ਕੇ ਭਾਰੀ ਮਾਤਰਾ ਵਿਚ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਕਰ ਲਏ ਸਨ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਵਿਚ ਜੁਟ ਗਏ। ਸੁਨੀਤਾ ਦੁੱਗਲ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਸਵੇਰੇ ਸਕੂਲ ਚਲੀ ਗਈ ਸੀ। ਦੁਪਹਿਰ ਬਾਅਦ ਜਦੋਂ ਉਹ ਘਰ ਪਰਤੀ ਤਾਂ ਮੁੱਖ ਦਰਵਾਜ਼ੇ ਦਾ ਤਾਲਾ ਅਤੇ ਕਮਰੇ ਅੰਦਰ ਖਿੱਲਰਿਆ ਪਿਆ ਸਾਮਾਨ ਵੇਖ ਕੇ ਸਮਝ ਗਈ ਕਿ ਘਰ ਵਿਚ ਚੋਰੀ ਹੋ ਗਈ ਹੈ। ਅੰਦਰ ਜਾ ਕੇ ਵੇਖਿਆ ਤਾਂ ਅਲਮਾਰੀ ਦੇ ਲਾਕਰ ਦੇ ਤਾਲੇ ਵੀ ਟੁੱਟੇ ਹੋਏ ਸਨ। ਲਾਕਰ ’ਚੋਂ ਚੋਰ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਕਰ ਕੇ ਲੈ ਗਏ ਸਨ।
ਪਛਾਣ ਲੁਕੋਣ ਲਈ ਚੋਰ ਚਿਹਰੇ ’ਤੇ ਕੱਪਡ਼ਾ ਕੇ ਲਪੇਟ ਆਏ ਸਨ : ਐੱਸ. ਐੱਚ. ਓ.
ਮੌਕੇ ’ਤੇ ਮਾਮਲੇ ਦੀ ਜਾਂਚ ਵਿਚ ਜੁਟੇ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਚੋਰ ਦੁਪਹਿਰ ਕਰੀਬ ਸਵਾ 12 ਵਜੇ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ। ਵਾਰਦਾਤ ਨੂੰ ਅੰਜਾਮ ਦੇਣ ਦੌਰਾਨ ਉਨ੍ਹਾਂ ਚਿਹਰੇ ’ਤੇ ਕੱਪਡ਼ਾ ਲਪੇਟ ਰੱਖਿਆ ਸੀ। ਚੋਰ ਕਰੀਬ ਅੱਧੇ ਘੰਟੇ ’ਚ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦਾਅਵਾ ਕੀਤਾ ਕਿ ਘਰ ਅੰਦਰ ਅਤੇ ਨੇੜਲੇ ਘਰਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਕੇ ਦੋਸ਼ੀਆਂ ਦੀ ਪਛਾਣ ਉਪਰੰਤ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਾਲੀਥੀਨ ਮੁਕਤ ਭਾਰਤ ਲਈ 36 ਦਿਨ ਬਾਕੀ, ਨਹੀਂ ਹੋ ਰਿਹਾ ਸੁਧਾਰ
NEXT STORY