ਟਾਂਡਾ ਉੜਮੁੜ,(ਪੰਡਿਤ): ਟਾਂਡਾ ਦੇ ਦੌਰੇ 'ਤੇ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ 'ਚ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਬਲਾਕ ਕਾਂਗਰਸ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਬਰਗਾੜੀ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ ਤੇ ਦੋਸ਼ੀਆਂ ਵਿਰੁੱਧ ਹਰ ਹਾਲਤ ਵਿਚ ਕਾਰਵਾਈ ਕੀਤੀ ਜਾਵੇਗੀ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਭਾਵੇਂ ਇਸ ਸਮੇਂ ਬੇਅਦਬੀ ਤੇ ਬਰਗਾੜੀ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਥੋੜ੍ਹੀ ਢਿੱਲੀ ਜਾਪ ਰਹੀ ਹੈ ਪਰ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਅਨੁਸਾਰ ਸਰਕਾਰ ਇਸ ਨੂੰ ਜਲਦ ਹੀ ਤੇਜ਼ ਕਰਦਿਆਂ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਏਗੀ। ਉਨ੍ਹਾਂ ਕਿਹਾ ਕਿ ਬੇਅਦਬੀ ਮੁੱਦੇ 'ਤੇ ਇਨਸਾਫ ਦੀ ਧੀਮੀ ਗਤੀ ਤੋਂ ਪੂਰਾ ਮੰਤਰੀ ਮੰਡਲ ਤੇ ਵਿਧਾਇਕ ਚਿੰਤਤ ਹਨ ਤੇ ਇਸ ਕਾਰਵਾਈ 'ਚ ਤੇਜ਼ੀ ਲਿਆਂਦੀ ਜਾਵੇਗੀ। ਆਪਣੇ ਵਿਭਾਗਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਤੌਰ ਕੈਬਨਿਟ ਮੰਤਰੀ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਕੋਆਪ੍ਰੇਟਿਵ ਅਦਾਰਿਆਂ ਦੇ ਨਾਲ-ਨਾਲ ਜੇਲਾਂ ਨੂੰ ਵੀ ਤਰੱਕੀ ਦੇ ਰਾਹ 'ਤੇ ਲਿਆਂਦਾ ਜਾਵੇ। ਕੋਆਪ੍ਰੇਟਿਵ ਵਿਭਾਗ ਵਿਚ ਮੁੱਖ ਤੌਰ 'ਤੇ ਕਿਸਾਨੀ ਨਾਲ ਸਬੰਧਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਲਈ ਉਨ੍ਹਾਂ ਵਲੋਂ ਪੂਰੇ ਦੇਸ਼ 'ਚ ਪਹਿਲਕਦਮੀ ਕਰਦਿਆਂ ਕੁਝ ਨਵੇਂ ਪ੍ਰਾਜੈਕਟ ਲਿਆ ਕੇ ਕੋਆਪ੍ਰੇਟਿਵ ਸੁਸਾਇਟੀਆਂ ਤੇ ਹੋਰ ਸੰਸਥਾਵਾਂ ਨੂੰ ਲਾਭ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਸ਼ਹਿਰਾਂ ਦੀਆਂ ਕੋਆਪ੍ਰੇਟਿਵ ਸੁਸਾਇਟੀਆਂ ਦੇ ਨਾਲ-ਨਾਲ ਕੋਆਪ੍ਰੇਟਿਵ ਖੰਡ ਮਿੱਲਾਂ ਵਿਚ ਵੀ ਪੈਟਰੋਲ ਪੰਪ ਅਤੇ ਪਿੰਡਾਂ ਦੀਆਂ ਸੁਸਾਇਟੀਆਂ ਵਿਚ ਡੀਜ਼ਲ ਪੰਪ ਲਾਏ ਜਾਣਗੇ, ਜਿਸ ਨਾਲ ਕੋਆਪ੍ਰੇਟਿਵ ਸੰਸਥਾਵਾਂ ਦੇ ਲਾਭ ਵਿਚ ਵਾਧਾ ਹੋਵੇਗਾ।
ਰੰਧਾਵਾ ਨੇ ਕਿਹਾ ਕਿ ਪੇਂਡੂ ਸੰਸਥਾਵਾਂ ਤੋਂ ਭਾਈਵਾਲ ਕਿਸਾਨਾਂ ਨੂੰ ਡੀਜ਼ਲ ਉਧਾਰ ਵਿਚ ਦਿੱਤਾ ਜਾਵੇਗਾ, ਜਿਸ ਦਾ ਭੁਗਤਾਨ ਉਹ ਬਾਅਦ ਵਿਚ ਕਰ ਸਕਦੇ ਹਨ। ਇਸ ਨਾਲ ਕਿਸਾਨਾਂ ਤੇ ਸੁਸਾਇਟੀਆਂ ਨੂੰ ਵੀ ਲਾਭ ਹੋਵੇਗਾ। ਇਸੇ ਤਰ੍ਹਾਂ ਜੇਲਾਂ ਵਿਚ ਵੀ ਮਲਟੀਪਰਪਜ਼ ਪੈਟਰੋਲ ਪੰਪ ਦੇ ਨਾਲ-ਨਾਲ ਹੋਰ ਖਾਣ ਪੀਣ ਦੀਆਂ ਸੁਵਿਧਾਵਾਂ ਆਦਿ ਦੇ ਆਊਟਲੈੱਟ ਖੋਲ੍ਹੇ ਜਾਣਗੇ, ਜਿੱਥੇ ਇਕ ਤਾਂ ਕੈਦੀਆਂ ਨੂੰ ਰੋਜ਼ਗਾਰ ਮਿਲੇਗਾ ਦੂਸਰਾ ਜੇਲਾਂ ਨੂੰ ਵੀ ਕਮਾਈ ਦਾ ਸਾਧਨ ਮਿਲੇਗਾ। ਰੰਧਾਵਾ ਨੇ ਕਿਹਾ ਕਿ ਅਜਿਹਾ ਪਹਿਲਾ ਮਲਟੀਪਰਪਜ਼ ਪੈਟਰੋਲ ਪੰਪ ਜਲਦ ਹੀ ਪਟਿਆਲਾ ਜੇਲ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਡੇਅਰੀ ਫਾਰਮਿੰਗ ਨੂੰ ਲੀਹਾਂ 'ਤੇ ਲਿਆਉਣ ਦੇ ਮਕਸਦ ਨਾਲ ਜਿੱਥੇ ਪਹਿਲਾਂ ਉਨ੍ਹਾਂ ਦੇ ਵਿਭਾਗ ਵੱਲੋਂ ਦੁੱਧ ਦੇ ਰੇਟ ਵਧਾਏ ਗਏ ਹਨ ਉੱਥੇ ਇਕ ਵਾਰ ਫਿਰ ਜਲਦ ਹੀ ਕਿਸਾਨਾਂ ਨੂੰ ਮਿਹਨਤ ਦਾ ਮੁੱਲ ਦਿਵਾਉਣ ਲਈ ਦੁੱਧ ਦੇ ਰੇਟ ਵਧਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮੁਹਾਲੀ ਦਾ ਵੇਰਕਾ ਮਿਲਕ ਪਲਾਂਟ ਕਿਸਾਨਾਂ ਨੂੰ ਪੂਰੇ ਦੇਸ਼ ਵਿਚ ਸਭ ਤੋਂ ਵੱਧ ਦੁੱਧ ਦਾ ਮੁੱਲ ਦੇ ਰਿਹਾ ਹੈ। ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਭੋਗਪੁਰ ਖੰਡ ਮਿੱਲ ਦੀ ਕਪੈਸਟੀ 1000 ਟਨ ਤੋਂ ਵਧਾ ਕੇ 3000 ਟਨ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਟਾਂਡਾ 'ਚ ਸਹਿਕਾਰੀ ਖੰਡ ਮਿੱਲਾਂ ਨਾਲ ਸਬੰਧਤ ਉਤਪਾਦਾਂ ਦਾ ਮਲਟੀਪਰਪਜ਼ ਸਟੋਰ ਖੋਲ੍ਹਣ ਦਾ ਐਲਾਨ ਵੀ ਕੀਤਾ। ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਟਾਂਡਾ ਫੇਰੀ ਲਈ ਕੈਬਨਿਟ ਮੰਤਰੀ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਇਸ ਮੌਕੇ ਗਿਲਜੀਆਂ ਨੇ ਕੈਬਨਿਟ ਮੰਤਰੀ ਰੰਧਾਵਾ ਨੂੰ ਸਨਮਾਨਤ ਕੀਤਾ।
ਟਰੀਟਮੈਂਟ ਪਲਾਂਟ ਦੇ ਪਾਣੀ ਦੀ ਖਾਮੀ ਕਰਕੇ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵੱਡੀ ਕਾਰਵਾਈ
NEXT STORY