ਜਲੰਧਰ (ਪੁਨੀਤ)-ਰੇਲ ਗੱਡੀਆਂ ਵਿਚ ਸਫ਼ਰ ਦੌਰਾਨ ਅਕਸਰ ਵੇਖਿਆ ਜਾਂਦਾ ਹੈ ਕਿ ਯਾਤਰੀ ਸੀਟਾਂ ਦੀ ਘਾਟ ਜਾਂ ਸਹੂਲਤ ਦੀ ਭਾਲ ਵਿਚ ਦਾਖ਼ਲੇ ਅਤੇ ਨਿਕਾਸੀ ਗੇਟਾਂ (ਦਰਵਾਜ਼ਿਆਂ) ਵਿਚ ਹੀ ਬੈਠ ਜਾਂਦੇ ਹਨ। ਇਹ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਹੈ, ਸਗੋਂ ਯਾਤਰੀਆਂ ਦੀ ਜਾਨ ਲਈ ਵੀ ਖ਼ਤਰਾ ਸਾਬਤ ਹੋ ਸਕਦਾ ਹੈ। ਦਰਵਾਜ਼ਿਆਂ ਵਿਚ ਬੈਠੇ ਯਾਤਰੀਆਂ ਕਾਰਨ ਰੇਲ ਗੱਡੀ ਵਿਚ ਚੜ੍ਹਨ ਅਤੇ ਉਤਰਨ ਵਾਲੇ ਯਾਤਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਲਈ ਜੋਖ਼ਮ ਵੀ ਰਹਿੰਦਾ ਹੈ। ਰੇਲਵੇ ਐਕਟ 1989 ਦੀ ਧਾਰਾ 156 ਅਤੇ 162 ਤਹਿਤ ਰੇਲ ਗੱਡੀ ਦੇ ਦਰਵਾਜ਼ਿਆਂ ਵਿਚ ਬੈਠਣਾ ਜੁਰਮ ਹੈ। ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਰੇਲਵੇ ਪ੍ਰਸ਼ਾਸਨ ਜੁਰਮਾਨਾ ਲਾ ਸਕਦਾ ਹੈ ਜਾਂ ਸਖ਼ਤ ਕਾਰਵਾਈ ਕਰ ਸਕਦਾ ਹੈ ਪਰ ਯਾਤਰੀਆਂ ਦੀ ਲਾਪ੍ਰਵਾਹੀ ਅਤੇ ਮਾੜੀ ਨਿਗਰਾਨੀ ਕਾਰਨ ਸਮੱਸਿਆ ਅਜੇ ਵੀ ਬਣੀ ਹੋਈ ਹੈ।
ਇਹ ਵੀ ਪੜ੍ਹੋ : ਹੋਲੇ-ਮਹੱਲੇ 'ਤੇ ਭੰਗ ਵੇਚਣ ਵਾਲਿਆਂ ਨੂੰ ਪੁਲਸ ਨੇ ਪਾ 'ਤੀਆਂ ਭਾਜੜਾਂ, ਨਾਲੀਆਂ 'ਚ ਡੋਲੀ ਭੰਗ (ਵੀਡੀਓ)

ਸਟੇਸ਼ਨ ’ਤੇ ਤਾਇਨਾਤ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ਼.) ਅਤੇ ਟ੍ਰੇਨਾਂ ਵਿਚ ਮੌਜੂਦ ਚੈਕਿੰਗ ਸਟਾਫ਼ ਯਾਤਰੀਆਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੰਦੇ ਹਨ, ਨਾਲ ਹੀ ਜੁਰਮਾਨੇ ਦਾ ਵੀ ਪ੍ਰਬੰਧ ਹੈ ਪਰ ਇਸ ਦੇ ਬਾਵਜੂਦ ਯਾਤਰੀ ਦਰਵਾਜ਼ਿਆਂ ਵਿਚ ਬੈਠਣ ਤੋਂ ਗੁਰੇਜ਼ ਨਹੀਂ ਕਰਦੇ। ਰੇਲਵੇ ਅਨੁਸਾਰ ਹਰ ਸਾਲ ਅਜਿਹੇ ਕਈ ਹਾਦਸੇ ਹੁੰਦੇ ਹਨ, ਜਿਨ੍ਹਾਂ ਵਿਚ ਯਾਤਰੀ ਰੇਲ ਗੱਡੀ ਵਿਚੋਂ ਡਿੱਗਣ ਜਾਂ ਹੋਰ ਹਾਦਸਿਆਂ ਕਾਰਨ ਆਪਣੀ ਜਾਨ ਗੁਆ ਦਿੰਦੇ ਹਨ, ਫਿਰ ਵੀ ਲੋਕ ਇਸ ਖ਼ਤਰੇ ਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਨਾਲ ਖੇਡਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਲਈ ਰੇਲਵੇ ਲਗਾਤਾਰ ਅਨਾਊਂਸਮੈਂਟ ਕਰਦਾ ਹੈ। ਦੱਸਿਆ ਜਾਂਦਾ ਹੈ ਕਿ ਦਰਵਾਜ਼ਿਆਂ ਵਿਚ ਬੈਠਣ ਤੋਂ ਬਚੋ, ਇਹ ਖ਼ਤਰਨਾਕ ਅਤੇ ਗੈਰ-ਕਾਨੂੰਨੀ ਹੈ। ਰੇਲ ਗੱਡੀ ਵਿਚ ਚੜ੍ਹਨ ਅਤੇ ਉਤਰਨ ਵਾਲੇ ਯਾਤਰੀਆਂ ਲਈ ਰਸਤਾ ਖੁੱਲ੍ਹਾ ਰੱਖੋ। ਬਜ਼ੁਰਗਾਂ, ਔਰਤਾਂ ਅਤੇ ਦਿਵਿਆਂਗ ਯਾਤਰੀਆਂ ਨੂੰ ਪਹਿਲ ਦਿਓ। ਰੇਲਵੇ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੀ ਯਾਤਰਾ ਨੂੰ ਸੁਰੱਖਿਅਤ ਬਣਾਓ। ਯਾਤਰੀਆਂ ਦੀ ਲਾਪ੍ਰਵਾਹੀ ਨਾ ਸਿਰਫ਼ ਉਨ੍ਹਾਂ ਦੀ ਜਾਨ ਲਈ ਖ਼ਤਰਾ ਪੈਦਾ ਕਰ ਸਕਦੀ ਹੈ, ਸਗੋਂ ਪੂਰੀ ਰੇਲ ਯਾਤਰਾ ਲਈ ਵੀ ਖ਼ਤਰਾ ਬਣ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਨੂੰ ਖ਼ੁਦ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ, ਨਹੀਂ ਤਾਂ ਭਵਿੱਖ ਵਿਚ ਉਨ੍ਹਾਂ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : 17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਲਏ ਜਾਣਗੇ ਵੱਡੇ ਫ਼ੈਸਲੇ

ਬਜ਼ੁਰਗ, ਔਰਤਾਂ ਅਤੇ ਦਿਵਿਆਂਗ ਹੁੰਦੇ ਹਨ ਪ੍ਰਭਾਵਿਤ
ਦਰਵਾਜ਼ਿਆਂ ਵਿਚ ਬੈਠੇ ਯਾਤਰੀ ਨਾ ਸਿਰਫ਼ ਆਪਣੀ, ਸਗੋਂ ਦੂਜੇ ਯਾਤਰੀਆਂ ਦੀ ਵੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਰੇਲ ਗੱਡੀ ਵਿਚ ਚੜ੍ਹਨ ਅਤੇ ਉਤਰਨ ਸਮੇਂ ਅਕਸਰ ਬਹਿਸ ਅਤੇ ਝਗੜੇ ਤਕ ਦੀ ਨੌਬਤ ਆ ਜਾਂਦੀ ਹੈ। ਖਾਸ ਕਰਕੇ ਬਜ਼ੁਰਗ, ਔਰਤਾਂ ਅਤੇ ਦਿਵਿਆਂਗ ਯਾਤਰੀ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ, ਜਿਨ੍ਹਾਂ ਨੂੰ ਪਹਿਲਾਂ ਹੀ ਰੇਲ ਗੱਡੀ ਵਿਚ ਚੜ੍ਹਨ ਅਤੇ ਉਤਰਨ ਵਿਚ ਮੁਸ਼ਕਲ ਆਉਂਦੀ ਹੈ। ਰੇਲਵੇ ਦੇ ਰਿਕਾਰਡ ਦੱਸਦੇ ਹਨ ਕਿ ਦਰਵਾਜ਼ਿਆਂ ਵਿਚ ਬੈਠਣ ਕਾਰਨ ਕਈ ਹਾਦਸੇ ਹੋ ਚੁੱਕੇ ਹਨ। ਕਈ ਵਾਰ ਰੇਲ ਗੱਡੀ ਦੀ ਰਫ਼ਤਾਰ ਤੇਜ਼ ਹੋਣ ’ਤੇ ਯਾਤਰੀ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ ਜਾਂ ਉਨ੍ਹਾਂ ਦੀ ਜਾਨ ਤਕ ਚਲੀ ਜਾਂਦੀ ਹੈ। ਰੇਲਵੇ ਵੱਲੋਂ ਯਾਤਰੀਆਂ ਨੂੰ ਲਗਾਤਾਰ ਜਾਗਰੂਕ ਕੀਤਾ ਜਾਂਦਾ ਹੈ ਪਰ ਫਿਰ ਵੀ ਇਸ ਖ਼ਤਰੇ ਤੋਂ ਬਚਣ ਦੀ ਬਜਾਏ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਤੋਂ ਵੱਡੀ ਖ਼ਬਰ: ਇੰਡੀਆ ਦੇ ਟਰਾਫੀ ਜਿੱਤਣ ਮਗਰੋਂ ਗੋਲ਼ੀਆਂ ਨਾਲ ਕੰਬਿਆ ਇਹ ਇਲਾਕਾ, ਇੱਧਰ-ਉੱਧਰ ਭੱਜੇ ਲੋਕ
ਖ਼ਤਰੇ ਤੋਂ ਬਚਾਉਣ ਲਈ ਰੇਲਵੇ ਕਰ ਰਿਹਾ ਜਾਗਰੂਕ
ਰੇਲਵੇ ਪ੍ਰਸ਼ਾਸਨ ਯਾਤਰੀਆਂ ਨੂੰ ਇਸ ਖ਼ਤਰੇ ਤੋਂ ਬਚਾਉਣ ਲਈ ਸਟੇਸ਼ਨਾਂ ’ਤੇ ਅਨਾਊਂਸਮੈਂਟ, ਰੇਲ ਗੱਡੀਆਂ ਦੇ ਅੰਦਰ ਜਾਗਰੂਕਤਾ ਪੋਸਟਰ ਅਤੇ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਵਧਾ ਰਿਹਾ ਹੈ। ਰੇਲਵੇ ਅਧਿਕਾਰੀਆਂ ਅਨੁਸਾਰ ਕਈ ਵਾਰ ਅਚਾਨਕ ਝਟਕਾ ਲੱਗਣ ਜਾਂ ਰੇਲ ਗੱਡੀ ਦੀ ਰਫਤਾਰ ਵਧਣ ’ਤੇ ਦਰਵਾਜ਼ੇ ਵਿਚ ਬੈਠੇ ਯਾਤਰੀ ਆਪਣਾ ਸੰਤੁਲਨ ਗੁਆ ਬੈਠਦੇ ਹਨ ਅਤੇ ਉਨ੍ਹਾਂ ਦੇ ਡਿੱਗਣ ਦਾ ਖ਼ਤਰਾ ਰਹਿੰਦਾ ਹੈ। ਯਾਤਰੀਆਂ ਨੂੰ ਸਮਝਾਉਣ ਲਈ ਆਰ. ਪੀ. ਐੱਫ. ਸਟੇਸ਼ਨਾਂ ’ਤੇ ਮੁਹਿੰਮ ਚਲਾ ਰਹੀ ਹੈ ਪਰ ਲੋਕਾਂ ਨੂੰ ਖ਼ੁਦ ਵੀ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਹੋਣਾ ਪਵੇਗਾ। ਰੇਲ ਗੱਡੀ ਦੇ ਦਰਵਾਜ਼ਿਆਂ ਅਤੇ ਫੁੱਟਬੋਰਡਾਂ ’ਤੇ ਬੈਠਣਾ ਸਖ਼ਤੀ ਨਾਲ ਮਨ੍ਹਾ ਹੈ, ਇਹ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੈ, ਜਿਸ ਦੇ ਨਤੀਜੇ ਵਜੋਂ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਰੇਲਵੇ ਸਟਾਫ਼ ਅਤੇ ਆਰ. ਪੀ. ਐੱਫ. ਨੂੰ ਅਜਿਹੇ ਯਾਤਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਸਫ਼ਰ ਦੌਰਾਨ ਰੇਲ ਗੱਡੀ ਦੇ ਅੰਦਰ ਸੁਰੱਖਿਅਤ ਬੈਠਣ ਦੀ ਹਦਾਇਤ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਖ਼ਤਰਨਾਕ ਬੀਮਾਰੀ ਨੂੰ ਲੈ ਕੇ ਸਿਹਤ ਮਹਿਕਮਾ ਚੌਕਸ, ਐਡਵਾਈਜ਼ਰੀ ਕਰ 'ਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਯੁੱਧ ਨਸ਼ੇ ਵਿਰੁੱਧ': ਜਲੰਧਰ 'ਚ 400 ਪੁਲਸ ਮੁਲਾਜ਼ਮਾਂ ਦੇ ਨਾਲ 17 ਥਾਵਾਂ ’ਤੇ ਕੀਤੀ ਛਾਪੇਮਾਰੀ, 18 ਗ੍ਰਿਫ਼ਤਾਰ
NEXT STORY