ਜਲੰਧਰ (ਖੁਰਾਣਾ)— ਪੰਜਾਬ ਮੀਡੀਅਮ ਇੰਡਸਟਰੀਅਲ ਬੋਰਡ ਦੇ ਮੈਂਬਰ ਅਤੇ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਨੇ ਪਿਛਲੇ ਦਿਨੀਂ ਨਗਰ ਨਿਗਮ ਕੰਪਲੈਕਸ ਵਿਖੇ ਜਾ ਕੇ ਖੂਬ ਹੰਗਾਮਾ ਕੀਤਾ ਸੀ ਅਤੇ ਬਿਲਡਿੰਗ ਮਹਿਕਮੇ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਐੱਮ. ਟੀ. ਪੀ. ਪਰਮਪਾਲ ਸਿੰਘ ਨਾਲ ਵੀ ਦੁਰਵਿਵਹਾਰ ਕੀਤਾ ਸੀ। ਇਸ ਘਟਨਾ ਦੇ ਵਿਰੋਧ ਵਿਚ ਜਿੱਥੇ ਸਿਆਸੀ ਹਲਕਿਆਂ 'ਚ ਕਾਫ਼ੀ ਬਵਾਲ ਮਚਿਆ, ਉਥੇ ਹੀ ਨਿਗਮ ਯੂਨੀਅਨਾਂ 'ਚ ਵੀ ਰੋਸ ਪੈਦਾ ਹੋ ਗਿਆ ਅਤੇ ਉਨ੍ਹਾਂ ਨੇ ਸ਼ਹਿਰ ਦੀਆਂ ਸਾਰੀਆਂ ਸੇਵਾਵਾਂ ਠੱਪ ਕਰਨ ਦਾ ਅਲਟੀਮੇਟਮ ਦੇ ਦਿੱਤਾ।
ਇਹ ਵੀ ਪੜ੍ਹੋ: ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ
ਮਾਮਲਾ ਕਾਫ਼ੀ ਵਿਗੜਦਾ ਵੇਖ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਨੇ ਅੱਜ ਨਿਗਮ ਸਟਾਫ਼ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗ ਲਈ। ਇਕ ਸਥਾਨਕ ਹੋਟਲ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਮਲਵਿੰਦਰ ਲੱਕੀ ਨੇ ਸਪੱਸ਼ਟ ਰੂਪ 'ਚ ਕਿਹਾ ਕਿ ਜਾਣੇ-ਅਣਜਾਣੇ ਕਈ ਗਲਤੀਆਂ ਹੋ ਜਾਂਦੀਆਂ ਹਨ। ਮੇਰਾ ਇਰਾਦਾ ਕਿਸੇ ਦਾ ਦਿਲ ਦੁਖਾਉਣ ਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਐੱਮ. ਟੀ. ਪੀ. ਪਰਮਪਾਲ ਸਿੰਘ ਇਕ ਚੰਗੇ ਅਧਿਕਾਰੀ ਹਨ ਪਰ ਕੋਰੋਨਾ ਕਾਲ ਕਾਰਣ ਨਿਗਮ ਤੋਂ ਉਨ੍ਹਾਂ ਦੀ ਬਿਲਡਿੰਗ ਦੀ ਫਾਈਲ ਪ੍ਰੋਸੈਸਿੰਗ 'ਚ ਦੇਰੀ ਹੋਈ। ਉਨ੍ਹਾਂ ਨੇ ਲਿਖਤੀ ਰੂਪ 'ਚ ਨਗਰ ਨਿਗਮ ਦੇ ਸਾਰੇ ਅਧਿਕਾਰੀਆਂ ਅਤੇ ਸਟਾਫ਼ ਮੈਂਬਰਾਂ ਤੋਂ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਹ ਇਸ ਘਟਨਾ ਲਈ ਸ਼ਰਮਿੰਦਾ ਹਨ ਅਤੇ ਹੁਣ ਇਸ ਸਬੰਧੀ ਉਨ੍ਹਾਂ ਦੇ ਕਿਸੇ ਨਾਲ ਕੋਈ ਮਤਭੇਦ ਨਹੀਂ ਹਨ। ਜ਼ਿਕਰਯੋਗ ਹੈ ਕਿ ਦੁਪਹਿਰ ਨੂੰ ਮਲਵਿੰਦਰ ਲੱਕੀ ਨੇ ਪ੍ਰੈੱਸ ਕਾਨਫਰੰਸ ਆਯੋਜਿਤ ਕਰ ਕੇ ਜਨਤਕ ਤੌਰ 'ਤੇ ਮੁਆਫ਼ੀ ਮੰਗੀ ਪਰ ਦੇਰ ਸ਼ਾਮ ਮਲਵਿੰਦਰ ਲੱਕੀ ਵਿਰੁੱਧ ਜਲੰਧਰ ਪੁਲਸ ਨੇ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਹਰਿਆਣਾ ਸਰਹੱਦ 'ਤੇ ਰੋਕੇ ਜਾਣ ਨੂੰ ਲੈ ਕੇ ਕੈਪਟਨ ਦੀ ਖੱਟੜ ਨੂੰ ਖ਼ਾਸ ਅਪੀਲ
ਜ਼ਿਕਰਯੋਗ ਹੈ ਕਿ ਨਿਗਮ ਕੰਪਲੈਕਸ 'ਚ ਆ ਕੇ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਵਿਚ ਨਿਗਮ ਯੂਨੀਅਨਾਂ ਦੇ ਨੇਤਾਵਾਂ ਨੇ ਨਿਗਮ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ਸੀ, ਜਿਸ 'ਚ ਮੰਗ ਕੀਤੀ ਗਈ ਸੀ ਕਿ 48 ਘੰਟਿਆਂ ਦੇ ਅੰਦਰ ਲੱਕੀ 'ਤੇ ਪੁਲਸ ਕੇਸ ਦਰਜ ਕਰਵਾਇਆ ਜਾਵੇ। ਐੱਮ. ਟੀ. ਪੀ. ਪਰਮਪਾਲ ਤੋਂ ਲਿਖਤੀ ਸ਼ਿਕਾਇਤ ਅਤੇ ਯੂਨੀਅਨਾਂ ਤੋਂ ਮੰਗ-ਪੱਤਰ ਲੈਣ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਪੁਲਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਮਲਵਿੰਦਰ ਲੱਕੀ ਵਿਰੁੱਧ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ, ਜਿਸ ਦੇ ਆਧਾਰ 'ਤੇ ਅੱਜ ਪੁਲਸ ਕਮਿਸ਼ਨਰੇਟ ਦੇ ਡੀ. ਸੀ. ਪੀ. ਗੁਰਮੀਤ ਸਿੰਘ ਨੇ ਲੱਕੀ 'ਤੇ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਲੱਕੀ 'ਤੇ ਸਰਕਾਰੀ ਡਿਊਟੀ ਵਿਚ ਰੁਕਾਵਟ ਪਾਉਣ ਵਰਗੀਆਂ ਕਾਨੂੰਨੀ ਧਾਰਾਵਾਂ ਲਗਾਈਆਂ ਗਈਆਂ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਵਿਖੇ ਸੈਲੂਨ 'ਚ ਦਿਨ-ਦਿਹਾੜੇ ਗੈਂਗਵਾਰ, ਗੋਲੀਆਂ ਮਾਰ ਨੌਜਵਾਨ ਦਾ ਕੀਤਾ ਕਤਲ

ਪਹਿਲਾਂ ਕਿਹਾ-'ਹੂ ਇਜ਼ ਪਰਗਟ', ਹੁਣ ਕਿਹਾ-'ਪਰਗਟ ਮੇਰੇ ਵੱਡੇ ਭਰਾ'
ਮਲਵਿੰਦਰ ਲੱਕੀ ਨੇ ਬੀਤੇ ਦਿਨ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਪਰਗਟ ਸਿੰਘ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਕੈਂਟ ਖੇਤਰ ਦੇ ਵਿਧਾਇਕ ਹੋਣ ਤੋਂ ਇਲਾਵਾ ਉਹ ਮੇਰੇ ਵੱਡੇ ਭਰਾ ਵੀ ਹਨ। ਸਾਡੇ 'ਚ ਕੋਈ ਮਤਭੇਦ ਨਹੀਂ ਹੈ। ਕੈਂਟ ਹਲਕੇ ਦੇ ਵਿਕਾਸ ਲਈ ਅਸੀਂ ਉਨ੍ਹਾਂ ਦੇ ਿਦਸ਼ਾ-ਨਿਰਦੇਸ਼ਾਂ ਮੁਤਾਬਕ ਕੰਮ ਕਰਾਂਗੇ। ਕਾਂਗਰਸ ਦੇ ਪ੍ਰੋਟੋਕਾਲ ਮੁਤਾਬਕ ਪਰਗਟ ਸਾਡੇ ਸੀਨੀਅਰ ਲੀਡਰ ਹਨ ਅਤੇ ਹਮੇਸ਼ਾ ਰਹਿਣਗੇ।
ਇਹ ਵੀ ਪੜ੍ਹੋ: ਆਦਮਪੁਰ ਏਅਰਪੋਰਟ ਤੋਂ 38 ਯਾਤਰੀਆਂ ਨੂੰ ਲੈ ਕੇ ਮੁੰਬਈ ਲਈ ਉੱਡਿਆ ਜਹਾਜ਼, ਅੱਜ ਫਲਾਈਟ ਰਹੇਗੀ ਰੱਦ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਲੱਕੀ ਨੇ ਕਿਹਾ ਸੀ 'ਹੂ ਇਜ਼ ਪਰਗਟ' ਅਤੇ ਦੋਸ਼ ਲਗਾਏ ਸਨ ਕਿ ਪਰਗਟ ਸਿੰਘ ਦੇ ਕਹਿਣ 'ਤੇ ਹੀ ਉਨ੍ਹਾਂ ਦੀ ਬਿਲਡਿੰਗ ਦੀ ਫਾਈਲ ਰੋਕੀ ਗਈ ਹੈ। ਇਸ ਤੋਂ ਪਹਿਲਾਂ ਵੀ ਲੱਕੀ ਨੇ ਪਰਗਟ 'ਤੇ ਜ਼ਮੀਨਾਂ ਦੇ ਕਬਜ਼ੇ ਸਬੰਧੀ ਕਈ ਗੰਭੀਰ ਦੋਸ਼ ਲਗਾਏ ਸਨ। ਪਤਾ ਲੱਗਾ ਹੈ ਕਿ ਜਦੋਂ ਵਿਧਾਇਕ ਪਰਗਟ ਸਿੰਘ ਨੇ ਇਹ ਮਾਮਲਾ ਚੰਡੀਗੜ੍ਹ ਪਹੁੰਚਾਇਆ ਅਤੇ ਕਾਂਗਰਸ ਦੇ ਵੱਡੇ ਨੇਤਾਵਾਂ ਨਾਲ ਗੱਲ ਕੀਤੀ ਤਾਂ ਲੱਕੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਜਿਸ ਕਾਰਣ ਅੱਜ ਉਨ੍ਹਾਂ ਨੇ ਵਿਧਾਇਕ ਪਰਗਟ ਸਿੰਘ ਨੂੰ ਫੋਨ ਕਰ ਕੇ ਵੀ ਮੁਆਫ਼ੀ ਮੰਗੀ।
ਵ੍ਹਟਸਐਪ 'ਤੇ ਨਹੀਂ, ਕਮਿਸ਼ਨਰ ਦਫ਼ਤਰ ਆ ਕੇ ਮੁਆਫ਼ੀ ਮੰਗੇ ਲੱਕੀ
ਇਸ ਦੌਰਾਨ ਨਗਰ ਨਿਗਮ ਯੂਨੀਅਨ ਦੇ ਨੇਤਾ ਮਨਦੀਪ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਮਲਵਿੰਦਰ ਲੱਕੀ ਨੇ ਨਿਗਮ ਕੰਪਲੈਕਸ ਵਿਚ ਜਨਤਕ ਤੌਰ 'ਤੇ ਦੁਰਵਿਵਹਾਰ ਕਰਨ ਤੋਂ ਬਾਅਦ ਵ੍ਹਟਸਐਪ 'ਤੇ ਅਤੇ ਹੋਟਲ 'ਚ ਬੈਠ ਕੇ ਮੁਆਫ਼ੀ ਮੰਗੀ ਹੈ, ਉਹ ਨਿਗਮ ਸਟਾਫ ਨੂੰ ਬਿਲਕੁਲ ਮਨਜ਼ੂਰ ਨਹੀਂ ਹੈ। ਉਹ ਨਿਗਮ ਆ ਕੇ ਕਮਿਸ਼ਨਰ ਦਫਤਰ ਵਿਚ ਯੂਨੀਅਨ ਨੇਤਾਵਾਂ ਸਾਹਮਣੇ ਮੁਆਫੀ ਮੰਗਣ ਤਾਂ ਹੀ ਮਾਮਲਾ ਹੱਲ ਕਰਨ 'ਤੇ ਵਿਚਾਰ ਹੋਵੇਗਾ। ਹੁਣ ਵੇਖਣਾ ਹੈ ਕਿ ਇਹ ਮਾਮਲਾ ਕਿਥੇ ਜਾ ਕੇ ਖ਼ਤਮ ਹੁੰਦਾ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਰਾਜਾ ਵੜਿੰਗ ਨੇ ਡਾ. ਧਰਮਵੀਰ ਗਾਂਧੀ ਦੀ ਪੋਸਟ ਨੂੰ ਕੀਤਾ ਨਕਲ, ਹੋਏ ਟਰੋਲ
ਕਿਸਾਨਾਂ ਦੇ ਹੱਕ 'ਚ ਆਏ ਰਾਜਾ ਵੜਿੰਗ ਨੇ ਡਾ. ਧਰਮਵੀਰ ਗਾਂਧੀ ਦੀ ਪੋਸਟ ਨੂੰ ਕੀਤਾ ਨਕਲ, ਹੋਏ ਟਰੋਲ
NEXT STORY