ਜਲੰਧਰ (ਵਰੁਣ)– ਕਿਸ਼ਨਪੁਰਾ ਚੌਂਕ ਨੇੜਿਓਂ ਕਾਬੂ ਕੀਤੇ ਕਮਰਸ਼ੀਅਲ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਤੋਂ ਪੁੱਛਗਿੱਛ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਮੁਲਜ਼ਮਾਂ ਨੇ ਕਬੂਲਿਆ ਕਿ ਉਹ ਜਲੰਧਰ ਸਮੇਤ ਹੁਸ਼ਿਆਰਪੁਰ, ਲੁਧਿਆਣਾ, ਭੋਗਪੁਰ, ਗੋਰਾਇਆ ਆਦਿ ਵਿਚੋਂ 24 ਕਮਰਸ਼ੀਅਲ ਗੱਡੀਆਂ ਚੋਰੀ ਕਰਕੇ ਉਨ੍ਹਾਂ ਦੇ ਪੁਰਜ਼ੇ ਵੱਖ-ਵੱਖ ਕਰਕੇ ਵੇਚ ਚੁੱਕੇ ਹਨ। ਕਾਬੂ ਦੋਵਾਂ ਮੁਲਜ਼ਮਾਂ ਨੂੰ ਪੁਲਸ ਨੇ ਤਿੰਨ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਗਿਣਤੀ ਕਾਫ਼ੀ ਘੱਟ ਹੈ ਕਿਉਂਕਿ ਉਕਤ ਗਿਰੋਹ ਪਿਛਲੇ 4 ਸਾਲਾਂ ਤੋਂ ਐਕਟਿਵ ਸੀ। ਗਿਰੋਹ ਦੇ ਜਿਹੜੇ 2 ਚੋਰਾਂ ਦੀ ਗ੍ਰਿਫ਼ਤਾਰੀ ਵਿਖਾਈ ਗਈ ਹੈ, ਉਨ੍ਹਾਂ ਦੀ ਪਛਾਣ ਹਰਪਾਲ ਲਾਲ ਉਰਫ਼ ਬੱਲੂ ਪੁੱਤਰ ਰਤਨ ਲਾਲ ਨਿਵਾਸੀ ਸੰਤੋਖਪੁਰਾ ਅਤੇ ਵਿਜੇ ਕੁਮਾਰ ਪੁੱਤਰ ਬਾਬੂ ਰਾਮ ਨਿਵਾਸੀ ਵਿਜੇ ਨਗਰ ਵਜੋਂ ਹੋਈ ਹੈ।
ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਰਾਤ ਸਮੇਂ ਉਨ੍ਹਾਂ ਥਾਵਾਂ ਦੀ ਰੇਕੀ ਕਰਦੇ ਸਨ, ਜਿੱਥੇ ਕਮਰਸ਼ੀਅਲ ਗੱਡੀਆਂ ਖੜ੍ਹੀਆਂ ਹੁੰਦੀਆਂ ਸਨ। ਫ਼ਰਾਰ ਚੱਲ ਰਹੇ ਗਿਰੋਹ ਦੇ 2 ਮੈਂਬਰ ਰੇਕੀ ਤੋਂ ਬਾਅਦ ਉਸੇ ਜਗ੍ਹਾ ’ਤੇ ਜਾਂਦੇ ਸਨ ਅਤੇ ਚਾਬੀ ਲਾ ਕੇ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਸਟਾਰਟ ਕਰਕੇ ਫਰਾਰ ਹੋ ਜਾਂਦੇ ਸਨ। ਹੁਣ ਤੱਕ ਦੋਵਾਂ ਮੁਲਜ਼ਮਾਂ ਨੇ 24 ਗੱਡੀਆਂ ਚੋਰੀ ਕਰਨ ਦੀ ਗੱਲ ਕਬੂਲੀ ਹੈ। ਗਿਰੋਹ ਦੇ ਮੈਂਬਰ ਗੱਡੀਆਂ ਦੇ ਇੰਜਣ ਨੰਬਰ ਮਿਟਾ ਕੇ ਅੱਗੇ ਕਬਾੜੀਏ ਨੂੰ ਵੇਚਦੇ ਸਨ ਤਾਂ ਕਿ ਇੰਜਣ ਨੰਬਰ ਤੋਂ ਗੱਡੀ ਟਰੇਸ ਨਾ ਹੋ ਸਕੇ। ਮੁਲਜ਼ਮ ਗੈਸ ਕਟਰ ਨਾਲ ਚੋਰੀ ਕੀਤੀਆਂ ਗੱਡੀਆਂ ਦੇ ਪੁਰਜ਼ੇ ਕੱਟ ਕੇ ਵੇਚਦੇ ਸਨ। ਪੁਲਸ ਨੇ ਗੈਸ ਕਟਰ ਅਤੇ ਸਿਲੰਡਰ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: ਦੀਵਾਲੀ, ਗੁਰਪੁਰਬ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਸਬੰਧੀ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਹਰਪਾਲ ਲਾਲ ਅਤੇ ਵਿਜੇ ਕੋਲੋਂ ਪੁੱਛਗਿੱਛ ਤੋਂ ਬਾਅਦ ਜਦੋਂ ਪ੍ਰਤਾਪਪੁਰਾ ਦੇ ਕਬਾੜੀਏ ਦੇ ਗੋਦਾਮ ਵਿਚ ਰੇਡ ਕੀਤੀ ਗਈ ਤਾਂ ਉਥੋਂ ਅਮਨ ਨਗਰ ਵਿਚੋਂ ਚੋਰੀ ਕੀਤੀ ਟਾਟਾ 207 ਦੇ ਵੀ ਪੁਰਜ਼ੇ ਮਿਲੇ ਹਨ। ਉਸ ਦੇ ਇੰਜਣ ਤੋਂ ਨੰਬਰ ਮਿਟਾ ਦਿੱਤਾ ਗਿਆ ਸੀ ਪਰ ਚੈਸੀ ਨੰਬਰ ਤੋਂ ਗੱਡੀ ਦੀ ਪਛਾਣ ਕਰ ਲਈ ਗਈ। ਪੁਲਸ ਨੂੰ ਹੁਣ ਤੱਕ 3 ਗੱਡੀਆਂ ਦੇ ਪੁਰਜ਼ੇ ਮਿਲੇ ਹਨ, ਜਦੋਂ ਕਿ ਬਾਕੀ ਗੱਡੀਆਂ ਦੇ ਪੁਰਜ਼ੇ ਕਬਾੜੀਆ ਵੇਚ ਚੁੱਕਾ ਹੈ। ਚੋਰੀ ਦੇ ਵਾਹਨਾਂ ਦੇ ਪੁਰਜ਼ੇ ਖਰੀਦਣ ਵਾਲੇ ਕਬਾੜੀਏ ਕੋਲੋਂ ਸੀ. ਆਈ. ਏ. ਸਟਾਫ਼-1 ਵਿਚ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਫ਼ਰਾਰ 2 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਲਸ ਨਹੀਂ ਫੜ ਰਹੀ ਸੀ ਤਾਂ ਪੀੜਤ ਨੇ ਆਪਣੇ ਵਰਕਰਾਂ ਨੂੰ ਚੌਂਕਾਂ ’ਚ ਕਰ ਦਿੱਤਾ ਸੀ ਖੜ੍ਹਾ
ਪ੍ਰਸ਼ਾਂਤ ਗੰਭੀਰ ਨੇ ਦੱਸਿਆ ਕਿ ਮਈ ਮਹੀਨੇ ਉਨ੍ਹਾਂ ਦੀ ਵੀ ਟਾਟਾ 207 ਚੋਰੀ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਕੋਈ ਸੁਣਵਾਈ ਨਾ ਹੋਈ। ਹਾਲਾਂਕਿ ਪੁਲਸ ਨੇ ਕੇਸ ਦਰਜ ਕਰ ਲਿਆ ਸੀ ਪਰ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗਾ। ਅਜਿਹੇ ਵਿਚ ਉਨ੍ਹਾਂ ਏ. ਸੀ. ਪੀ. ਨਾਰਥ ਨੂੰ ਵੀ ਮੰਗ-ਪੱਤਰ ਦਿੱਤਾ ਸੀ ਪਰ ਸੁਰਾਗ ਨਾ ਲੱਗਣ ’ਤੇ ਉਨ੍ਹਾਂ ਆਪਣੇ ਵਰਕਰਾਂ ਦੀਆਂ 2-2 ਦੀਆਂ ਟੀਮਾਂ ਬਣਾ ਕੇ ਵੱਖ-ਵੱਖ ਚੌਂਕਾਂ ਵਿਚ ਖੜ੍ਹਾ ਕਰ ਦਿੱਤਾ। ਵਰਕਰਾਂ ਨੂੰ ਚੋਰਾਂ ਦੀ ਮਹਿੰਦਰਾ ਮੈਕਸ ਗੱਡੀ ਦੀਆਂ ਤਸਵੀਰਾਂ ਵ੍ਹਟਸਐਪ ’ਤੇ ਪਾ ਦਿੱਤੀਆਂ ਗਈਆਂ ਤਾਂ ਕਿ ਉਹ ਚੋਰਾਂ ਦੀ ਪਛਾਣ ਕਰ ਸਕਣ।
ਦੋਆਬਾ ਚੌਕ ’ਚ ਖੜ੍ਹੀ ਕੀਤੀ ਇਕ ਟੀਮ ਨੇ ਚੋਰਾਂ ਦੀ ਗੱਡੀ ਪਛਾਣ ਲਈ, ਜਿਸ ਤੋਂ ਬਾਅਦ ਉਨ੍ਹਾਂ ਪ੍ਰਸ਼ਾਂਤ ਗੰਭੀਰ ਨੂੰ ਸੂਚਨਾ ਦਿੱਤੀ। ਸ਼੍ਰੀ ਗੰਭੀਰ ਵੀ ਦੋਆਬਾ ਚੌਕ ਤੋਂ ਕਿਸ਼ਨਪੁਰਾ ਚੌਕ ਵੱਲ ਜਾ ਰਹੀ ਚੋਰਾਂ ਦੀ ਗੱਡੀ ਦੇ ਪਿੱਛੇ ਲੱਗ ਗਏ, ਜਿਸ ਤੋਂ ਬਾਅਦ ਉਨ੍ਹਾਂ ਉਕਤ ਗੱਡੀ ਨੂੰ ਕਿਸ਼ਨਪੁਰਾ ਚੌਕ ਨੇੜੇ ਘੇਰ ਲਿਆ, ਜਿਸ ਵਿਚੋਂ 2 ਚੋਰ ਛਾਲ ਮਾਰ ਕੇ ਭੱਜ ਗਏ, ਜਦੋਂ ਕਿ ਹਰਪਾਲ ਅਤੇ ਵਿਜੇ ਨੂੰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵਾਪਰੇ ਭਿਆਨਕ ਹਾਦਸੇ ਨੇ ਖੋਹੀਆਂ ਘਰ ਦੀਆਂ ਖ਼ੁਸ਼ੀਆਂ, 11ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਦੀ ਮੌਤ
ਉਦਯੋਗਪਤੀ ਵੀ ਚੋਰਾਂ ਤੋਂ ਹੋ ਚੁੱਕੇ ਸਨ ਪ੍ਰੇਸ਼ਾਨ: ਪ੍ਰਸ਼ਾਂਤ ਗੰਭੀਰ
ਭਾਜਪਾ ਆਗੂ ਪ੍ਰਸ਼ਾਂਤ ਗੰਭੀਰ ਨੇ ਦੱਸਿਆਕਿ ਇਸ ਚੋਰ ਗਿਰੋਹ ਤੋਂ ਉਦਯੋਗਪਤੀ ਵੀ ਪ੍ਰੇਸ਼ਾਨ ਹੋ ਗਏ ਸਨ ਕਿਉਂਕਿ ਸ਼ਹਿਰ ਵਿਚੋਂ ਕਈ ਕਮਰਸ਼ੀਅਲ ਗੱਡੀਆਂ ਚੋਰੀ ਹੋ ਚੁੱਕੀਆਂ ਸਨ। ਮਈ 2022 ਨੂੰ ਉਨ੍ਹਾਂ ਦੀ ਵੀ ਗੱਡੀ ਹਰਗੋਬਿੰਦ ਨਗਰ ਵਿਚੋਂ ਚੋਰੀ ਹੋਈ ਸੀ। ਦੋਸ਼ ਲਾਏ ਜਾ ਰਹੇ ਹਨ ਕਿ ਮਿੰਦਾ ਨਾਂ ਦੇ ਕਬਾੜੀਏ ਨੂੰ ਸੀ. ਆਈ. ਏ. ਸਟਾਫ ਵਿਚ ਵੀ. ਆਈ. ਪੀ. ਟਰੀਟਮੈਂਟ ਦਿੱਤਾ ਜਾ ਰਿਹਾ ਹੈ, ਜਦੋਂ ਕਿ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇ ਤਾਂ ਪੁਲਸ ਹੋਰ ਪੁਰਜ਼ਿਆਂ ਨੂੰ ਰਿਕਵਰ ਕਰ ਸਕਦੀ ਹੈ। ਪੁਲਸ ਪਾਰਦਰਸ਼ੀ ਇਨਵੈਸਟੀਗੇਸ਼ਨ ਕਰ ਕੇ ਇੰਜਣ, ਚੈਸੀ, ਗੱਡੀਆਂ ਵਿਚੋਂ ਨਿਕਲਣ ਵਾਲਾ ਤਾਂਬਾ, ਟਾਇਰ ਅਤੇ ਜਿਹੜੇ ਵੀ ਵੱਖ-ਵੱਖ ਪੁਰਜ਼ੇ ਕੱਢ ਕੇ ਅੱਗੇ ਵੇਚੇ ਜਾਂਦੇ ਸਨ, ਉਨ੍ਹਾਂ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕਰੇ, ਜਿਹੜੇ ਰੁਟੀਨ ਵਿਚ ਕਬਾੜੀਏ ਕੋਲੋਂ ਪੁਰਜ਼ੇ ਖ਼ਰੀਦਦੇ ਹਨ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ DGP ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ, ਕਿਹਾ-ਗਤੀਵਿਧੀਆਂ ਦੀ ਹੋਵੇ ਜਾਂਚ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੁਣ ਤੁਸੀਂ ਵੀ ਲੈ ਸਕਦੇ ਹੋ ਕੈਨੇਡਾ ਦੀ PR, PNP ਪ੍ਰੋਗਰਾਮ ਦੇ ਆ ਰਹੇ ਵਧੀਆ ਨਤੀਜੇ
NEXT STORY