ਜਲੰਧਰ (ਮਹੇਸ਼)— ਰਾਮਾ ਮੰਡੀ ਖੇਤਰ ਦਾ ਕਾਂਗਰਸੀ ਕੌਂਸਲਰ ਮਨਦੀਪ ਕੁਮਾਰ ਜੱਸਲ ਦੇ ਪੀ. ਏ. ਰਾਜ ਕੁਮਾਰ ਦੇ ਘਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ 9 ਹਜ਼ਾਰ ਰੁਪਏ ਦੀ ਨਕਦੀ, 7-8 ਘੜੀਆਂ, ਚਾਂਦੀ ਦੇ ਗਹਿਣੇ ਤੇ ਹੋਰ ਸਾਮਾਨ ਚੋਰੀ ਕਰ ਲਿਆ। ਬਾਬਾ ਬੁੱਢਾ ਜੀ ਇਨਕਲੇਵ ਦਕੋਹਾ ਨੇੜੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਪੀ. ਏ. ਰਾਜ ਕੁਮਾਰ ਪੁੱਤਰ ਮਾਧੋ ਰਾਮ ਦੇ ਘਰ ਇਹ ਚੋਰੀ ਸ਼ੁੱਕਰਵਾਰ ਨੂੰ ਸਵੇਰੇ 9 ਤੋਂ 11 ਵਜੇ ਦੇ ਦਰਮਿਆਨ ਉਸ ਵੇਲੇ ਹੋਈ ਜਦੋਂ ਰਾਜ ਕੁਮਾਰ ਖੁਦ ਆਪਣੇ ਦਫਤਰ ਚਲੇ ਗਏ ਸਨ ਅਤੇ ਸਰਵਾਈਕਲ ਤੋਂ ਪੀੜਤ ਉਨ੍ਹਾਂ ਦੀ ਪਤਨੀ ਦਵਾਈ ਲੈਣ ਵਾਸਤੇ ਘਰੋਂ ਸ਼ਹਿਰ ਆਈ ਹੋਈ ਸੀ। ਦਿਨ-ਦਿਹਾੜੇ ਦੋ ਘੰਟੇ 'ਚ ਹੋਈ ਇਸ ਚੋਰੀ ਨੇ ਆਸ-ਪਾਸ ਰਹਿੰਦੇ ਹੋਰ ਲੋਕਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਜਦੋਂ 11.10 ਵਜੇ ਘਰ ਪੁੱਜੀ ਤਾਂ ਬਾਹਰੀ ਗੇਟ ਨੂੰ ਲਾਇਆ ਹੋਇਆ ਤਾਲਾ ਟੁੱਟਾ ਪਿਆ ਸੀ ਅਤੇ ਕਮਰੇ ਖੁੱਲ੍ਹੇ ਹੋਏ ਸਨ।
ਅੰਦਰ ਸਾਮਾਨ ਖਿਲਰਿਆ ਹੋਇਆ ਸੀ। ਉਸ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਦੇ ਹੀ ਮੌਕੇ 'ਤੇ ਕੌਂਸਲਰ ਮਨਦੀਪ ਕੁਮਾਰ ਜੱਸਲ ਵੀ ਪੁੱਜ ਗਏ, ਜਿਨ੍ਹਾਂ ਨੇ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਨੰਗਲ ਸ਼ਾਮਾ ਪੁਲਸ ਚੌਕੀ ਤੋਂ ਹੈੱਡ ਕਾਂਸਟੇਬਲ ਭਜਨ ਲਾਲ ਅਤੇ ਨਿਰੰਜਨ ਸਿੰਘ ਵਾਰਦਾਤ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਗੁਰਦੁਆਰਾ ਸਾਹਿਬ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਜਾਂਚ ਕਰਨ 'ਤੇ ਉਸ 'ਚੋਂ ਕੁਝ ਵੀ ਹਾਸਲ ਨਹੀਂ ਹੋਇਆ। ਇਸ ਤੋਂ ਇਲਾਵਾ ਹੋਰ ਘਰਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਪੁਲਸ ਵਲੋਂ ਖੰਗਾਲੀ ਜਾ ਰਹੀ ਹੈ ਪਰ ਚੋਰਾਂ ਦਾ ਕੋਈ ਸੁਰਾਗ ਅਜੇ ਪੁਲਸ ਦੇ ਹੱਥ ਨਹੀਂ ਲੱਗਾ ਹੈ।
ਸੜਕ ਹਾਦਸੇ 'ਚ ਪਿਓ ਦੀ ਮੌਤ, ਪੁੱਤਰ ਜ਼ਖਮੀ
NEXT STORY