ਜਲੰਧਰ (ਪੁਨੀਤ)— ਰੋਡਵੇਜ਼ ਵੱਲੋਂ ਪੰਜਾਬ ਵਿਚ ਕੋਰੋਨਾ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਤਹਿਤ ਮਾਸਕ ਪਹਿਨਣਾ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਦੀ ਪਾਲਣਾ ਅਤੇ ਕੋਰੋਨਾ ਅਹਿਤਿਆਤ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ ਨੇ ਬੱਸ ਅੱਡੇ 'ਚ ਅਚਾਨਕ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਜਲੰਧਰ ਦੇ ਦੋਵਾਂ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਹਦਾਇਤਾਂ ਜਾਰੀ ਕਰਦੇ ਕਿਹਾ ਕਿ ਬੱਸਾਂ ਦੇ ਚਾਲਕ ਦਲਾਂ ਅਤੇ ਬੱਸ ਅੱਡੇ 'ਚ ਬੈਠੇ ਮੁਸਾਫਰਾਂ ਨੂੰ ਮਾਸਕ ਪਹਿਨਣ ਅਤੇ ਕੋਰੋਨਾ ਸਬੰਧੀ ਸਾਵਧਾਨੀ ਵਰਤਣ ਲਈ ਜਾਗਰੂਕ ਕੀਤਾ ਜਾਵੇ। ਸਵੇਰੇ 11.30 ਵਜੇ ਦੇ ਕਰੀਬ ਉਹ ਬੱਸ ਅੱਡੇ ਪਹੁੰਚੇ ਅਤੇ ਇਸ ਦੌਰਾਨ ਰੋਡਵੇਜ਼ ਦੇ ਡਿਪੂਆਂ 'ਚ ਵੀ ਵਿਜ਼ਿਟ ਕੀਤਾ। ਇਸ ਦੌਰਾਨ ਉਨ੍ਹਾਂ ਰੋਡਵੇਜ਼ ਦੇ ਸਟਾਫ ਨੂੰ ਮਾਸਕ ਪਹਿਨਣ ਸਬੰਧੀ ਕਿਹਾ।
ਇਹ ਵੀ ਪੜ੍ਹੋ: ਠੰਡ 'ਚ ਦਿੱਲੀ ਮੋਰਚੇ 'ਤੇ ਡਟੇ ਕਿਸਾਨਾਂ ਲਈ ਦੋਆਬੇ ਦੇ ਪਿੰਡਾਂ 'ਚ ਤਿਆਰ ਹੋਈਆਂ ਅਲਸੀ ਦੀਆਂ ਪਿੰਨੀਆਂ
ਗੱਲਬਾਤ ਦੌਰਾਨ ਮਿਨਹਾਸ ਨੇ ਕਿਹਾ ਕਿ ਜਿਹੜਾ ਸਰਕਾਰੀ ਕਰਮਚਾਰੀ ਮਾਸਕ ਨਹੀਂ ਪਹਿਨੇਗਾ, ਉਸ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਸਰਕਾਰੀ ਬੱਸਾਂ ਦੇ ਚਾਲਕ ਦਲਾਂ ਨੂੰ ਵੀ ਮਾਸਕ ਪਹਿਨਣ ਅਤੇ ਹੋਰ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਪ੍ਰਾਈਵੇਟ ਬੱਸ ਚਾਲਕਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮਿਨਹਾਸ ਨੇ ਕਿਹਾ ਕਿ ਬੱਸ ਅੱਡੇ ਵਿਚ ਆਉਣ ਵਾਲੀਆਂ ਪ੍ਰਾਈਵੇਟ ਬੱਸਾਂ 'ਤੇ ਵੀ ਨਿਗਰਾਨੀ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜਿਸ ਪ੍ਰਾਈਵੇਟ ਕੰਪਨੀ ਦਾ ਚਾਲਕ ਦਲ ਨਿਯਮ ਤੋੜਦਾ ਪਾਇਆ ਜਾਵੇਗਾ, ਉਸ ਕੰਪਨੀ 'ਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਭਾਰਤੀ ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਖ਼ੁਸ਼ਖ਼ਬਰੀ, 4 ਜਨਵਰੀ ਤੋਂ ਜਲੰਧਰ ਕੈਂਟ 'ਚ ਭਰਤੀ ਰੈਲੀ ਸ਼ੁਰੂ

ਮਿਨਹਾਸ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਸਾਂ ਦੇ ਸਟਾਫ ਨੂੰ ਹਦਾਇਤਾਂ ਦੇਣ ਅਤੇ ਨਾਲ ਹੀ ਨਾਲ ਉਨ੍ਹਾਂ 'ਤੇ ਨਜ਼ਰ ਵੀ ਰੱਖਣ। ਸਰਦੀ ਦੇ ਮੌਸਮ ਵਿਚ ਕੋਰੋਨਾ ਦੇ ਫੈਲਣ ਦਾ ਜ਼ਿਆਦਾ ਡਰ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਅਹਿਤਿਆਤ ਵਰਤਣ ਦੀ ਲੋੜ ਹੈ, ਨਹੀਂ ਤਾਂ ਅਸੀਂ ਖੁਦ ਨੂੰ ਮੁਸੀਬਤ ਵਿਚ ਪਾਉਣ ਦੇ ਨਾਲ-ਨਾਲ ਸਮਾਜ ਲਈ ਖਤਰਾ ਬਣ ਸਕਦੇ ਹਾਂ। ਇਸ ਲਈ ਸਾਨੂੰ ਮਾਸਕ ਹਰ ਹਾਲਤ ਵਿਚ ਪਹਿਨਣਾ ਪਵੇਗਾ। ਬੱਸ ਅੱਡੇ 'ਚ ਚੈਕਿੰਗ ਮੌਕੇ ਜੀ. ਐੱਮ. ਨਵਰਾਜ ਬਾਤਿਸ਼, ਜੀ. ਐੱਮ. ਤੇਜਿੰਦਰ ਸ਼ਰਮਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਮਿਨਹਾਸ ਨੇ ਮਾਸਕ ਨਾ ਪਹਿਨਣ ਵਾਲੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਮਾਸਕ ਪਹਿਨਣ ਲਈ ਪ੍ਰੇਰਿਤ ਵੀ ਕੀਤਾ।
ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ
ਕੋਰੋਨਾ ਕਾਰਨ ਜੰਮੂ-ਕਸ਼ਮੀਰ 'ਚ ਬੱਸਾਂ ਦਾ ਚੱਲਣਾ ਅਜੇ ਸੰਭਵ ਨਹੀਂ
ਜੰਮੂ-ਕਸ਼ਮੀਰ ਵੱਲੋਂ ਇੰਟਰ ਸਟੇਟ ਬੱਸਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਣ ਪਿਛਲੇ ਸਾਲ ਲਾਕਡਾਊਨ ਤੋਂ ਜੰਮੂ-ਕਸ਼ਮੀਰ ਦੀ ਬੱਸ ਸੇਵਾ ਬੰਦ ਪਈ ਹੈ। ਪੰਜਾਬ ਤੋਂ ਬੱਸਾਂ ਨਾ ਜਾਣ ਕਾਰਣ ਵਪਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਮਿਨਹਾਸ ਨੇ ਕਿਹਾ ਕਿ ਜੰਮੂ-ਕਸ਼ਮੀਰ ਸਭ ਤੋਂ ਠੰਡਾ ਸੂਬਾ ਹੈ। ਉਨ੍ਹਾਂ ਗਰਮੀ ਦੇ ਮੌਸਮ ਵਿਚ ਦੂਜੇ ਸੂਬਿਆਂ ਦੀਆਂ ਬੱਸਾਂ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਕਾਰਣ ਹੁਣ ਸਰਦੀ ਦੇ ਮੌਸਮ ਵਿਚ ਬੱਸਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ। ਉਨ੍ਹਾਂ ਕਿਹਾ ਕਿ ਹਿਮਾਚਲ ਨੇ ਵੀ ਬੱਸਾਂ ਘਟਾਈਆਂ ਹਨ ਕਿਉਂਕਿ ਠੰਡ ਕਾਰਣ ਲੋਕਾਂ ਨੇ ਪਹਾੜੀ ਇਲਾਕਿਆਂ ਵਿਚ ਜਾਣਾ ਘੱਟ ਕਰ ਦਿੱਤਾ ਹੈ।
ਅੰਦਰ ਦਿੱਤੀਆਂ ਜਾ ਰਹੀਆਂ ਸਨ ਹਦਾਇਤਾਂ, ਬਾਹਰ ਟੁੱਟ ਰਹੇ ਸਨ ਨਿਯਮ
ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਵੱਲੋਂ ਬੱਸ ਅੱਡੇ ਦੇ ਅੰਦਰ ਕੋਰੋਨਾ ਪ੍ਰਤੀ ਸਾਵਧਾਨੀ ਵਰਤਣ ਸਬੰਧੀ ਵੱਡੀਆਂ-ਵੱਡੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਸਨ ਅਤੇ ਬੱਸ ਅੱਡੇ ਦੇ ਬਾਹਰ ਲੋਕ ਬਿਨਾਂ ਮਾਸਕ ਦੇ ਬੱਸਾਂ ਵਿਚ ਚੜ੍ਹ ਕੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ। ਇਸ ਸਬੰਧੀ ਵੇਖਣ ਵਿਚ ਆਇਆ ਹੈ ਕਿ ਫਲਾਈਓਵਰ ਦੇ ਹੇਠਾਂ ਇਕ ਪ੍ਰਾਈਵੇਟ ਬੱਸ ਵਿਚ ਚੜ੍ਹਨ ਲਈ ਡੇਢ ਦਰਜਨ ਲੋਕ ਜਮ੍ਹਾ ਸਨ ਪਰ ਕੁਝ ਇਕ ਨੂੰ ਛੱਡ ਕੇ ਕਿਸੇ ਨੇ ਵੀ ਮਾਸਕ ਨਹੀਂ ਸੀ ਪਹਿਨਿਆ ਹੋਇਆ। ਇਸ ਸਬੰਧੀ ਡਿਪਟੀ ਡਾਇਰੈਕਟਰ ਮਿਨਹਾਸ ਨੇ ਕਿਹਾ ਕਿ ਅਸੀਂ ਬੱਸ ਅੱਡੇ ਦੇ ਅੰਦਰ ਵਿਭਾਗੀ ਕਾਰਵਾਈ ਕਰ ਸਕਦੇ ਹਾਂ ਪਰ ਬਾਹਰ ਨਿਯਮ ਟੁੱਟਣ ਪ੍ਰਤੀ ਕੋਈ ਕਾਰਵਾਈ ਨਹੀਂ ਕਰ ਸਕਦੇ। ਇਹ ਪੁਲਸ ਅਤੇ ਸਿਹਤ ਮਹਿਕਮੇ ਦੇ ਕਾਰਜ ਖੇਤਰ 'ਚ ਆਉਂਦਾ ਹੈ।
ਇਹ ਵੀ ਪੜ੍ਹੋ: ਵੱਡੇ ਬਾਦਲ ਵੱਲੋਂ 'ਪਦਮ ਵਿਭੂਸ਼ਣ' ਵਾਪਸ ਕਰਨ ਨੂੰ ਮੰਤਰੀ ਰੰਧਾਵਾ ਨੇ ਦੱਸਿਆ ਸਿਰਫ਼ ਇਕ ਡਰਾਮਾ
ਬੱਸ ਅੱਡੇ ਅੰਦਰ ਸਾਮਾਨ ਲਿਜਾਣ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਯਾਤਰੀ ਪ੍ਰੇਸ਼ਾਨ
ਦੇਖਣ ਵਿਚ ਆ ਰਿਹਾ ਹੈ ਕਿ ਬੱਸ ਅੱਡੇ ਅੰਦਰ ਯਾਤਰੀਆਂ ਦੇ ਸਾਮਾਨ ਲਿਜਾਣ ਸਬੰਧੀ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਣ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਸਾਮਾਨ ਨੂੰ ਬੱਸ ਕਾਊਂਟਰ ਤੱਕ ਲਿਜਾਣ ਲਈ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਬੱਸਾਂ ਦੀ ਆਵਾਜਾਈ ਆਮ ਵਾਂਗ ਹੋਣ ਦੇ ਆਸਾਰ ਨਹੀਂ
ਬੱਸਾਂ ਦੀ ਆਵਾਜਾਈ ਸਬੰਧੀ ਗੱਲ ਕੀਤੀ ਜਾਵੇ ਤਾਂ ਇਹ ਅਜੇ ਵੀ ਆਮ ਵਾਂਗ ਨਹੀਂ ਚੱਲ ਰਹੀਆਂ। ਦਿੱਲੀ ਖੁੱਲ੍ਹਣ ਤੱਕ ਹਾਲਾਤ ਆਮ ਵਰਗੇ ਹੋਣ ਦੇ ਆਸਾਰ ਨਹੀਂ ਨਜ਼ਰ ਆ ਰਹੇ। ਇਸ ਕਾਰਨ ਹਰੇਕ ਰੂਟ 'ਤੇ ਬੱਸਾਂ ਦੀ ਗਿਣਤੀ ਘਟਾਈ ਗਈ ਹੈ। ਦਿੱਲੀ ਬੰਦ ਹੋਣ ਕਾਰਨ ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵੀ ਕਾਫੀ ਘਟੀ ਹੈ।ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਬੰਦ ਹੈ ਪਰ ਅੰਬਾਲਾ ਤੱਕ ਬੱਸਾਂ ਚਲਾਈਆਂ ਜਾ ਰਹੀਆਂ ਹਨ ਪਰ ਹੁਣ ਅੰਬਾਲਾ ਲਈ ਵੀ ਯਾਤਰੀ ਨਜ਼ਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਇਸ ਲੜੀ ਵਿਚ ਰੂਟ ਹੋਰ ਘੱਟ ਕਰਨੇ ਪੈਣਗੇ ਕਿਉਂਕਿ ਬੱਸਾਂ ਖਾਲੀ ਜਾ ਰਹੀਆਂ ਹਨ, ਜਿਸ ਕਾਰਨ ਮਹਿਕਮੇ ਨੂੰ ਨੁਕਸਾਨ ਸਹਿਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ:ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਪਟਨ ਵੱਲੋਂ ਲੋਗੋ ਜਾਰੀ
ਜਲੰਧਰ: 103 ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਇਕ ਨੇ ਤੋੜਿਆ ਦਮ
NEXT STORY