ਜਲੰਧਰ (ਖੁਰਾਣਾ)- ਨਗਰ ਨਿਗਮ ਜਲੰਧਰ ਦੇ ਬਹੁਤੇ ਅਧਿਕਾਰੀ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਲਾਪਰਵਾਹ ਤਾਂ ਚਲੇ ਹੀ ਆ ਰਹੇ ਹਨ ਪਰ ਹੁਣ ਅਜਿਹੇ ਸਰਕਾਰੀ ਅਧਿਕਾਰੀਆਂ ਦਾ ਵਿਜ਼ਨ ਵੀ ਗਾਇਬ ਹੁੰਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜਨਹਿੱਤ ਨਾਲ ਜੁੜੇ ਮੁੱਦਿਆਂ ਨਾਲ ਕੋਈ ਸਰੋਕਾਰ ਵੀ ਨਹੀਂ ਲੱਗ ਰਿਹਾ। ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਬਹੁਤੇ ਸਰਕਾਰੀ ਅਧਿਕਾਰੀ ਸਿਰਫ ਸ਼ਾਮ 9 ਤੋਂ 5 ਵਜੇ ਤਕ ਦੀ ਡਿਊਟੀ ਹੀ ਨਿਭਾਉਣ ਆਉਂਦੇ ਹਨ ਅਤੇ ਇਸ ਦੌਰਾਨ ਵੀ ਉਨ੍ਹਾਂ ਮੁੱਦਿਆਂ ਦੇ ਆਲੇ-ਦੁਆਲੇ ਰਹਿੰਦੇ ਹਨ, ਜਿਹੜੇ ਉਨ੍ਹਾਂ ਦੀ ਡਿਊਟੀ ਨਾਲ ਸਬੰਧਤ ਰਹਿੰਦੇ ਹਨ।
ਕਈ ਮਾਮਲੇ ਅਜਿਹੇ ਹੁੰਦੇ ਹਨ, ਜਿੱਥੇ ਸਰਕਾਰੀ ਅਧਿਕਾਰੀ ਆਪਣੀ ਬੁੱਧੀ ਦੀ ਵਰਤੋਂ ਕਰਕੇ ਲੋਕਾਂ ਨੂੰ ਵੱਡੀ ਰਾਹਤ ਦੇ ਸਕਦੇ ਹਨ ਪਰ ਅਜਿਹਾ ਹੁੰਦਾ ਲੰਮੇ ਸਮੇਂ ਤੋਂ ਵੇਖਿਆ ਨਹੀਂ ਗਿਆ। ਜਲੰਧਰ ਨਗਰ ਨਿਗਮ ਦੇ ਹਾਰਟੀਕਲਚਰ ਵਿਭਾਗ ਦੀ ਗੱਲ ਕਰੀਏ ਤਾਂ ਇਥੇ ਸਮਝਦਾਰ ਅਧਿਕਾਰੀਆਂ ਦੀ ਨਾ ਸਿਰਫ ਘਾਟ ਹੈ, ਸਗੋਂ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਕਿਸੇ ਅਧਿਕਾਰੀ ਦਾ ਵਿਜ਼ਨ ਵੀ ਨਹੀਂ ਹੈ। ਇਸ ਸਮੇਂ ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਆਂ, ਡਿਵਾਈਡਰਾਂ ਆਦਿ ’ਤੇ ਸੈਂਕੜੇ ਅਜਿਹੇ ਦਰੱਖਤ ਅਤੇ ਬੂਟੇ ਹਨ ਜੋ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ ਅਤੇ ਇਨ੍ਹਾਂ ਦੇ ਹਰੇ ਹੋਣ ਦੀ ਇਕ ਫ਼ੀਸਦੀ ਵੀ ਸੰਭਾਵਨਾ ਨਹੀਂ ਹੈ। ਅਜਿਹੇ ਦਰੱਖਤਾਂ ਦੀ ਕਟਾਈ ਕਰ ਕੇ ਨਿਗਮ ਅਧਿਕਾਰੀ ਨਾ ਸਿਰਫ਼ ਸ਼ਹਿਰ ਨੂੰ ਸਾਫ਼-ਸੁਥਰਾ ਬਣਾ ਸਕਦੇ ਹਨ, ਸਗੋਂ ਇਨ੍ਹਾਂ ਦੀ ਲੱਕੜ ਨੂੰ ਧੂਣੀ ਬਾਲਣ ਲਈ ਵੀ ਵਰਤਿਆ ਜਾ ਸਕਦਾ ਹੈ, ਜੋ ਇਸ ਹੱਡ-ਚੀਰਵੀਂ ਠੰਡ ਵਿਚ ਆਮ ਲੋਕਾਂ ਲਈ ਸਹਾਈ ਸਿੱਧ ਹੋਵੇਗਾ।
ਇਹ ਵੀ ਪੜ੍ਹੋ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਲੰਧਰ 'ਚ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
ਵਰਣਨਯੋਗ ਹੈ ਕਿ ਅੱਜ ਤੋਂ ਕਈ ਸਾਲ ਪਹਿਲਾਂ ਜਲੰਧਰ ਨਿਗਮ ਦੇ ਅਧਿਕਾਰੀ ਸੜਕਾਂ ਦੇ ਕਿਨਾਰਿਆਂ ’ਤੇ ਧੂਣੀ ਬਾਲਦੇ ਹੁੰਦੇ ਸਨ, ਜਿੱਥੇ ਆਉਂਦੇ-ਜਾਂਦੇ ਲੋਕ ਹੱਥ ਆਦਿ ਸੇਕ ਕੇ ਨਾ ਸਿਰਫ ਗੱਲਾਂ ਕਰ ਲਿਆ ਕਰਦੇ ਸਨ, ਸਗੋਂ ਸਰਦੀ ਦੇ ਮੌਸਮ ਦਾ ਵੀ ਸਾਹਮਣਾ ਕਰਦੇ ਹੁੰਦੇ ਸਨ। ਹੁਣ ਲੰਮੇ ਸਮੇਂ ਤੋਂ ਨਿਗਮ ਨੇ ਕਿਤੇ ਧੂਣੀ ਬਾਲੀ ਹੈ ਅਤੇ ਨਾ ਹੀ ਅਜਿਹਾ ਕਰਨ ਬਾਰੇ ਕਦੀ ਸੋਚਿਆ ਹੀ ਹੈ।
ਗੁਰੂ ਤੇਗ ਬਹਾਦਰ ਨਗਰ ਚੌਕ ਦੇ ਆਲੇ-ਦੁਆਲੇ ਸੁੱਕ ਚੁੱਕੇ ਹਨ ਕਈ ਬੂਟੇ
ਮਾਡਲ ਟਾਊਨ ਟੈਲੀਫੋਨ ਐਕਸਚੇਂਜ ਤੋਂ ਜਿਹੜੀ ਸੜਕ ਗੁਰੂ ਤੇਗ ਬਹਾਦਰ ਨਗਰ ਚੌਕ ਅਤੇ ਗੁਰੂ ਰਵਿਦਾਸ ਚੌਕ ਵੱਲ ਜਾਂਦੀ ਹੈ, ਉਥੇ ਸੜਕ ਦੇ ਬਿਲਕੁਲ ਵਿਚਕਾਰ ਲਗਭਗ 2 ਦਰਜਨ ਬੂਟੇ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ। ਇਸ ਕਾਰਨ ਇਸ ਇਲਾਕੇ ਵਿਚ ਹਰਿਆਲੀ ਨਹੀਂ ਹੋ ਪਾ ਰਹੀ। ਖ਼ਾਸ ਗੱਲ ਇਹ ਹੈ ਕਿ ਨਿਗਮ ਵੱਲੋਂ ਇਸ ਡਿਵਾਈਡਰ ਦੀ ਸਾਂਭ-ਸੰਭਾਲ ਦਾ ਕੰਮ ਲੈਂਡਮਾਰਕ ਗਰੁੱਪ ਨੂੰ ਦਿੱਤਾ ਗਿਆ ਹੈ, ਜਿਸ ਵੱਲੋਂ ਹਰੇ-ਭਰੇ ਬੂਟਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ ਅਤੇ ਕੁਝ ਨਵੇਂ ਬੂਟੇ ਵੀ ਲਾਏ ਗਏ ਹਨ, ਪਰ ਸੁੱਕ ਚੁੱਕੇ ਦਰੱਖਤਾਂ ਕਾਰਨ ਪੂਰੇ ਇਲਾਕੇ ਦੀ ਸੁੰਦਰਤਾ ’ਤੇ ਅਸਰ ਪੈ ਰਿਹਾ ਹੈ। ਜੇਕਰ ਨਗਰ ਨਿਗਮ ਦੇ ਅਧਿਕਾਰੀ ਇਨ੍ਹਾਂ ਸੁੱਕੇ ਬੂਟਿਆਂ ਆਦਿ ਨੂੰ ਕੱਟ ਦੇਵੇ ਤਾਂ ਲੈਂਡਮਾਰਕ ਗਰੁੱਪ ਇਥੇ ਨਵੇਂ ਬੂਟੇ ਲਾਉਣ ਨੂੰ ਤਿਆਰ ਹੈ, ਜਿਸ ਨਾਲ ਪੂਰੇ ਇਲਾਕੇ ਦੀ ਹਰਿਆਲੀ ਵੀ ਵਧੇਗੀ ਅਤੇ ਸੁੰਦਰਤਾ ਵੀ।
ਨਿਗਮ ਆਪਣੇ ਪੱਧਰ ’ਤੇ ਕਟਵਾਵੇ ਸੁੱਕ ਚੁੱਕੇ ਬੂਟੇ: ਪੱਪੀ ਅਰੋੜਾ
ਲੈਂਡਮਾਰਕ ਗਰੁੱਪ ਦੇ ਐੱਮ. ਡੀ. ਬਲਜਿੰਦਰ ਅਰੋੜਾ (ਪੱਪੀ) ਦਾ ਕਹਿਣਾ ਹੈ ਕਿ ਜਦੋਂ ਇਕ ਸਾਲ ਪਹਿਲਾਂ ਉਨ੍ਹਾਂ ਦੀ ਕੰਪਨੀ ਵੱਲੋਂ ਗੁਰੂ ਤੇਗ ਬਹਾਦਰ ਨਗਰ ਚੌਕ ਦਾ ਨਿਰਮਾਣ ਕਰਵਾਇਆ ਗਿਆ ਸੀ ਤਾਂ ਨਿਗਮ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਸੜਕ ਦੇ ਡਿਵਾਈਡਰ ’ਤੇ ਲੱਗੇ ਸੁੱਕੇ ਬੂਟਿਆਂ ਨੂੰ ਹਟਾ ਕੇ ਇਸ ਨੂੰ ਕਟਵਾਵੇ ਤਾਂ ਕਿ ਇਥੇ ਨਵੇਂ ਬੂਟੇ ਲਾ ਕੇ ਹਰਿਆਲੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਸੁੱਕੇ ਬੂਟਿਆਂ ਨੂੰ ਨਿੱਜੀ ਤੌਰ ’ਤੇ ਕੱਟ ਕੇ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੇ, ਇਸ ਲਈ ਨਿਗਮ ਨੂੰ ਆਪਣੇ ਪੱਧਰ ’ਤੇ ਇਹ ਕੰਮ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਾਰਾ ਡਿਵਾਈਡਰ ਹਰਿਆ-ਭਰਿਆ ਰਹੇ।
ਇਹ ਵੀ ਪੜ੍ਹੋ : ਨਵੇਂ ਸਾਲ ਦਾ ਜਸ਼ਨ ਮਨਾ ਕੇ ਚਾਈਂ-ਚਾਈਂ ਕਾਲਜ ਜਾ ਰਹੇ ਸਨ ਵਿਦਿਆਰਥੀ, ਵਾਪਰੀ ਅਣਹੋਣੀ ਨੇ 4 ਘਰਾਂ 'ਚ ਪੁਆਏ ਵੈਣ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਲੰਧਰ 'ਚ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
NEXT STORY