ਸ਼ਾਹਕੋਟ (ਅਰਸ਼ਦੀਪ)- ਪੰਜਾਬ ’ਚ ‘ਆਪ’ ਸਰਕਾਰ ਬਣਨ ’ਤੇ ਲੋਕਾਂ ਨੂੰ ਇਨਸਾਫ਼ ਲਈ ਇਕ ਉਮੀਦ ਦੀ ਕਿਰਨ ਨਜ਼ਰ ਆਈ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਾਅਵਿਆਂ ਤੋਂ ਲੱਗਦਾ ਸੀ ਕਿ ਪੰਜਾਬ ਦੀ ਕਾਨੂੰਨ ਅਵਸਥਾ ’ਚ ਬਹੁਤ ਵੱਡਾ ਸੁਧਰ ਕੀਤਾ ਜਾਵੇਗਾ ਪਰ ਸਰਕਾਰ ਦੇ ਕਰੀਬ 2 ਸਾਲ ਬੀਤਣ ਦੇ ਬਾਵਜੂਦ ਮੁੱਖ ਮੰਤਰੀ ਦੇ ਦਾਅਵੇ ਸ਼ਾਹਕੋਟ ਇਲਾਕੇ ’ਚ ਵਫਾ ਹੁੰਦੇ ਨਜ਼ਰ ਨਹੀਂ ਆ ਰਹੇ। ਪੁਲਸ ਦੀ ਢਿੱਲੀ ਕਾਰਜਸ਼ੈਲੀ ਕਾਰਨ ਬੇਖ਼ੌਫ਼ ਲੁਟੇਰਿਆਂ ਵੱਲੋਂ ਆਏ ਦਿਨ ਸ਼ਾਹਕੋਟ ਇਲਾਕੇ ’ਚ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦਿੱਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਲੋਕਲ ਪੁਲਸ ਮੂਕਦਰਸ਼ਕ ਬਣੀ ਹੋਈ ਹੈ, ਉੱਥੇ ਪੁਲਸ ਦੇ ਉੱਚ ਅਧਿਕਾਰੀ ਵੀ ਸ਼ਾਹਕੋਟ ਇਲਾਕੇ ’ਚ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਸ਼ਾਹਕੋਟ ’ਚ ਇਸ ਵੇਲੇ ਅਰਾਜਕਤਾ ਦਾ ਮਾਹੌਲ ਨਜ਼ਰ ਆ ਰਿਹਾ ਹੈ, ਜਿਸ ਕਾਰਨ ਸ਼ਾਹਕੋਟ ਵਾਸੀ ਸਹਿਮ ਦੇ ਮਾਹੌਲ ’ਚ ਦਿਨ ਕੱਟ ਰਹੇ ਹਨ। ਬੀਤੇ ਕਰੀਬ ਇਕ ਮਹੀਨੇ ’ਚ ਇਲਾਕਾ ਸ਼ਾਹਕੋਟ ’ਚ ਇਕ ਦਰਜਨ ਤੋਂ ਵੱਧ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ’ਚੋਂ ਇਕਾ-ਦੁੱਕਾ ਨੂੰ ਛੱਡ ਕੇ ਪੁਲਸ ਵੱਲੋਂ ਬਾਕੀ ਵਾਰਦਾਤਾਂ ਨੂੰ ਟ੍ਰੇਸ ਕਰਨ ’ਚ ਕੋਈ ਦਿਲਚਸਪੀ ਨਹੀਂ ਦਿਖਾਈ ਗਈ।
ਲੁੱਟਖੋਹ ਤੇ ਚੋਰੀ ਦੀਆਂ ਵਾਰਦਾਤਾਂ ਦੀ ਐੱਫ਼. ਆਈ. ਆਰ. ਦਰਜ ਨਹੀਂ ਕੀਤੀ ਜਾਂਦੀ
ਸ਼ਾਹਕੋਟ ’ਚ ਆਮ ਲੋਕਾਂ ਦੀ ਸੁਰੱਖਿਆ ਇਸ ਸਮੇਂ ਰੱਬ ਆਸਰੇ ਹੀ ਚੱਲ ਰਹੀ ਹੈ। ਸ਼ਾਹਕੋਟ ਪੁਲਸ ਵੱਲੋਂ ਆਪਣਾ ਰਿਕਾਰਡ ਸਾਫ਼ ਰੱਖਣ ਲਈ ਜ਼ਿਆਦਾਤਰ ਵਾਰਦਾਤਾਂ ਦੀ ਐੱਫ਼. ਆਈ. ਆਰ. ਵੀ ਦਰਜ ਨਹੀਂ ਕੀਤੀ ਜਾਂਦੀ। ਸੋਚਣ ਵਾਲੀ ਗੱਲ ਇਹ ਹੈ ਕਿ ਲੁੱਟਖੋਹ ਦੀ ਵਾਰਦਾਤ ਦੀ ਐੱਫ਼. ਆਈ. ਆਰ. ਦਰਜ ਨਾ ਕਰਨ ਦੇ ਹੁਕਮ ਉੱਚ ਅਧਿਕਾਰੀਆਂ ਦੇ ਹਨ, ਜਾਂ ਲੋਕਲ ਪੁਲਸ ਅਫ਼ਸਰ ਆਪਣੀ ਮਨਮਰਜ਼ੀ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਪੁਲਸ ਨੂੰ ਦਿੱਤੇ ਗਏ ਫ੍ਰੀ ਹੈਂਡ ਦੀ ਦੁਰਵਰਤੋਂ ਕਰ ਰਹੇ ਹਨ।
ਇਹ ਵੀ ਪੜ੍ਹੋ: ਪੁਰਤਗਾਲ 'ਚ ਦਸੂਹਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਸੂਚਿਤ ਕਰਨ ਗਏ ਪੀੜਤ ਨੂੰ ਪੁਲਸ ਵੱਲੋਂ ਕੀਤਾ ਜਾਂਦੈ ਜ਼ਲੀਲ
ਜਦ ਕਿਸੇ ਆਮ ਨਾਗਰਿਕ ਨਾਲ ਲੁੱਟ-ਖੋਹ ਦੀ ਘਟਨਾ ਵਾਪਰਦੀ ਹੈ ਤਾਂ ਉਹ ਪੁਲਸ ਨੂੰ ਸੂਚਿਤ ਕਰਨ ਲਈ ਥਾਣੇ ਜਾਂ ਪੁਲਸ ਚੌਕੀ ਜਾਂਦਾ ਹੈ, ਉਸ ਸਮੇਂ ਪੀੜਤ ਨੂੰ ਹੱਦ ਤੋਂ ਵੱਧ ਜ਼ਲੀਲ ਕੀਤਾ ਜਾਂਦਾ ਹੈ। ਪੀੜਤ ਤੋਂ ਅਜਿਹੇ ਸਵਾਲ ਪੁੱਛੇ ਜਾਂਦੇ ਹਨ, ਜਿਸ ਤਰ੍ਹਾਂ ਉਹ ਖੁਦ ਹੀ ਮੁਲਜ਼ਮ ਹੋਵੇ। ਜ਼ਿਆਦਾਤਰ ਲੋਕ ਪੁਲਸ ਦੇ ਇਸ ਨਿੰਦਣਯੋਗ ਵਤੀਰੇ ਤੋਂ ਡਰਦੇ ਵਾਰਦਾਤ ਹੋਣ ਤੋਂ ਬਾਅਦ ਪੁਲਸ ਨੂੰ ਸੂਚਿਤ ਨਹੀਂ ਕਰਦੇ।
ਰਾਤ ਸਮੇਂ ਮਲਸੀਆਂ ਤੋਂ ਰੂਪੇਵਾਲ ਜਾਣਾ ਬੇਹੱਦ ਖ਼ਤਰਨਾਕ
ਮਲਸੀਆਂ ਚੌਂਕੀ ਦੀ ਪੁਲਸ ਵੱਲੋਂ ਨਾਕਾਬੰਦੀ ਜਾਂ ਗਸ਼ਤ ਬਿਲਕੁਲ ਨਾ ਹੋਣ ਕਾਰਨ ਲੁਟੇਰੇ ਰਾਤ ਸਮੇਂ ਕੰਮ ਕਰ ਕੇ ਵਾਪਸ ਰੂਪੇਵਾਲ ਜਾ ਰਹੇ ਵਿਅਕਤੀਆਂ ਨੂੰ ਪਲਟੀਨਾ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰੇ ਅਕਸਰ ਜ਼ਖਮੀ ਕਰ ਕੇ ਲੁੱਟ ਲੈਂਦੇ ਹਨ, ਜਿਸ ਕਾਰਨ ਪਿੰਡ ਵਾਸੀਆਂ ’ਚ ਪੁਲਸ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਰੂਪੇਵਾਲ ਦੇ ਵਸਨੀਕਾਂ ਨੇ ਐੱਸ. ਐੱਸ. ਪੀ. ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਤੋਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਲੋਕਲ ਪੁਲਸ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਹੈ।
ਨੌਜਵਾਨ ਨਸ਼ੇ ਦੀ ਪੂਰਤੀ ਲਈ ਕਰਦੇ ਨੇ ਲੁੱਟਾਂਖੋਹਾਂ
ਇਕ ਸਮਾਜ ਸੇਵਕ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਇਲਾਕਾ ਸ਼ਾਹਕੋਟ ’ਚ ਆਏ ਦਿਨ ਵਾਪਰ ਰਹੀਆਂ ਲੁੱਟਖੋਹ ਦੀਆਂ ਵਾਰਦਾਤਾਂ ਦਾ ਕਾਰਨ ਇਲਾਕੇ ’ਚ ਸ਼ਰੇਆਮ ਵਿਕਦੇ ਨਸ਼ੇ ਹਨ। ਉਨ੍ਹਾਂ ਕਿਹਾ ਕੁਝ ਨੌਜਵਾਨ ਨਸ਼ੇ ਦੀ ਪੂਰਤੀ ਲਈ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਨਸ਼ਾ ਕਿੱਥੇ ਵਿਕਦਾ ਹੈ, ਫਿਰ ਪੁਲਸ ਇਸ ਸਭ ਤੋਂ ਅਣਜਾਣ ਕਿਉਂ ਹੈ ਤੇ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ?
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਫਰੂਟ ਕਾਰੋਬਾਰੀ ਦੇ ਘਰ 'ਚੋਂ ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਲੁੱਟੇ 20 ਲੱਖ ਤੇ ਗਹਿਣੇ
ਪਿਛਲੇ ਕਰੀਬ ਇਕ ਮਹੀਨੇ ਤੋਂ ਇਲਾਕਾ ਸ਼ਾਹਕੋਟ ’ਚ ਵਾਪਰੀਆਂ ਵਾਰਦਾਤਾਂ ਦਾ ਵੇਰਵਾ
1 ਜਨਵਰੀ: ਮਲਸੀਆਂ ਵਿਖੇ ਗੰਨ ਪੁਆਇੰਟ ’ਤੇ ਨੌਜਵਾਨ ਤੋਂ ਮੋਟਰਸਾਈਕਲ ਤੇ ਮੋਬਾਇਲ ਖੋਹਿਆ
1 ਜਨਵਰੀ: ਸ਼ਾਹਕੋਟ ਵਿਖੇ ਮੋਟਰਸਾਈਕਲ ਸਵਾਰ ਲੁਟੇਰੇ ਐੱਨ. ਆਰ. ਆਈ. ਔਰਤ ਦੀ ਵਾਲੀ ਝਪਟ ਕੇ ਫਰਾਰ
6 ਜਨਵਰੀ: ਰੂਪੇਵਾਲ ਨਜ਼ਦੀਕ ਨੌਜਵਾਨ ਤੋਂ ਹਥਿਆਰਾਂ ਦੀ ਨੋਕ ’ਤੇ ਪਲਸਰ ਮੋਟਰਸਾਈਕਲ ਖੋਹਿਆ
9 ਜਨਵਰੀ: ਸ਼ਾਹਕੋਟ ’ਚ ਦਿਨ ਦਿਹਾੜੇ 2 ਘਰਾਂ ’ਚੋਂ ਲੱਖਾਂ ਦੀ ਨਕਦੀ ਚੋਰੀ
10 ਜਨਵਰੀ: ਨਾਕੇ ’ਤੇ ਖੜ੍ਹੇ ਏ. ਐੱਸ. ਆਈ. ਨੂੰ ਕਾਰ ਸਵਾਰ ਟੱਕਰ ਮਾਰ ਕੇ ਫਰਾਰ
17 ਜਨਵਰੀ: ਅੱਡਾ ਰੂਪੇਵਾਲ ਵਿਖੇ ‘ਪੂਨੀ ਸਵੀਟਸ’ ’ਤੇ ਲੁਟੇਰਿਆਂ ਨੇ ਚਲਾਈ ਗੋਲੀ
25 ਜਨਵਰੀ: ਮਲਸੀਆਂ ’ਚ ਚੋਰਾਂ ਨੇ ਮੋਬਾਇਲਾਂ ਦੀ ਦੁਕਾਨ ’ਚੋਂ ਲੱਖਾਂ ਦਾ ਸਾਮਾਨ ਕੀਤਾ ਚੋਰੀ
28 ਜਨਵਰੀ: ਮਲਸੀਆਂ ਤੋਂ ਰੂਪੇਵਾਲ ਜਾ ਰਹੇ ਨੌਜਵਾਨ ਨੂੰ ਦਾਤ ਨਾਲ ਜ਼ਖਮੀ ਕਰ ਕੇ ਮੋਬਾਇਲ ਖੋਹਿਆ
29 ਜਨਵਰੀ: ਮਲਸੀਆਂ ਵਿਖੇ ਦਾਤਰ ਦੀ ਨੋਕ ’ਤੇ ਫਰੂਟ ਵਿਕਰੇਤਾ ਤੋਂ ਮੋਬਾਇਲ ਕੇ ਨਕਦੀ ਖੋਹੀ
29 ਜਨਵਰੀ: ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਦੀ ਗੋਲਕ ਦਾ ਚੜ੍ਹਾਵਾ ਚੋਰੀ
31 ਜਨਵਰੀ: ਸ਼ਾਹਕੋਟ ’ਚ ਸਾਈ ਧਾਮ ਦੀ ਗੋਲਕ ਚੋਰੀ
2 ਫਰਵਰੀ: ਰੂਪੇਵਾਲ ਨਜ਼ਦੀਕ ਲੁਟੇਰੇ ਨੌਜਵਾਨ ਨੂੰ ਜ਼ਖ਼ਮੀ ਕਰਕੇ ਫਰਾਰ
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਪਰਲ ਕਪੂਰ ਨੇ ਮਾਰੀਆਂ ਵੱਡੀਆਂ ਮੱਲਾਂ, ਦੇਸ਼ ਭਰ 'ਚ ਅਰਬਪਤੀ ਬਣ ਕੇ ਚਮਕਾਇਆ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਰਤਗਾਲ 'ਚ ਦਸੂਹਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
NEXT STORY