ਜਲੰਧਰ (ਖੁਰਾਣਾ)–ਡਿਵੀਜ਼ਨਲ ਕਮਿਸ਼ਨਰ ਮੈਡਮ ਗੁਰਪ੍ਰੀਤ ਕੌਰ ਸਪਰਾ ਨੇ ਬਤੌਰ ਪ੍ਰਧਾਨ ਆਪਣੀ ਪਾਵਰ ਦੀ ਵਰਤੋਂ ਕਰਦਿਆਂ ਲੇਡੀਜ਼ ਜਿਮਖਾਨਾ ਕਲੱਬ ਦੀ ਮੌਜੂਦਾ ਟੀਮ ਨੂੰ ਸਸਪੈਂਡ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲੇਡੀਜ਼ ਜਿਮਖਾਨਾ ਕਲੱਬ ਦੀ ਚੋਣ 2021 ਵਿਚ ਹੋਈ ਸੀ ਅਤੇ ਅਜੇ ਇਕ-ਡੇਢ ਮਹੀਨੇ ਦਾ ਕਾਰਜਕਾਲ ਬਾਕੀ ਸੀ। ਇਹ ਕਲੱਬ ਸ਼ਹਿਰ ਦੇ 600 ਤੋਂ ਜ਼ਿਆਦਾ ਇਲੀਟ ਪਰਿਵਾਰਾਂ ਦੀਆਂ ਔਰਤਾਂ ’ਤੇ ਆਧਾਰਿਤ ਹੈ ਅਤੇ ਜਲੰਧਰ ਸ਼ਹਿਰ ਵਿਚ ਐਕਟੀਵਿਟੀ ਤੇ ਐਂਟਰਟੇਨਮੈਂਟ ਲਈ ਜਾਣਿਆ ਜਾਂਦਾ ਹੈ। ਇਸ ਕਲੱਬ ਨੂੰ ਸੰਖੇਪ ਵਿਚ ਮੰਡੇ ਕਲੱਬ ਦਾ ਨਾਂ ਵੀ ਦਿੱਤਾ ਗਿਆ ਹੈ ਕਿਉਂਕਿ ਹਰ ਸੋਮਵਾਰ ਨੂੰ ਇਸ ਕਲੱਬ ਦੀਆਂ ਮੈਂਬਰਾਨ ਆਪਸ ਵਿਚ ਬੈਠ ਕੇ ਕੋਈ ਨਾ ਕੋਈ ਪ੍ਰੋਗਰਾਮ ਆਯੋਜਿਤ ਕਰਦੀਆਂ ਹਨ। ਇਸ ਕਲੱਬ ਵੱਲੋਂ ਹਰ ਤਰ੍ਹਾਂ ਦਾ ਤਿਉਹਾਰ ਮਿਲ-ਜੁਲ ਕੇ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਸ਼ਹਿਰ ਦੀਆਂ ਔਰਤਾਂ ਦਾ ਸਭ ਤੋਂ ਪਾਵਰਫੁੱਲ ਕਲੱਬ ਵੀ ਮੰਨਿਆ ਜਾਂਦਾ ਹੈ। ਮੇਨ ਜਿਮਖਾਨਾ ਕਲੱਬ ਵਾਂਗ ਪਿਛਲੇ ਕੁਝ ਸਾਲਾਂ ਤੋਂ ਲੇਡੀਜ਼ ਕਲੱਬ ਵੀ ਤਰ੍ਹਾਂ-ਤਰ੍ਹਾਂ ਦੀ ਸਿਆਸਤ ਦਾ ਸ਼ਿਕਾਰ ਹੁੰਦਾ ਚਲਿਆ ਜਾ ਰਿਹਾ ਹੈ। ਲਗਭਗ 2 ਸਾਲ ਪਹਿਲਾਂ ਲੇਡੀਜ਼ ਜਿਮਖਾਨਾ ਦੀਆਂ ਚੋਣਾਂ ਗਰੁੱਪਾਂ ਦੇ ਆਧਾਰ ’ਤੇ ਲੜੀਆਂ ਗਈਆਂ ਸਨ ਅਤੇ ਇਨ੍ਹਾਂ ਚੋਣਾਂ ਸਬੰਧੀ 2 ਗਰੁੱਪਾਂ ਵਿਚ ਕਾਫੀ ਕਸ਼ਮਕਸ਼ ਤਕ ਹੋਈ ਸੀ।
ਹੁਣ ਜਿਸ ਤਰ੍ਹਾਂ ਲੇਡੀਜ਼ ਜਿਮਖਾਨਾ ਕਲੱਬ ਦੀ ਮੌਜੂਦਾ ਟੀਮ ਦਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਹੀ ਇਸ ਦੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਹੈ, ਉਸ ਨਾਲ ਸ਼ਹਿਰ ਦੇ ਇਲੀਟ ਵਰਗ ਦੀਆਂ ਔਰਤਾਂ ਵਿਚ ਕਾਫ਼ੀ ਪ੍ਰਤੀਕਿਰਿਆ ਸੁਣਾਈ ਦੇ ਰਹੀ ਹੈ। ਕਲੱਬ ਸੈਕਟਰੀ ਤਾਂ ਸਪੱਸ਼ਟ ਰੂਪ ਨਾਲ ਕਲੱਬ ਪ੍ਰਧਾਨ ਦੇ ਫੈਸਲੇ ਦੇ ਵਿਰੋਧ ਵਿਚ ਡਟ ਕੇ ਖੜ੍ਹੀ ਹੋ ਗਈ ਹੈ ਅਤੇ ਉਨ੍ਹਾਂ ਸਾਫ਼ ਕਿਹਾ ਕਿ ਉਹ ਇਸ ਫ਼ੈਸਲੇ ਵਿਰੁੱਧ ਅਦਾਲਤ ਵਿਚ ਜਾਣਗੇ।
ਇਹ ਵੀ ਪੜ੍ਹੋ: 15,000 ਕਰੋੜ ਦੇ ਮਹਾਦੇਵ ਐਪ ਘਪਲੇ ’ਚ ਜਲੰਧਰ ਦੇ ਬਿਲਡਰ ਦਾ ਵੀ ਨਾਂ ਸ਼ਾਮਲ, ED ਦੇ ਵੀ ਰਾਡਾਰ ’ਤੇ ਬੁੱਕੀ
ਹਲਚਲ ਨਾਲ ਭਰਪੂਰ ਰਿਹਾ 2 ਸਾਲ ਦਾ ਕਾਰਜਕਾਲ
ਲਗਭਗ 2 ਸਾਲ ਪਹਿਲਾਂ ਹੋਈਆਂ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਦੌਰਾਨ ਵੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਸੀ ਪਰ ਉਸ ਦਾ ਹੱਲ ਕੱਢ ਲਿਆ ਗਿਆ। ਉਸ ਤੋਂ ਬਾਅਦ ਨਵੀਂ ਟੀਮ ਨੂੰ ਬਣਿਆਂ ਅਜੇ 2 ਮਹੀਨੇ ਹੀ ਬੀਤੇ ਸਨ ਕਿ ਸੀਨੀਅਰ ਮੈਂਬਰਾਂ ਨਾਲ ਅਣਗਹਿਲੀ ਵਾਲਾ ਵਤੀਰਾ ਕਰਨ ਦੇ ਦੋਸ਼ ਲੱਗੇ, ਜਿਸ ਕਾਰਨ ਨੋਟਿਸ ਅਤੇ ਕਲੱਬ ਵਿਚੋਂ ਮੁਅੱਤਲੀ ਦੀ ਕਾਰਵਾਈ ਹੋਈ ਅਤੇ ਮਾਮਲਾ ਅਦਾਲਤ ਵਿਚ ਚਲਾ ਗਿਆ। ਜਦੋਂ ਕਲੱਬ ਮੈਨੇਜਮੈਂਟ ਨਾਲ ਸਬੰਧਤ ਉੱਚ ਅਫ਼ਸਰਾਂ ਨੇ ਇਸ ਮਾਮਲੇ ਵਿਚ ਸਟੈਂਡ ਲੈ ਲਿਆ ਤਾਂ ਮਨੋਰਮਾ ਮਾਇਰ ਵਰਗੀ ਸੀਨੀਅਰ ਮੈਂਬਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚਲੀ ਗਈ। ਇਹ ਪਹਿਲਾ ਮੌਕਾ ਸੀ ਕਿ ਲੇਡੀਜ਼ ਜਿਮਖਾਨਾ ਕਲੱਬ ਨੂੰ ਲੈ ਕੇ ਕਈ ਮਾਮਲੇ ਅਦਾਲਤਾਂ ਵਿਚ ਚੱਲੇ। ਇਸ ਤੋਂ ਬਾਅਦ ਇਸੇ ਟਰਮ ਵਿਚ ਲੇਡੀਜ਼ ਜਿਮਖਾਨਾ ਕਲੱਬ ਦੇ ਹਿਸਾਬ-ਕਿਤਾਬ ਵਿਚ ਗੜਬੜੀ ਦੇ ਦੋਸ਼ ਲੱਗੇ ਅਤੇ ਇਕ ਮੌਕੇ ’ਤੇ ਤਾਂ ਕਾਫ਼ੀ ਰਕਮ ਕਲੱਬ ਖਾਤੇ ਵਿਚ ਜਮ੍ਹਾ ਵੀ ਕਰਵਾਈ ਗਈ। ਉਹ ਮਾਮਲਾ ਵੀ ਮੈਨੇਜਮੈਂਟ ਬਦਲਣ ਤੋਂ ਬਾਅਦ ਸ਼ਾਂਤ ਹੋਇਆ ਪਰ ਉਸ ਤੋਂ ਬਾਅਦ ਇਕ ਪ੍ਰਸ਼ਾਸਨਿਕ ਉੱਚ ਅਧਿਕਾਰੀ ਦੀ ਧਰਮਪਤਨੀ ਦੇ ਦਖਲ ਨੂੰ ਲੈ ਕੇ ਮਾਮਲੇ ਤੂਲ ਫੜਨ ਲੱਗੇ। ਇਕ ਵਾਰ ਫਿਰ ਹਿਸਾਬ-ਕਿਤਾਬ ਵਿਚ ਗੜਬੜੀ ਅਤੇ ਖਰਚ ਤੇ ਆਮਦਨੀ ਨੂੰ ਲੈ ਕੇ ਸਵਾਲ ਉੱਠਣ ਲੱਗੇ।
ਪਤਾ ਲੱਗਾ ਹੈ ਕਿ ਲੇਡੀਜ਼ ਕਲੱਬ ਵਿਚ ਆਪਸੀ ਗੁੱਟਬਾਜ਼ੀ ਕਾਰਨ ਇਸ ਨਵੇਂ ਮਾਮਲੇ ਨੂੰ ਕਾਫੀ ਤੂਲ ਮਿਲਿਆ ਅਤੇ ਜਦੋਂ ਮਾਮਲਾ ਕਲੱਬ ਪ੍ਰਧਾਨ ਮੈਡਮ ਸਪਰਾ ਕੋਲ ਪੁੱਜਾ ਤਾਂ ਉਨ੍ਹਾਂ ਮਿਸਿਜ਼ ਡੀ. ਸੀ. ਦੀ ਡਿਊਟੀ ਲਾ ਕੇ ਕੁਝ ਮੁੱਦਿਆਂ ’ਤੇ ਰਿਪੋਰਟ ਤਲਬ ਕੀਤੀ। ਸੂਤਰ ਦੱਸਦੇ ਹਨ ਕਿ ਮੌਜੂਦਾ ਪ੍ਰਧਾਨ ਕਲੱਬ ਕਾਰਜਕਾਰਨੀ ਦੇ ਕੰਮਕਾਜ ਤੋਂ ਸੰਤੁਸ਼ਟ ਨਹੀਂ ਹੋਈ, ਜਿਸ ਕਾਰਨ ਅੱਜ ਇਕ ਚਿੱਠੀ ਕੱਢ ਕੇ ਜਲੰਧਰ ਜਿਮਖਾਨਾ ਲੇਡੀਜ਼ ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਮਾਂ ਨੇ ਚਾਵਾਂ ਨਾਲ ਸਕੂਲ ਭੇਜਿਆ 15 ਸਾਲਾ ਇਕਲੌਤਾ ਪੁੱਤ, ਅਚਾਨਕ ਮੌਤ ਦੀ ਖ਼ਬਰ ਸੁਣ ਹੋਈ ਬੇਸੁੱਧ
3 ਮੈਂਬਰੀ ਐਡਹਾਕ ਕਮੇਟੀ ਬਣਾਈ
ਮੌਜੂਦਾ ਕਾਰਜਕਾਰਨੀ ਨੂੰ ਸਸਪੈਂਡ ਕਰਨ ਸਬੰਧੀ ਚਿੱਠੀ ਵਿਚ ਕਲੱਬ ਪ੍ਰਧਾਨ ਨੇ ਸਪੱਸ਼ਟ ਲਿਖਿਆ ਹੈ ਕਿ ਕਲੱਬ ਦੇ ਖਾਤਿਆਂ ਅਤੇ ਹੋਰ ਹਿਸਾਬ-ਕਿਤਾਬ ਨਾਲ ਸਬੰਧਤ ਸਾਰੇ ਦਸਤਾਵੇਜ਼ ਅਤੇ ਰਿਕਾਰਡ 3 ਮੈਂਬਰੀ ਕਮੇਟੀ ਦੇ ਹਵਾਲੇ ਕਰ ਦਿੱਤੇ ਜਾਣ। ਇਸ ਕਮੇਟੀ ਵਿਚ ਵਾਈਸ ਪ੍ਰੈਜ਼ੀਡੈਂਟ ਡਾ. ਪ੍ਰੀਤ ਕੰਵਲ ਕੌਰ, ਸ਼੍ਰੀਮਤੀ ਪਰਮਿੰਦਰ ਬੇਰੀ ਅਤੇ ਸ਼੍ਰੀਮਤੀ ਅਨੀਤਾ ਚੱਢਾ ਨੂੰ ਲਿਆ ਗਿਆ ਹੈ। ਇਹ ਐਡਹਾਕ ਕਮੇਟੀ ਲੇਡੀਜ਼ ਕਲੱਬ ਦੀਆਂ ਕਿਸੇ 2 ਮੈਂਬਰਾਂ ਦੀਆਂ ਸੇਵਾਵਾਂ ਅਤੇ ਸਹਿਯੋਗ ਤਾਂ ਲੈ ਸਕੇਗੀ ਪਰ ਮੌਜੂਦਾ ਟੀਮ ਦੇ ਕਿਸੇ ਮੈਂਬਰ ਦਾ ਸਹਿਯੋਗ ਲੈਣ ’ਤੇ ਵੀ ਰੋਕ ਲਾਈ ਗਈ ਹੈ। ਚਿੱਠੀ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਕਲੱਬ ਦੀ ਏ. ਜੀ. ਐੱਮ. ਅਤੇ ਜਨਰਲ ਇਲੈਕਸ਼ਨ ਦੇ ਸਬੰਧ ਵਿਚ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ।
ਕਿਥੇ ਜਿਮਖਾਨਾ ਕਲੱਬ ਵਿਚ ਮੰਗ ਰਹੀਆ ਸਨ ਆਫਿਸ, ਹੁਣ ਬਿਲਕੁਲ ਬੈਨ ਹੋਈਆਂ
ਲੇਡੀਜ਼ ਜਿਮਖਾਨਾ ਕਲੱਬ ਦੀ ਮੌਜੂਦਾ ਟੀਮ ਨਾਲ ਸਬੰਧਤ ਕੁਝ ਆਫਿਸ ਬੀਯਰਰ ਕੁਝ ਮਹੀਨੇ ਪਹਿਲਾਂ ਮੇਨ ਜਿਮਖਾਨਾ ਕਲੱਬ ਵਿਚ ਲੇਡੀਜ਼ ਕਲੱਬ ਲਈ ਇਕ ਆਫਿਸ ਦੀ ਮੰਗ ਕਰ ਰਹੀਆਂ ਸਨ। ਇਸਦੇ ਲਈ ਉਨ੍ਹਾਂ ਕਿੱਟੀ ਹਾਲ ਦੇ ਨਾਲ ਵਾਲੇ ਬੋਰਡ ਰੂਮ ਨੂੰ ਚੁਣ ਵੀ ਲਿਆ ਸੀ ਅਤੇ ਉਥੇ ਆਪਣਾ ਆਫਿਸ ਬਣਾਉਣ ਦੀ ਤਿਆਰੀ ਕਰ ਲਈ ਸੀ। ਸੂਤਰ ਦੱਸਦੇ ਹਨ ਕਿ ਮੇਨ ਜਿਮਖਾਨਾ ਕਲੱਬ ਦੀ ਕਾਰਜਕਾਰਨੀ ਵਿਸ਼ੇਸ਼ ਕਰਕੇ ਸੈਕਟਰੀ ਸੰਦੀਪ ਬਹਿਲ ਨੇ ਇਸ ਮਾਮਲੇ ਵਿਚ ਸਖ਼ਤ ਰਵੱਈਆ ਅਪਣਾ ਲਿਆ ਸੀ ਅਤੇ ਸਪੱਸ਼ਟ ਰੂਪ ਨਾਲ ਕਿਹਾ ਸੀ ਕਿ ਲੇਡੀਜ਼ ਜਿਮਖਾਨਾ ਕਲੱਬ ਦਾ ਮੇਨ ਜਿਮਖਾਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਲੱਬ ਦੀਆਂ ਮੈਂਬਰਾਨ ਸਿਰਫ ਉਥੇ ਜਾ ਕੇ ਮੀਟਿੰਗ ਜਾਂ ਐਕਟੀਵਿਟੀ ਕਰ ਸਕਦੀਆਂ ਹਨ ਪਰ ਸਥਾਈ ਰੂਪ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਇਸ ਮਾਮਲੇ ਨੇ ਵੀ ਕਾਫ਼ੀ ਤੂਲ ਫੜਿਆ ਸੀ ਪਰ ਅੱਜ ਲੇਡੀਜ਼ ਕਲੱਬ ਦੀ ਪ੍ਰਧਾਨ ਨੇ ਜੋ ਹੁਕਮ ਕੱਢੇ ਗਏ ਹਨ, ਉਸਦੇ ਅਨੁਸਾਰ ਲੇਡੀਜ਼ ਜਿਮਖਾਨਾ ਕਲੱਬ ਦੀ ਮੌਜੂਦਾ ਟੀਮ ਹੁਣ ਮੇਨ ਜਿਮਖਾਨਾ ਕਲੱਬ ਵਿਚ ਕੋਈ ਵੀ ਮੀਟਿੰਗ ਜਾਂ ਐਕਟੀਵਿਟੀ ਨਹੀਂ ਕਰ ਸਕੇਗੀ। ਇਸ ਮਾਮਲੇ ਵਿਚ ਮੇਨ ਜਿਮਖਾਨਾ ਕਲੱਬ ਦੇ ਸੈਕਟਰੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਬਰਨਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਵਿਦਿਆਰਥੀਆਂ ਦੀ ਦਰਦਨਾਕ ਮੌਤ
ਮੈਡਮ ਕੋਲ ਕੋਈ ਪਾਵਰ ਨਹੀਂ, ਫੈਸਲੇ ਖ਼ਿਲਾਫ਼ ਕੋਰਟ ਜਾਵਾਂਗੀ : ਸਰੁਚੀ ਕੱਕੜ
ਲੇਡੀਜ਼ ਜਿਮਖਾਨਾ ਕਲੱਬ ਦੀ ਪ੍ਰਧਾਨ ਅਤੇ ਡਵੀਜ਼ਨਲ ਕਮਿਸ਼ਨਰ ਨੇ ਕਾਰਜਕਾਰਨੀ ਨੂੰ ਭੰਗ ਕਰਨ ਸਬੰਧੀ ਜਿਥੇ ਅੱਜ ਸਖ਼ਤ ਚਿੱਠੀ ਕੱਢੀ, ਉਥੇ ਹੀ ਲੇਡੀਜ਼ ਜਿਮਖਾਨਾ ਕਲੱਬ ਦੀ ਮੌਜੂਦਾ ਸੈਕਟਰੀ ਸਰੁਚੀ ਕੱਕੜ ਨੇ ਵੀ ਕਲੱਬ ਪ੍ਰਧਾਨ ਵਿਰੁੱਧ ਸਖ਼ਤ ਸਟੈਂਡ ਲੈ ਲਿਆ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਕਲੱਬ ਪ੍ਰਧਾਨ ਕੋਲ ਅਜਿਹੀ ਕੋਈ ਸੰਵਿਧਾਨਿਕ ਪਾਵਰ ਨਹੀਂ ਹੈ। ਉਨ੍ਹਾਂ ਨੂੰ ਨਾ ਕੋਈ ਨੋਟਿਸ ਕੱਢਿਆ ਗਿਆ ਅਤੇ ਨਾ ਹੀ ਕਿਸੇ ਦਾ ਪੱਖ ਜਾਣਿਆ ਗਿਆ। ਜੇਕਰ ਕੋਈ ਸ਼ਿਕਾਇਤ ਸੀ ਤਾਂ ਉਸ ਮਾਮਲੇ ਵਿਚ ਜਾਂਚ ਕਰ ਕੇ ਸਾਰੀਆਂ ਧਿਰਾਂ ਨੂੰ ਸੁਣਿਆ ਜਾਣਾ ਚਾਹੀਦਾ ਸੀ। ਸਰੁਚੀ ਕੱਕੜ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਇਹ ਫੈਸਲਾ ਤਾਨਾਸ਼ਾਹਪੂਰਨ ਹੈ ਅਤੇ ਉਹ ਇਸ ਫੈਸਲੇ ਵਿਰੁੱਧ ਅਦਾਲਤ ਦੀ ਸ਼ਰਨ ਵਿਚ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਉਪਜਿਆ ਵਿਵਾਦ ਕਿਥੇ ਜਾ ਕੇ ਸ਼ਾਂਤ ਹੁੰਦਾ ਹੈ।
ਇਹ ਵੀ ਪੜ੍ਹੋ: ਟਰੇਨ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 62 ਟਰੇਨਾਂ 3 ਮਹੀਨਿਆਂ ਲਈ ਰੱਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
15,000 ਕਰੋੜ ਦੇ ਮਹਾਦੇਵ ਐਪ ਘਪਲੇ ’ਚ ਜਲੰਧਰ ਦੇ ਬਿਲਡਰ ਦਾ ਵੀ ਨਾਂ ਸ਼ਾਮਲ, ED ਦੇ ਵੀ ਰਾਡਾਰ ’ਤੇ ਬੁੱਕੀ
NEXT STORY