ਜਲੰਧਰ (ਖੁਰਾਣਾ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਤਭੇਦਾਂ ਕਾਰਨ ਲੋਕਲ ਬਾਡੀਜ਼ ਮੰਤਰੀ ਦਾ ਅਹੁਦਾ ਨਵਜੋਤ ਸਿੱਧੂ ਤੋਂ ਲੈ ਕੇ ਬ੍ਰਹਮ ਮਹਿੰਦਰਾ ਨੂੰ ਸੌਂਪ ਦਿੱਤਾ ਹੈ। ਇਸ ਤਬਾਦਲੇ ਕਾਰਨ ਜਿੱਥੇ ਵਿਭਾਗ ਦੀ ਕਾਰਜਪ੍ਰਣਾਲੀ 'ਚ ਹੁਣ ਤੋਂ ਹੀ ਫਰਕ ਨਜ਼ਰ ਆਉਣ ਲੱਗਾ ਹੈ, ਉਥੇ ਹੀ ਲੋਕਲ ਬਾਡੀਜ਼ ਦੇ ਅਧਿਕਾਰੀ ਦੇ ਵਰਗ 'ਤੇ ਵੀ ਇਸ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ, ਲੋਕਲ ਬਾਡੀਜ਼ ਦੇ ਸਭ ਤੋਂ ਖਾਸ ਮੰਨੇ ਜਾਂਦੇ ਅਧਿਕਾਰੀ ਚੀਫ ਵਿਜੀਲੈਂਸ ਸੁਦੀਪ ਮਾਣਿਕ ਨੇ ਲੋਕਲ ਬਾਡੀਜ਼ ਦੇ ਇਸ ਅਹੁਦੇ ਤੋਂ ਆਪਣਾ ਤਿਆਗ ਪੱਤਰ ਸਰਕਾਰ ਨੂੰ ਸੌਂਪ ਦਿੱਤਾ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਨੇ ਇਹ ਅਸਤੀਫਾ 10 ਜੂਨ ਨੂੰ ਭੇਜ ਦਿੱਤਾ ਸੀ। ਅਸਤੀਫੇ ਨੂੰ ਸਵੀਕਾਰ ਕਰਨ ਦੀ ਪ੍ਰਕਿਰਿਆ ਅਜੇ ਚੱਲ ਰਹੀ ਹੈ ਅਤੇ ਜਲਦੀ ਹੀ ਲੋਕਲ ਬਾਡੀਜ਼ ਦਾ ਨਵਾਂ ਚੀਫ ਵਿਜੀਲੈਂਸ ਆਫੀਸਰ ਤਾਇਨਾਤ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮਾਰਚ 2017 'ਚ ਜਦੋਂ ਨਵਜੋਤ ਸਿੱਧੂ ਨੇ ਸਭ ਤੋਂ ਮਹੱਤਵਪੂਰਨ ਮੰਤਰਾਲਾ ਲੋਕਲ ਬਾਡੀਜ਼ ਦੀ ਕਮਾਨ ਸੰਭਾਲੀ ਸੀ ਉਦੋਂ ਇਕੋ ਇਕ ਲੋਕਲ ਬਾਡੀਜ਼ ਦੇ ਤਤਕਾਲੀਨ ਚੀਫ ਵਿਜੀਲੈਂਸ ਆਫੀਸਰ ਏ. ਕੇ. ਕਾਂਸਲ ਦੀ ਛੁੱਟੀ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਦੀ ਜਗ੍ਹਾ ਨਵਜੋਤ ਸਿੱਧੂ ਨੇਵੀ ਦੇ ਰਿਟਾ. ਅਧਿਕਾਰੀ ਸੁਦੀਪ ਮਾਣਿਕ ਨੂੰ ਲੈ ਆਏ ਸਨ। ਮਾਣਿਕ ਐੱਲ. ਐਂਡ ਟੀ. (ਲਾਰਸਨ ਐਂਡ ਟਬਰੋ) 'ਚ ਕੰਮ ਕਰਦੇ ਸਨ ਜਦੋਂ ਅਚਾਨਕ ਉਨ੍ਹਾਂ ਨੂੰ ਲੋਕਲ ਬਾਡੀਜ਼ ਮੰਤਰਾਲਾ ਦਾ ਚੀਫ ਵਿਜੀਲੈਂਸ ਆਫੀਸਰ ਬਣਾ ਦਿੱਤਾ। ਇਸ ਨਿਯੁਕਤੀ ਨੂੰ ਲੈ ਕੇ ਲੋਕਲ ਬਾਡੀਜ਼ ਮੰਤਰਾਲੇ 'ਚ ਖੂਬ ਰੌਲਾ ਪਿਆ ਸੀ ਕਿਉਂਕਿ ਵਿਭਾਗੀ ਨਿਯਮਾਂ ਵਾਲੇ ਮੈਨੂਅਲ 'ਚ ਸਾਫ ਲਿਖਿਆ ਸੀ ਕਿ ਇਸ ਅਹੁਦੇ 'ਤੇ ਨਿਯੁਕਤੀ ਸਬੰਧਤ ਅਧਿਕਾਰੀ ਦੀ ਸੀਨੀਅਰਤਾ ਦੇ ਆਧਾਰ 'ਤੇ ਤੈਅ ਹੋਵੇਗੀ ਅਤੇ ਨਿਯੁਕਤੀ ਲਈ ਵਿਜੀਲੈਂਸ ਬਿਊਰੋਂ ਤੋਂ ਕਲੀਅਰੈਂਸ ਲੈਣੀ ਹੋਵੇਗੀ। ਸੁਦੀਪ ਮਾਣਿਕ ਲੋਕਲ ਬਾਡੀਜ਼ ਮੰਤਰਾਲੇ ਨਾਲ ਸਬੰਧਤ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਇਸ ਵਿਭਾਗ ਦੀ ਕੋਈ ਸੀਨੀਓਰਿਟੀ ਸੀ। ਇਸ ਲਈ ਉਸ ਸਮੇਂ ਦੇ ਲੋਕਲ ਬਾਡੀਜ਼ ਦੇ ਕਈ ਉੱਚ ਅਫਸਰ ਨਾਰਾਜ਼ ਵੀ ਹੋ ਗਏ ਸਨ।
ਸੁਦੀਪ ਮਾਣਿਕ ਦੀ ਤਨਖਾਹ ਨੂੰ ਲੈ ਕੇ ਹੋਇਆ ਸੀ ਝਗੜਾ
ਤਾਤਕਲੀਨ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨੇਵੀ ਅਤੇ ਐੱਲ. ਐਂਡ. ਟੀ. 'ਚ ਕੰਮ ਕਰਦੇ ਅਧਿਕਾਰੀ ਸੁਦੀਪ ਮਾਣਿਕ ਨੂੰ ਮਹੱਤਵਪੂਰਨ ਅਹੁਦਾ ਸੌਂਪ ਦਿੱਤਾ ਸੀ ਪਰ ਮਾਣਿਕ ਦੀ ਤਨਖਾਹ ਨੂੰ ਲੈ ਕੇ ਉਸ ਸਮੇਂ ਕਾਫੀ ਵਿਵਾਦ ਚੱਲਿਆ ਸੀ। ਸੁਦੀਪ ਮਾਣਿਕ ਦੀ ਤਨਖਾਹ ਬਾਰੇ ਜਦੋਂ ਲੋਕਲ ਬਾਡੀਜ਼ ਦੇ ਉੱਚ ਮੰਤਰੀ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਤਨਖਾਹ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਪੀ. ਐੱਮ. ਆਈ. ਡੀ. ਸੀ. ਦੇ ਸਰਵਉੱਚ ਅਧਿਕਾਰੀ ਆਈ. ਏ. ਐੱਸ. ਅਜਾਏ ਸ਼ਰਮਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੀ. ਐੱਮ. ਆਈ. ਡੀ. ਸੀ. ਤੋਂ ਉਨ੍ਹਾਂ ਦੀ ਤਨਖਾਹ ਰਿਲੀਜ਼ ਨਹੀਂ ਹੋਈ ਹੈ। ਸੂਤਰ ਦੱਸਦੇ ਹਨ ਕਿ ਸੁਦੀਪ ਮਾਣਿਕ ਦੀ ਤਨਖਾਹ ਸਬੰਧੀ ਫਾਈਲ ਨੂੰ ਵੱਖ-ਵੱਖ ਪੱਧਰਾਂ 'ਤੇ ਰੋਕ ਲਿਆ ਗਿਆ ਸੀ ਕਿਉਂਕਿ ਉਨ੍ਹਾਂ ਦੀ ਨਿਯੁਕਤੀ ਹੀ ਨਿਯਮਾਂ ਖਿਲਾਫ ਸੀ। ਉਦੋਂ ਨਵਜੋਤ ਸਿੱਧੂ ਨੇ ਤਨਖਾਹ ਰੋਕੇ ਜਾਣ ਨੂੰ ਲੈ ਕੇ ਕੁਝ ਅਧਿਕਾਰੀਆਂ ਵਿਰੁੱਧ ਗੁੱਸੇ ਦਾ ਇਜ਼ਹਾਰ ਵੀ ਕੀਤਾ ਸੀ। ਹੁਣ ਵਿਭਾਗ 'ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਇੰਨੇ ਮਹੀਨੇ ਬਿਨਾਂ ਤਨਖਾਹ ਕਿਵੇਂ ਕੋਈ ਕੰਮ ਕਰ ਸਕਦਾ ਹੈ।
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਆਪਣੇ ਖੂਨ ਨਾਲ ਪੱਤਰ ਲਿਖ ਕੇ ਭੇਜੇ
NEXT STORY