ਜਲੰਧਰ (ਖੁਰਾਣਾ)— 18 ਦਸੰਬਰ ਨੂੰ 'ਜਗ ਬਾਣੀ' 'ਚ ਨਗਰ ਨਿਗਮ ਦੇ ਸਟਰੀਟ ਲਾਈਟ ਠੇਕੇਦਾਰਾਂ ਵੱਲੋਂ ਆਪਸ 'ਚ ਪੂਲ ਕਰਕੇ ਮੇਨਟੀਨੈਂਸ ਸਬੰਧੀ ਟੈਂਡਰ ਭਰਨ ਦੀ ਖਬਰ ਵਿਸਥਾਰ ਨਾਲ ਛਪੀ ਸੀ, ਜਿਸ ਦਾ ਅਸਰ ਬੀਤੇ ਦਿਨ ਇਹ ਹੋਇਆ ਕਿ ਐੱਫ. ਐਂਡ. ਸੀ. ਸੀ. ਕਮੇਟੀ ਨੇ ਉਸ ਟੈਂਡਰ ਨੂੰ ਸਿਰੇ ਤੋਂ ਹੀ ਰਿਜੈਕਟ ਕਰ ਦਿੱਤਾ। ਹੁਣ ਨਗਰ ਨਿਗਮ ਨਵੇਂ ਸਿਰੇ ਤੋਂ ਇਨ੍ਹਾਂ ਟੈਂਡਰਾਂ ਬਾਰੇ ਫੈਸਲਾ ਲਵੇਗਾ। ਐੱਫ. ਐਂਡ. ਸੀ. ਸੀ. ਦੀ ਬੈਠਕ ਬੀਤੇ ਦਿਨ ਬਾਅਦ ਦੁਪਹਿਰ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਕੌਂਸਲਰ ਗਿਆਨ ਚੰਦ ਅਤੇ ਕੌਂਸਲਰ ਬੰਟੀ ਨੀਲਕੰਠ ਤੋਂ ਇਲਾਵਾ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਅਤੇ ਹੋਰ ਨਿਗਮ ਅਧਿਕਾਰੀ ਹਾਜ਼ਰ ਹੋਏ।
ਬੈਠਕ ਦੌਰਾਨ ਸਟਰੀਟ ਲਾਈਟ ਮੇਨਟੀਨੈਂਸ ਸਬੰਧੀ ਪ੍ਰਸਤਾਵ 'ਤੇ ਚਰਚਾ ਦੌਰਾਨ ਠੇਕੇਦਾਰਾਂ ਦੇ ਆਪਸੀ ਪੂਲ ਅਤੇ ਬੇਹੱਦ ਘੱਟ ਡਿਸਕਾਊਂਟ 'ਤੇ ਚਰਚਾ ਹੋਈ, ਜਿਸ ਤੋਂ ਬਾਅਦ ਇਨ੍ਹਾਂ ਟੈਂਡਰਾਂ ਨੂੰ ਰਿਜੈਕਟ ਅਤੇ ਰੀ-ਕਾਲ ਕਰਨ ਸਬੰਧੀ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਬੈਠਕ 'ਚ 5.30 ਕਰੋੜ ਰੁਪਏ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ। ਬੈਠਕ ਦੌਰਾਨ ਰਿਪਲੇਸਮੈਂਟ ਮਾਮਲੇ 'ਚ ਇਕ ਟਿਊਬਵੈੱਲ ਲਾਉਣ ਦਾ ਕੰਮ ਕਰ ਕੇ ਤਿੰਨ ਟਿਊਬਵੈੱਲ ਦਾ ਕੰਮ ਪੈਂਡਿੰਗ ਰੱਖ ਲਿਆ ਗਿਆ। ਭਾਗਵਤ ਇੰਟਰਪ੍ਰਾਈਜ਼ਿਜ਼ ਨੂੰ ਦਿੱਤੇ ਗਏ ਠੇਕੇ ਨੂੰ ਰੱਦ ਕਰਨ ਸਬੰਧੀ ਪ੍ਰਸਤਾਵ ਨੂੰ ਵੀ ਪੈਂਡਿੰਗ ਰੱਖ ਲਿਆ ਗਿਆ। ਟਿਊਬਵੈੱਲਾਂ ਦੀ ਮੇਨਟੀਨੈਂਸ ਸਬੰਧੀ ਖਰੀਦੀ ਜਾਣ ਵਾਲੀ ਕੇਬਲ ਦੇ ਪ੍ਰਸਤਾਵ 'ਤੇ ਮੇਅਰ ਦੀ ਪ੍ਰਧਾਨਗੀ 'ਚ ਕਮੇਟੀ ਬਣਾਉਣ ਦਾ ਫੈਸਲਾ ਹੋਇਆ।
ਨਿਗਮ ਨੂੰ ਲੱਗਣ ਲੱਗਾ ਸੀ 1.25 ਕਰੋੜ ਦਾ ਚੂਨਾ
ਜਗ ਬਾਣੀ 'ਚ ਛਪੀ ਖਬਰ 'ਚ ਖੁਲਾਸਾ ਕੀਤਾ ਗਿਆ ਸੀ ਕਿ ਸਟਰੀਟ ਲਾਈਟ ਦੇ ਠੇਕੇਦਾਰ ਮੇਨਟੀਨੈਂਸ ਸਬੰਧੀ ਟੈਂਡਰ 'ਚ ਆਪਸੀ ਪੂਲ ਕਰਕੇ ਨਗਰ ਨਿਗਮ ਨੂੰ ਮੋਟਾ ਚੂਨਾ ਲਾਉਣ ਜਾ ਰਹੇ ਹਨ, ਜਿਸ ਕਾਰਣ ਨਿਗਮ ਪ੍ਰਸ਼ਾਸਨ ਅਤੇ ਰਾਜਸੀ ਆਗੂ ਚੌਕੰਨੇ ਹੋ ਗਏ ਸਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਨ੍ਹਾਂ ਸਟਰੀਟ ਲਾਈਟ ਠੇਕੇਦਾਰਾਂ ਨੇ ਹੀ ਆਪਸੀ ਪੂਲ ਨਾ ਕਰਕੇ ਕੰਪੀਟੀਸ਼ਨ 'ਚ ਆ ਕੇ ਇਹ ਟੈਂਡਰ ਭਰੇ ਸਨ ਅਤੇ ਤਦ ਨਿਗਮ ਨੂੰ ਕੁਲ ਅਮਾਊਂਟ ਦਾ 33.33 ਫੀਸਦੀ ਡਿਸਕਾਊਂਟ ਦਿੱਤਾ ਸੀ। ਇਸ ਡਿਸਕਾਊਂਟ ਦੇ ਆਧਾਰ 'ਤੇ ਠੇਕੇਦਾਰਾਂ ਨੇ ਪੂਰਾ ਸਾਲ ਕੰਮ ਕੀਤਾ। ਪਿਛਲੇ ਸਾਲ ਸੁਧੀਰ ਨਾਂ ਦੇ ਠੇਕੇਦਾਰ ਨੇ ਇਸ ਪੂਲ ਨੂੰ ਤੋੜਣ ਦਾ ਕੰਮ ਕੀਤਾ ਸੀ ਪਰ ਇਸ ਵਾਰ ਉਸ ਦੀ ਫਰਮ ਐੱਸ. ਕੇ. ਈ. ਇਲੈਕਟ੍ਰੀਕਲਸ ਨੂੰ ਨਾਲ ਮਿਲਾ ਲਿਆ। ਪੁਰਾਣੇ ਠੇਕੇਦਾਰਾਂ ਸਰੀਨ ਕਾਂਟ੍ਰੈਕਟਰ, ਲੂਥਰਾ ਇੰਟਰਪ੍ਰਾਈਜ਼ਿਜ਼, ਜਗਦੀਸ਼ ਇਲੈਕਟ੍ਰਾਨਿਕ, ਤਰਨਤਾਰਨ ਇਲੈਕਟ੍ਰਿਕ ਅਤੇ ਗੁਰਮ ਇਲੈਕਟ੍ਰੀਕਲਸ ਦੇ ਠੇਕੇਦਾਰਾਂ ਨੇ ਸੁਧੀਰ ਠੇਕੇਦਾਰ ਦੀ ਐੱਸ. ਕੇ. ਈ. ਇੰਜੀਨੀਅਰਸ ਦੇ ਨਾਲ ਮਿਲ ਕੇ ਇਸ ਵਾਰ ਪੂਲ ਕਰਕੇ ਜੋ ਟੈਂਡਰ ਭਰੇ ਉਨ੍ਹਾਂ ਵਿਚ ਨਿਗਮ ਨੂੰ ਵੱਧ ਤੋਂ ਵੱਧ 2.30 ਫੀਸਦੀ ਦਾ ਡਿਸਕਾਊਂਟ ਦਿੱਤਾ ਗਿਆ।
ਆਸਾਨੀ ਨਾਲ ਹਿਸਾਬ ਲਾਇਆ ਜਾ ਸਕਦਾ ਹੈ ਕਿ 4 ਕਰੋੜ ਦੇ ਟੈਂਡਰ ਜੇਕਰ 2.30 ਫੀਸਦੀ ਡਿਸਕਾਊਂਟ 'ਤੇ ਦਿੱਤੇ ਜਾਂਦੇ ਹਨ ਤਾਂ ਨਿਗਮ ਨੂੰ ਸਿਰਫ 9 ਲੱਖ ਰੁਪਏ ਦੀ ਬੱਚਤ ਹੁੰਦੀ ਹੈ, ਜਦੋਂਕਿ ਇਹ ਹੀ 4 ਕਰੋੜ ਰੁਪਏ ਦੇ ਟੈਂਡਰ ਜੇਕਰ ਪਿਛਲੀ ਵਾਰ ਵਾਂਗ 33.33 ਫੀਸਦੀ ਡਿਸਕਾਊਂਟ 'ਤੇ ਦਿੱਤੇ ਜਾਂਦੇ ਤਾਂ ਨਿਗਮ ਨੂੰ 1.34 ਕਰੋੜ ਦੀ ਬੱਚਤ ਹੁੰਦੀ। ਇਸ ਤਰ੍ਹਾਂ ਆਪਸੀ ਪੂਲ ਕਰ ਕੇ ਠੇਕੇਦਾਰ ਨਿਗਮ ਨੂੰ 1.25 ਕਰੋੜ ਰੁਪਏ ਦਾ ਚੂਨਾ ਲਾਉਣ ਜਾ ਰਹੇ ਸਨ।
ਹੁਸ਼ਿਆਰਪੁਰ ਦੀ ਬਜਵਾੜਾ ਸੋਸਾਇਟੀ 'ਤੇ ਐੱਫ. ਆਈ. ਆਰ. ਕਰਵਾਈ ਜਾਵੇ
ਐੱਫ. ਐਂਡ. ਸੀ. ਸੀ. ਦੀ ਬੈਠਕ ਦੌਰਾਨ ਫੈਸਲਾ ਹੋਇਆ ਕਿ ਹੁਸ਼ਿਆਰਪੁਰ ਦੀ ਕੰਸਟ੍ਰੱਕਸ਼ਨ ਕੰਪਨੀ ਬਜਵਾੜਾ ਸੋਸਾਇਟੀ ਖਿਲਾਫ ਨਗਰ ਨਿਗਮ ਵਲੋਂ ਐੱਫ. ਆਈ. ਆਰ. ਦਰਜ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਨਿਗਮ ਦੇ ਟੈਂਡਰ ਹਾਸਲ ਕਰਨ ਲਈ ਬਜਵਾੜਾ ਸੋਸਾਇਟੀ ਨੇ ਫਰਾਡ ਕਰਦਿਆਂ ਗਲਤ ਦਸਤਾਵੇਜ਼ ਨਿਗਮ ਨੂੰ ਸੌਂਪੇ ਸਨ। ਪਹਿਲਾਂ ਵੀ ਐੱਫ. ਆਈ. ਸੀ. ਸੀ. ਦੀ ਬੈਠਕ 'ਚ ਇਸ ਸੋਸਾਇਟੀ ਨੂੰ ਬਲੈਕਲਿਸਟ ਕਰਨ ਸਬੰਧੀ ਪ੍ਰਸਤਾਵ ਆਇਆ ਸੀ ਪਰ ਉਸ ਸਮੇਂ ਹੁਸ਼ਿਆਰਪੁਰ ਤੋਂ ਆਉਂਦੇ ਠੇਕੇਦਾਰਾਂ ਨੇ ਨਿਗਮ ਨੂੰ ਅਜੀਬ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀਆਂ ਮੋਹਰਾਂ ਤੇ ਟੈਂਡਰ ਅਪਲੋਡ ਕਰਨ ਵਾਲੀ ਡੌਂਗਲ ਆਦਿ ਚੋਰੀ ਹੋ ਗਈ ਸੀ। ਨਿਗਮ ਨੇ ਚੋਰੀ ਸਬੰਧੀ ਐੱਫ. ਆਈ. ਆਰ. ਦੀ ਕਾਪੀ ਮੰਗੀ ਸੀ ਪਰ ਬਜਵਾੜਾ ਸੋਸਾਇਟੀ ਐੱਫ. ਆਈ. ਆਰ. ਦੀ ਕਾਪੀ ਨਹੀਂ ਦੇ ਸਕੀ, ਜਿਸ ਕਾਰਨ ਦੋਬਾਰਾ ਪ੍ਰਸਤਾਵ ਲਿਆ ਕੇ ਬਜਵਾੜਾ ਕੋਆਪ੍ਰੇਵਿਟ ਸੋਸਾਇਟੀ ਨੂੰ ਬਲੈਕਲਿਸਟ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ।
ਠੇਕੇਦਾਰ ਖੋਸਲਾ ਨੂੰ ਵੀ ਬਲੈਕਲਿਸਟ ਕੀਤਾ ਜਾਵੇ
ਐੱਫ. ਐਂਡ. ਸੀ. ਸੀ. ਦੀ ਬੈਠਕ 'ਚ ਪਾਸ ਪ੍ਰਸਤਾਵ ਮੁਤਾਬਕ ਨਗਰ ਨਿਗਮ ਦੇ ਠੇਕੇਦਾਰ ਖੋਸਲਾ ਨੂੰ ਵੀ ਬਲੈਕਲਿਸਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਠੇਕੇਦਾਰ ਨੇ ਕਰਨ ਹਸਪਤਾਲ, ਚਿਕ-ਚਿਕ ਅਤੇ ਝੰਡੀਆਂ ਵਾਲਾ ਪੀਰ ਇਲਾਕੇ 'ਚ ਸੜਕ ਬਣਾਉਣ ਦਾ ਠੇਕਾ ਲਿਆ ਸੀ ਅਤੇ ਉਸ ਨੂੰ ਪੰਜ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਕੰਮ ਪੂਰਾ ਨਾ ਕਰਨ 'ਤੇ ਠੇਕੇਦਾਰ ਨੂੰ ਦੋ ਨੋਟਿਸ ਕੱਢੇ ਗਏ ਸਨ ਪਰ ਠੇਕੇਦਾਰ ਨੇ ਫਿਰ ਵੀ ਕੰਮ ਸ਼ੁਰੂ ਨਹੀਂ ਕੀਤਾ। 9 ਸਤੰਬਰ ਨੂੰ ਠੇਕੇਦਾਰ ਨੂੰ ਨੋਟਿਸ ਕੱਢ ਕੇ 7 ਦਿਨਾਂ 'ਚ ਕੰਮ ਖਤਮ ਕਰਨ ਲਈ ਕਿਹਾ ਗਿਆ ਸੀ, ਜਿਸ ਕਾਰਨ ਠੇਕੇਦਾਰ ਖੋਸਲਾ ਨੂੰ ਬਲੈਕਲਿਸਟ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਐੱਫ. ਐਂਡ ਸੀ. ਸੀ. ਵਿਚ ਪਾਸ ਹੋਏ ਹੋਰ ਪ੍ਰਸਤਾਵ
ਸਾਰੇ ਸੀਵਰੇਜ ਟਰੀਟਮੈਂਟ ਪਲਾਂਟਾਂ 'ਤੇ ਐੱਨ. ਜੀ. ਟੀ. ਦੇ ਨਿਰਦੇਸ਼ਾਂ ਅਨੁਸਾਰ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ।
ਸਾਲਿਡ ਵੇਸਟ ਮੈਨੇਜਮੈਂਟ ਮਿਸ਼ਨ ਤਹਿਤ ਟਿੱਪਰਾਂ ਦੀ ਥਾਂ 'ਤੇ 20 ਬੈਟਰੀ ਨਾਲ ਚੱਲਣ ਵਾਲੇ ਈ-ਰਿਕਸ਼ਾ ਖਰੀਦੇ ਜਾਣਗੇ।
6 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ 1 ਦਿਨ ਦੇ ਪੁਲਸ ਰਿਮਾਂਡ 'ਤੇ
NEXT STORY