ਜਲੰਧਰ (ਖੁਰਾਣਾ)— ਨਗਰ ਨਿਗਮ ਜਲੰਧਰ ਦੀਆਂ ਪਿਛਲੀਆਂ ਚੋਣਾਂ 17 ਦਸੰਬਰ 2017 ਨੂੰ ਹੋਈਆਂ ਸਨ ਅਤੇ ਅੱਜ ਨਿਗਮ ਦੇ ਕੌਂਸਲਰਾਂ ਨੂੰ ਚੁਣੇ ਹੋਏ 2 ਸਾਲ ਦਾ ਸਮਾਂ ਪੂਰਾ ਹੋ ਚੁੱਕਾ ਹੈ। ਇਨ੍ਹਾਂ ਦੋ ਸਾਲਾਂ ਦੌਰਾਨ ਜਿੱਥੇ ਨਗਰ ਨਿਗਮ ਕਈ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਵਿਵਾਦਾਂ 'ਚ ਰਿਹਾ, ਉਥੇ ਆਪਣੇ ਹੀ ਕੌਂਸਲਰਾਂ ਦੀ ਬਗਾਵਤ ਕਾਰਨ ਸੱਤਾਧਾਰੀ ਕਾਂਗਰਸ ਪਾਰਟੀ ਵੀ ਚਰਚਾ 'ਚ ਰਹੀ। ਪੇਸ਼ ਹੈ ਪਿਛਲੇ ਦੋ ਸਾਲਾਂ 'ਚ ਜਲੰੰਧਰ ਨਗਰ ਨਿਗਮ 'ਚ ਹੋਈਆਂ ਘਟਨਾਵਾਂ ਦਾ ਵੇਰਵਾ :

ਸਟ੍ਰੀਮਲਾਈਨ ਨਹੀਂ ਹੋਇਆ ਸਫਾਈ ਸਿਸਟਮ
ਪਹਿਲੀ ਵਾਰ ਸੀ ਕਿ ਨਿਗਮ 'ਚ 80 ਵਾਰਡ ਬਣੇ ਪਰ ਸਫਾਈ ਕਰਮਚਾਰੀਆਂ ਦੀ ਗਿਣਤੀ ਨਹੀਂ ਵਧੀ। ਵਾਰਡ 'ਚ ਬਰਾਬਰ-ਬਰਾਬਰ ਸਫਾਈ ਕਰਮਚਾਰੀ ਵੰਡਣ ਦਾ ਸਿਲਸਿਲਾ ਛਿੜਿਆ ਪਰ ਅੱਜ ਤੱਕ ਸਫਾਈ ਕਰਮਚਾਰੀਆਂ ਦੀ ਵੰਡ ਸਟ੍ਰੀਮਲਾਈਨ ਨਹੀਂ ਹੋਈ। ਜ਼ਿਆਦਾਤਰ ਕਾਂਗਰਸੀ ਕੌਂਸਲਰ ਰੌਲਾ ਪਾਉਂਦੇ ਦੇਖੇ ਗਏ ਕਿ ਉਨ੍ਹਾਂ ਦੇ ਵਾਰਡ ਨੂੰ ਬਹੁਤ ਘੱਟ ਸਫਾਈ ਸੇਵਕ ਅਲਾਟ ਹੋਏ ਹਨ। ਕਈ ਵਾਰਡਾਂ ਨੂੰ ਜ਼ਿਆਦਾ ਸਫਾਈ ਸੇਵਕ ਦੇਣ 'ਤੇ ਵੀ ਸਵਾਲ ਉਠੇ ਅਤੇ ਅੱਜ ਵੀ ਦਰਜਨਾਂ ਕੌਂਸਲਰਾਂ ਦੇ ਮਨ ਵਿਚ ਸਫਾਈ ਕਰਮਚਾਰੀਆਂ ਦੀ ਕਮੀ ਨੂੰ ਲੈ ਕੇ ਗੁੱਸਾ ਬਰਕਰਾਰ ਹੈ।

ਕੂੜਾ ਬਣ ਰਿਹਾ ਮੁੱਖ ਸਮੱਸਿਆ
ਇਨ੍ਹਾਂ ਦੋ ਸਾਲਾਂ ਦੌਰਾਨ ਸ਼ਹਿਰ ਦੇ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਕਈ ਕੋਸ਼ਿਸ਼ਾਂ ਹੋਈਆਂ ਪਰ ਜ਼ਿਆਦਾਤਰ ਅਸਫਲ ਰਹੀਆਂ। ਮੁੱਖ ਸੜਕਾਂ 'ਤੇ ਕੂੜੇ ਦੇ ਢੇਰ ਘੱਟ ਨਹੀਂ ਹੋਏ ਅਤੇ ਵਰਿਆਣਾ ਡੰਪ ਵੀ ਸਮੱਸਿਆ ਤੋਂ ਮੁਕਤ ਨਹੀਂ ਹੋਇਆ। ਕਾਂਗਰਸੀ ਕੌਂਸਲਰ ਬਲਰਾਜ ਠਾਕੁਰ ਅਤੇ ਹੋਰਨਾਂ ਨੇ ਕੂੜੇ ਨੂੰ ਲੈ ਕੇ ਧਰਨਾ ਤੱਕ ਲਾਇਆ ਪਰ ਸਮੱਸਿਆ ਉਸੇ ਤਰ੍ਹਾਂ ਕਾਇਮ ਹੈ। ਅੱਜ ਵੀ ਕਈ ਵਾਰਡਾਂ 'ਚ ਥਾਂ-ਥਾਂ ਕੂੜਾ ਦਿਸ ਰਿਹਾ ਹੈ। ਪ੍ਰਾਈਵੇਟ ਮਸ਼ੀਨਰੀ 'ਤੇ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਕੂੜੇ ਦੀ ਸਮੱਿਸਆ ਘੱਟ ਨਹੀਂ ਹੋਈ।

ਐੱਲ. ਈ. ਡੀ. ਪ੍ਰਾਜੈਕਟ ਬੰਦ, ਹਨੇਰਾ ਪੱਸਰਿਆ
ਅਕਾਲੀ-ਭਾਜਪਾ ਸਰਕਾਰ ਨੇ ਸ਼ਹਿਰ ਦੀਆਂ 65000 ਸਟਰੀਟ ਲਾਈਟਾਂ ਨੂੰ ਐੱਲ. ਈ. ਡੀ. 'ਚ ਬਦਲਣ ਦਾ ਜੋ ਪ੍ਰਾਜੈਕਟ ਸ਼ੁਰੂ ਕੀਤਾ ਸੀ ਉਸ 'ਚ ਘਪਲਾ ਬਰਕਰਾਰ ਦੇ ਕੇ ਕਾਂਗਰਸ ਨੇ ਉਸ ਨੂੰ ਬੰਦ ਕਰਵਾ ਦਿੱਤਾ, ਜਿਸ ਕਾਰਣ ਅੱਜ ਵੀ ਸ਼ਹਿਰ 'ਚ ਹਨੇਰਾ ਪੱਸਰਿਆ ਹੋਇਆ ਹੈ। ਪੁਰਾਣੀਆਂ ਲਾਈਟਾਂ ਦੀ ਮੇਨਟੀਨੈਂਸ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਠੇਕੇਦਾਰਾਂ ਦੀ ਮਨਮਰਜ਼ੀ 'ਤੇ ਕੋਈ ਲਗਾਮ ਨਹੀਂ ਹੈ।

ਇਟਲੀ ਦੀ ਬਜਾਏ ਦੇਸੀ ਸਵੀਪਿੰਗ ਮਸ਼ੀਨ ਚੱਲੀ
ਅਕਾਲੀ-ਭਾਜਪਾ ਸਰਕਾਰ ਨੇ ਇਟਲੀ 'ਚ ਬਣੀਆਂ ਸਵੀਪਿੰਗ ਮਸ਼ੀਨਾਂ ਨਾਲ ਸ਼ਹਿਰ ਦੀ ਸਫਾਈ ਦਾ ਪ੍ਰਾਜੈਕਟ ਸ਼ੁਰੂ ਕਰਵਾਇਆ ਸੀ ਪਰ ਕਾਂਗਰਸ ਨੇ ਉਸ ਵਿਚ ਵੀ ਘਪਲਾ ਦੱਸ ਕੇ ਉਸ ਨੂੰ ਬੰਦ ਕਰਵਾ ਦਿੱਤਾ। ਬਦਲੇ 'ਚ ਸਮਾਰਟ ਸਿਟੀ ਦੇ ਤਹਿਤ ਦੇਸੀ ਮਸ਼ੀਨ ਲਾਈ ਗਈ ਜੋ ਹੁਣ ਸ਼ਹਿਰ ਦੀਆਂ ਸੜਕਾਂ 'ਤੇ ਚੱਲਣੀ ਸ਼ੁਰੂ ਹੋਈ ਹੈ। ਇਸ ਕਾਰਣ ਮੇਨ ਸੜਕਾਂ ਦੀ ਸਫਾਈ ਪ੍ਰਭਾਵਿਤ ਰਹੀ।

ਨਾਜਾਇਜ਼ ਬਿਲਡਿੰਗਾਂ ਦੀ ਆਈ ਸ਼ਾਮਤ
ਨਾਜਾਇਜ਼ ਬਿਲਡਿੰਗਾਂ ਬਣਾਉਣ ਦਾ ਸਿਲਸਿਲਾ ਅੱਜ ਤੱਕ ਨਹੀਂ ਰੁਕ ਸਕਿਆ ਪਰ ਦੋ ਸਾਲਾਂ ਦੌਰਾਨ ਨਾਜਾਇਜ਼ ਬਿਲਡਿੰਗਾਂ ਦੀ ਚੰਗੀ ਸ਼ਾਮਤ ਆਈ। ਪਹਿਲਾਂ ਨਵਜੋਤ ਿਸੰਘ ਸਿੱਧੂ ਨੇ ਕਈ ਬਿਲਡਿੰਗਾਂ ਅਤੇ ਕਾਲੋਨੀਆਂ 'ਤੇ ਡਿੱਚ ਚਲਵਾਈ, ਉਸ ਤੋਂ ਬਾਅਦ ਸਿਮਰਨਜੀਤ ਸਿੰਘ ਵਲੋਂ ਹਾਈ ਕੋਰਟ 'ਚ ਦਾਇਰ ਪਟੀਸ਼ਨ ਕਾਰਨ 80 ਤੋਂ ਵੱਧ ਬਿਲਡਿੰਗਾਂ ਸੀਲ ਹੋਈਆਂ ਅਤੇ ਕਈਆਂ ਨੂੰ ਤੋੜਿਆ ਗਿਆ। ਅਜੇ ਵੀ 448 'ਚੋਂ 200 ਬਿਲਡਿੰਗਾਂ 'ਤੇ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ।

ਆਰਥਿਕ ਸੰਕਟ 'ਚ ਰਿਹਾ ਨਿਗਮ
ਦੋ ਸਾਲਾਂ ਦੌਰਾਨ ਨਿਗਮ ਆਰਥਿਕ ਸੰਕਟ ਤੋਂ ਉਭਰ ਨਹੀਂ ਸਕਿਆ। ਪਿਛਲੇ ਸਾਲ ਨਿਗਮ ਯੂਨੀਅਨਾਂ ਨੇ ਤਨਖਾਹ ਨੂੰ ਲੈ ਕੇ ਕਈ ਵਾਰ ਹੜਤਾਲ ਕੀਤੀ ਅਤੇ ਇਸ ਵਾਰ ਵੀ ਨਿਗਮ ਕੋਲੋਂ ਆਪਣੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ। ਸਰਕਾਰ ਕੋਲੋਂ ਗ੍ਰਾਂਟਾਂ ਬੇਹੱਦ ਮਾਮੂਲੀ ਆਈਆਂ ਅਤੇ ਪੈਸਿਆਂ ਦੀ ਤੰਗੀ ਕਾਰਣ ਵਿਕਾਸ ਕੰਮ ਪ੍ਰਭਾਵਿਤ ਰਹੇ।
ਲੋਕ ਸਭਾ ਚੋਣਾਂ 'ਚ ਲੱਗਾ ਝਟਕਾ
ਇਸ ਦੌਰਾਨ ਹੋਈਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਕਾਂਗਰਸੀ ਉਮੀਦਵਾਰ ਨੂੰ ਜਲੰਧਰ ਨਾਰਥ ਅਤੇ ਜਲੰਧਰ ਸੈਂਟਰਲ 'ਚ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਜਲੰਧਰ ਵੈਸਟ ਅਤੇ ਜਲੰਧਰ ਛਾਉਣੀ 'ਚ ਵੀ ਲੀਡ ਘੱਟ ਹੋਈ। ਵਿਕਾਸ ਕੰਮ ਨਾ ਹੋਣ ਕਾਰਣ ਲੋਕਾਂ ਿਵਚ ਨਾਰਾਜ਼ਗੀ ਦਿਸੀ, ਜੋ ਅੱਜ ਤੱਕ ਕਾਇਮ ਹੈ।

ਸਮਾਰਟ ਸਿਟੀ ਚੱਲੀ ਕੀੜੀ ਦੀ ਚਾਲ
ਸਮਾਰਟ ਸਿਟੀ ਦੇ ਖਾਤੇ 'ਚ ਕਰੋੜਾਂ ਰੁਪਏ ਆਉਣ ਦੇ ਬਾਵਜੂਦ ਕੰਮ ਦੀ ਰਫਤਾਰ ਕੀੜੀ ਦੀ ਚਾਲ ਜਿਹੀ ਰਹੀ। ਜ਼ਿਆਦਾਤਰ ਪ੍ਰਾਜੈਕਟ ਫਾਈਲਾਂ 'ਚ ਹੀ ਅੱਗੇ ਵਧਦੇ ਦਿਸੇ ਅਤੇ 11 ਚੌਕਾਂ ਨੂੰ ਸੰਵਾਰਨ ਦਾ ਕੰਮ ਵੀ ਇਕ ਚੌਕ ਤੱਕ ਹੀ ਸੀਮਤ ਰਹਿ ਗਿਆ। ਵਿਕਾਸ ਕੰਮਾਂ 'ਚ ਸਲੋਅ ਪ੍ਰੋਗਰੈੱਸ ਤੋਂ ਵਿਧਾਇਕਾਂ 'ਚ ਨਿਰਾਸ਼ਾ ਦੇਖਣ ਨੂੰ ਮਿਲੀ ਪਰ ਹੁਣ ਪ੍ਰਾਜੈਕਟ ਕੁਝ ਰਫਤਾਰ ਫੜਦੇ ਦਿਸ ਰਹੇ ਹਨ।

ਕੱਪੜੇ ਦੇ ਥੈਲਿਆਂ ਦਾ ਚਲਨ ਵਧਿਆ
ਪਲਾਸਟਿਕ 'ਤੇ ਲੱਗੀ ਪਾਬੰਦੀ ਨੂੰ ਥੋੜ੍ਹੀ-ਬਹੁਤੀ ਸਖਤੀ ਨਾਲ ਲਾਗੂ ਕੀਤਾ ਗਿਆ, ਜਿਸ ਕਾਰਨ ਕੱਪੜੇ ਦੇ ਥੈਲਿਆਂ ਦਾ ਚਲਨ ਵਧਿਆ। ਨਿਗਮ ਨੇ ਇਸ ਬਾਰੇ ਲੋਕਾਂ ਨੂੰ ਖੂਬ ਜਾਗਰੂਕ ਕੀਤਾ। ਕਈ ਸੰਸਥਾਵਾਂ ਵੀ ਇਸ ਚੰਗੇ ਕੰਮ ਲਈ ਅੱਗੇ ਆਈਆਂ। ਭਾਵੇਂ ਪਲਾਸਟਿਕ 'ਤੇ ਪਾਬੰਦੀ ਅਜੇ ਵੀ ਸਖਤੀ ਨਾਲ ਲਾਗੂ ਨਹੀਂ ਹੈ ਪਰ ਫਿਰ ਵੀ ਲੋਕਾਂ ਦੇ ਹੱਥਾਂ 'ਚ ਕੱਪੜੇ ਦੇ ਥੈਲੇ ਿਦਸਣੇ ਸ਼ੁਰੂ ਹੋ ਗਏ ਹਨ।

12000 ਕੁੱਤਿਆਂ ਦੇ ਹੋਏ ਆਪ੍ਰੇਸ਼ਨ
ਨਿਗਮ ਨੇ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਪ੍ਰਾਈਵੇਟ ਏਜੰਸੀਆਂ ਨੂੰ ਦੇ ਦਿੱਤਾ, ਜਿਸ ਵਿਚ ਇਕ ਕਰੋੜ ਰੁਪਏ ਤੋਂ ਵੱਧ ਪੈਸੇ ਲੈ ਕੇ ਹੁਣ ਤੱਕ 12000 ਤੋਂ ਵੱਧ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਹੈ। ਨਸਬੰਦੀ ਤੋਂ ਬਾਅਦ ਕੁੱਤੇ ਉਨ੍ਹਾਂ ਗਲੀਆਂ 'ਚ ਛੱਡੇ ਜਾ ਰਹੇ ਹਨ, ਜਿਸ ਕਾਰਨ ਸਮੱਸਿਆ ਵਿਚ ਕਮੀ ਨਜ਼ਰ ਨਹੀਂ ਆ ਰਹੀ। ਆਵਾਰਾ ਕੁੱਤਿਆਂ ਵਲੋਂ ਵੱਢਣ ਦੀਆਂ ਘਟਨਾਵਾਂ ਵਿਚ ਕਮੀ ਨਹੀਂ ਦਿਸੀ। ਇਸ ਤੋਂ ਇਲਾਵਾ ਨਿਗਮ ਨੇ ਫਰੀਦਕੋਟ ਅਤੇ ਕੰਨਿਆਵਾਲੀ ਗਊਸ਼ਾਲਾ 'ਚ 800 ਤੋਂ ਵੱਧ ਬੇਸਹਾਰਾ ਪਸ਼ੂਆਂ ਨੂੰ ਭੇਜਿਆ ਹੈ ਪਰ ਸ਼ਹਿਰ 'ਚ ਇਹ ਸਮੱਸਿਆ ਅਜੇ ਵੀ ਬਰਕਰਾਰ ਹੈ।

ਸਿਰਫ ਕੌਂਸਲਰ ਰੋਨੀ ਨੇ ਹੀ ਕੱਟਿਆ ਕੇਕ
ਕੌਂਸਲਰ ਦੇ ਤੌਰ 'ਤੇ ਜਿੱਤੇ 80 ਲੋਕ ਨੁਮਾਇੰਦਿਆਂ ਨੇ ਬੀਤੇ ਦਿਨ ਆਪਣਾ 2 ਸਾਲ ਦਾ ਕਾਰਜਕਾਲ ਪੂਰਾ ਕੀਤਾ ਹੈ ਪਰ ਜ਼ਿਆਦਾਤਰ ਦੇ ਮਨ ਵਿਚ ਕੋਈ ਖਾਸ ਉਤਸ਼ਾਹ ਨਹੀਂ ਨਜ਼ਰ ਆਇਆ। ਸਿਰਫ ਆਜ਼ਾਦ ਤੌਰ 'ਤੇ ਜਿੱਤੇ ਕੌਂਸਲਰ ਰੋਨੀ ਨੇ ਇਸ ਮੌਕੇ ਕੇਕ ਕੱਟਿਆ, ਜਿਸ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਸਿਮ ਰੋਨੀ ਅਤੇ ਵਾਰਡ ਦੇ ਪਤਵੰਤੇ ਸੱਜਣ ਮੌਜੂਦ ਸਨ।

ਸਭ ਤੋਂ ਵੱਧ ਪ੍ਰੇਸ਼ਾਨ ਰਹੇ ਕੌਂਸਲਰ ਲੁਬਾਣਾ, ਪੱਲਿਓਂ ਖਰਚ ਕੀਤੇ 18 ਲੱਖ
2 ਸਾਲ ਪਹਿਲਾਂ ਹੋਰ ਕੌਂਸਲਰਾਂ ਦੇ ਨਾਲ ਵਾਰਡ ਨੰ. 5 ਤੋਂ ਅਕਾਲੀ ਕੌਂਸਲਰ ਦੇ ਤੌਰ 'ਤੇ ਬਲਜਿੰਦਰ ਕੌਰ ਚੋਣ ਜਿੱਤੀ, ਜਿਨ੍ਹਾਂ ਦੇ ਪਤੀ ਕੁਲਦੀਪ ਸਿੰਘ ਲੁਬਾਣਾ ਇਨ੍ਹਾਂ ਦੋ ਸਾਲਾਂ ਦੌਰਾਨ ਸਭ ਤੋਂ ਵੱਧ ਪ੍ਰੇਸ਼ਾਨ ਰਹੇ। ਸੱਤਾ 'ਚ ਬੈਠੇ ਕਾਂਗਰਸੀਆਂ ਨੇ ਉਨ੍ਹਾਂ ਦੇ ਵਾਰਡ 'ਚ ਕੰਮ ਨਹੀਂ ਹੋਣ ਦਿੱਤੇ ਪਰ ਉਨ੍ਹਾਂ ਵੀ ਆਪਣੇ ਪੱਲਿਓਂ 18 ਲੱਖ ਰੁਪਏ ਖਰਚ ਕਰ ਕੇ ਪੂਰਾ ਮੁਕਾਬਲਾ ਕੀਤਾ। ਸਰਾਭਾ ਨਗਰ, ਹਰਗੋਬਿੰਦ ਨਗਰ ਆਦਿ ਵਿਚ ਸੜਕਾਂ ਬਣਵਾਈਆਂ ਅਤੇ ਪਾਈਪਾਂ ਪੁਆਈਆਂ। ਪ੍ਰਾਈਵੇਟ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਖੁਦ ਤਨਖਾਹ ਦਿੰਦੇ ਹਨ। ਹੁਣ ਉਨ੍ਹਾਂ ਨੂਰਪੁਰ ਕਾਲੋਨੀ ਵਿਚ ਆਪਣੇ ਖਰਚੇ 'ਤੇ ਸੀਵਰ ਅਤੇ ਵਾਟਰ ਸਪਲਾਈ ਲਾਈਨ ਪਾਉਣ ਦੀ ਪੇਸ਼ਕਸ਼ ਕੀਤੀ ਹੈ ਪਰ ਇਹ ਕੰਮ ਵੀ ਨਹੀਂ ਹੋਣ ਦਿੱਤਾ ਜਾ ਰਿਹਾ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਵਾਰਡ 'ਚ ਦੋ ਸਾਲਾਂ ਦੌਰਾਨ ਇਕ ਰੁਪਏ ਦਾ ਵੀ ਵਿਕਾਸ ਕੰਮ ਨਹੀਂ ਹੋਇਆ ਪਰ ਵਾਰਡ 'ਚ ਸਮੱਸਿਆ ਵੀ ਕੋਈ ਨਹੀਂ ਹੈ।
ਆਦਮਪੁਰ ਤੋਂ ਉਡਾਣ ਭਰਨ ਵਾਲੀ ਸਪਾਈਸ ਜੈੱਟ ਫਲਾਈਟ ਦੇ ਸਮੇਂ 'ਚ ਹੋਇਆ ਬਦਲਾਅ
NEXT STORY