ਜਲੰਧਰ (ਖੁਰਾਣਾ)— ਜਦੋਂ ਕਾਂਗਰਸ ਪਾਰਟੀ ਨਗਰ ਨਿਗਮ 'ਚ ਵਿਰੋਧੀ ਧਿਰ 'ਚ ਬੈਠੀ ਸੀ ਤਦ ਵਿਕਾਸ ਕੰਮਾਂ ਦੀ ਕੁਆਲਿਟੀ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਵੱਲੋਂ ਖੂਬ ਰੌਲਾ ਪਾਇਆ ਜਾਂਦਾ ਸੀ ਪਰ ਇਸੇ ਕਾਂਗਰਸ ਨੂੰ ਹੁਣ ਪੰਜਾਬ 'ਚ ਆਏ 3 ਸਾਲ ਤੇ ਨਗਰ ਨਿਗਮ 'ਤੇ ਕਾਬਜ਼ ਹੋਏ 2 ਸਾਲ ਤੋਂ ਵੱਧ ਦਾ ਸਮਾਂ ਹੋਣ ਨੂੰ ਹੈ ਪਰ ਇਸ ਦੌਰਾਨ ਨਗਰ ਨਿਗਮ ਦਾ ਕੁਆਲਿਟੀ ਕੰਟਰੋਲ ਨਾ ਸਿਰਫ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ, ਸਗੋਂ ਸ਼ੱਕ ਦੇ ਘੇਰੇ 'ਚ ਵੀ ਆ ਗਿਆ ਹੈ।
ਵੈਸੇ ਤਾਂ ਪਿਛਲੇ ਦੋ ਸਾਲਾਂ 'ਚ ਘਟੀਆ ਮਟੀਰੀਅਲ ਨਾਲ ਹੋਏ ਕੰਮਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਤਾਜ਼ੀ ਮਿਸਾਲ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਦੇ ਵਾਰਡ ਵਿਚ ਆਉਂਦੇ ਪ੍ਰਕਾਸ਼ ਨਗਰ ਦੇ ਸੁੰਦਰ ਪਾਰਕ ਦੀ ਹੈ ਜਿੱਥੇ ਕਰੀਬ 18 ਮਹੀਨੇ ਪਹਿਲਾਂ ਨਗਰ ਨਿਗਮ ਨੇ ਨਵਾਂ ਟਿਊਬਵੈੱਲ ਲਗਵਾਇਆ ਸੀ। ਕਰੀਬ 18 ਲੱਖ ਦੀ ਲਾਗਤ ਨਾਲ ਲੱਗੇ ਇਸ ਟਿਊਬਵੈੱਲ ਦਾ ਬੋਰ ਹੁਣ ਬੈਠ ਚੁੱਕਾ ਹੈ ਤੇ ਇਸ ਵਿਚ ਰੇਤ ਆਉਣੀ ਸ਼ੁਰੂ ਹੋ ਗਈ ਹੈ, ਜਿਸ ਕਾਰਣ ਆਲੇ-ਦੁਆਲੇ ਦੇ ਸਾਰੇ ਘਰਾਂ ਦੀਆਂ ਟੈਂਕੀਆਂ ਵਿਚ ਰੇਤਲਾ ਪਾਣੀ ਭਰ ਗਿਆ ਹੈ ਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ।
ਕੌਂਸਲਰ ਰੋਹਣ ਸਹਿਗਲ ਨੇ ਦੱਸਿਆ ਕਿ ਉਹ ਇਸ ਸਮੱਸਿਆ ਬਾਰੇ ਕਈ ਿਦਨਾਂ ਤੋਂ ਨਗਰ ਨਿਗਮ ਦੇ ਚੱਕਰ ਕੱਢ ਰਹੇ ਸਨ ਪਰ ਕੋਈ ਤਸੱਲੀਬਖਸ਼ ਹੱਲ ਸਾਹਮਣੇ ਨਹੀਂ ਆਇਆ। ਹੁਣ ਜਦੋਂ ਟਿਊਬਵੈੱਲ ਨੂੰ ਖੋਲ੍ਹਿਆ ਗਿਆ ਤਾਂ ਉਸ ਿਵਚੋਂ ਰੇਤਲਾ ਪਾਣੀ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਨਵੇਂ ਟਿਊਬਵੈੱਲ ਦੇ ਇੰਨੀ ਜਲਦੀ ਖਰਾਬ ਹੋ ਜਾਣ ਤੋਂ ਪਤਾ ਲੱਗਦਾ ਹੈ ਕਿ ਟਿਊਬਵੈੱਲ ਲਗਾਉਣ ਦੇ ਕੰਮ ਵਿਚ ਨਾ ਸਿਰਫ ਲਾਪ੍ਰਵਾਹੀ, ਸਗੋਂ ਘਟੀਆ ਮਟੀਰੀਅਲ ਦੀ ਵਰਤੋਂ ਹੋਈ ਅਤੇ ਸਬੰਧਿਤ ਅਧਿਕਾਰੀਆਂ ਨੇ ਵੀ ਕੋਈ ਚੈਕਿੰਗ ਨਹੀਂ ਕੀਤੀ ਇਸ ਲਈ ਠੇਕੇਦਾਰ ਦੇ ਨਾਲ-ਨਾਲ ਨਿਗਮ ਦੇ ਅਧਿਕਾਰੀਆਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਠੇਕੇਦਾਰ ਲਗਾ ਰਹੇ 10:1 ਦਾ ਮਸਾਲਾ, ਸੁੰਘ-ਸੁੰਘ ਕੇ ਕਰਦੇ ਹਨ ਸੀਮੈਂਟ ਦੀ ਵਰਤੋਂ
ਪਿਛਲੇ ਕੁਝ ਸਮੇਂ ਤੋਂ ਨਗਰ ਨਿਗਮ ਨੇ ਠੇਕੇਦਾਰਾਂ ਦੀ ਚੈਕਿੰਗ ਦਾ ਕੰਮ ਬਿਲਕੁਲ ਠੱਪ ਕੀਤਾ ਹੋਇਆ ਹੈ। ਐੱਸ. ਈ. ਅਤੇ ਐਕਸੀਅਨ ਤੋਂ ਲੈ ਕੇ ਐੱਸ. ਡੀ. ਓ. ਤੇ ਜੇ. ਈ. ਲੈਵਲ ਤੱਕ ਦੇ ਅਧਿਕਾਰੀ ਵਿਕਾਸ ਕੰਮਾਂ ਦੀ ਕੁਆਲਿਟੀ ਲਈ ਜ਼ਿੰਮੇਵਾਰ ਹਨ ਪਰ ਜ਼ਿਆਦਾਤਰ ਅਧਿਕਾਰੀ ਫੀਲਡ ਵਿਚ ਜਾਣ ਦੀ ਬਜਾਏ ਆਪਣੇ ਦਫਤਰਾਂ 'ਚ ਬੈਠੇ ਰਹਿੰਦੇ ਹਨ ਜਿਸ ਕਾਰਣ ਠੇਕੇਦਾਰਾਂ ਨੂੰ ਖੁੱਲ੍ਹੀ ਛੂਟ ਮਿਲੀ ਹੋਈ ਹੈ। ਘਟੀਆ ਤਰੀਕੇ ਨਾਲ ਹੋਏ ਕੰਮ ਦੀ ਇਕ ਮਿਸਾਲ ਨਿਗਮ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਸਥਿਤ ਪਲਾਜ਼ਾ ਚੌਕ 'ਤੇ ਹੀ ਮਿਲ ਜਾਂਦੀ ਹੈ, ਜਿੱਥੇ ਕੁਝ ਮਹੀਨੇ ਪਹਿਲਾਂ ਠੇਕੇਦਾਰ ਨੇ ਸੜਕ ਦੇ ਕਿਨਾਰਿਆਂ 'ਤੇ ਸੀਮੈਂਟ ਦੀ ਪਰਤ ਪਾਈ। ਚਸ਼ਮਦੀਦਾਂ ਨੇ ਦੱਸਿਆ ਕਿ ਇਸ ਕੰਮ ਵਿਚ ਠੇਕੇਦਾਰ ਨੇ 10:1 ਦਾ ਮਸਾਲਾ ਭਾਵ 10 ਕੜ੍ਹਾਈਏ ਰੇਤ ਅਤੇ ਇਕ-ਇਕ ਕੜ੍ਹਾਈਆ ਸੀਮੈਂਟ ਤੇ ਬੱਜਰੀ ਆਦਿ ਮਿਲਾ ਕੇ ਵਰਤਿਆ। ਇਹ ਕੰਮ ਪਲਾਜ਼ਾ ਚੌਕ ਡੰਪ ਤੋਂ ਲੈ ਕੇ ਰੰਗਲਾ ਵਿਹੜਾ ਤੱਕ ਕੀਤਾ ਗਿਆ। ਅੱਜ ਵੀ ਜੇਕਰ ਇਸ ਕੰਮ ਦੀ ਚੈਕਿੰਗ ਕਰਵਾਈ ਜਾਵੇ ਅਤੇ ਮਟੀਰੀਅਲ ਟੈਸਟ ਕਰਵਾਇਆ ਜਾਵੇ ਤਾਂ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ।
ਇਸੇ ਕੰਮ ਦੇ ਤਹਿਤ ਠੇਕੇਦਾਰ ਨੇ ਪੁੱਡਾ ਦੀ ਜ਼ਮੀਨ ਦੇ ਨਾਲ-ਨਾਲ ਫੁੱਟਪਾਥ ਵੀ ਬਣਾਉਣਾ ਸੀ ਪਰ ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਣ ਸੜਕ ਨੂੰ ਚੌੜਾ ਕੀਤੇ ਬਗੈਰ ਹੀ ਠੇਕੇਦਾਰ ਨੇ ਫੁੱਟਪਾਥ ਬਣਾ ਦਿੱਤਾ। ਜਦੋਂ ਇਹ ਮਾਮਲਾ ਅਖਬਾਰਾਂ ਵਿਚ ਉਠਿਆ ਤਾਂ ਠੇਕੇਦਾਰ ਨੇ ਬਾਕੀ ਕੰਮ ਪੂਰਾ ਕਰਕੇ ਨਿਗਮ ਤੋਂ ਪੇਮੈਂਟ ਲੈ ਲਈ ਤੇ ਫੁੱਟਪਾਥ ਦਾ ਕੰਮ ਅਧੂਰਾ ਹੀ ਛੱਡ ਦਿੱਤਾ। ਪਤਾ ਲੱਗਾ ਹੈ ਕਿ ਇਸ ਮਾਮਲੇ 'ਚ ਨਿਗਮ ਅਧਿਕਾਰੀਆਂ 'ਤੇ ਪੋਲੀਟੀਕਲ ਪ੍ਰੈੱਸ਼ਰ ਵੀ ਪਾਇਆ ਜਾ ਰਿਹਾ ਹੈ ਪਰ ਜੇਕਰ ਇਸ ਕੰਮ ਦੀ ਡੂੰਘਾਈ ਨਾਲ ਜਾਂਚ ਹੋਈ ਤਾਂ ਸਬੰਧਿਤ ਅਧਿਕਾਰੀ ਫਸ ਸਕਦੇ ਹਨ।
ਪਾਰਕ ਦੀ ਬਾਊਂਡਰੀ ਵਾਲ 'ਤੇ ਸ਼ਰੇਆਮ ਲੱਗ ਰਹੀਆਂ ਹਨ ਪੁਰਾਣੀਆਂ ਇੱਟਾਂ
ਨਿਗਮ ਦੇ ਠੇਕੇਦਾਰਾਂ ਵਲੋਂ ਕੁਆਲਿਟੀ ਦੀ ਪ੍ਰਵਾਹ ਨਾ ਕੀਤੇ ਜਾਣ ਦਾ ਇਕ ਮਾਮਲਾ ਉਸ ਸਮੇਂ ਵੀ ਸਾਹਮਣੇ ਆਇਆ ਸੀ ਜਦੋਂ ਟੈਗੋਰ ਹਸਪਤਾਲ ਦੇ ਸਾਹਮਣੇ ਹਰਨਾਮਦਾਸ ਪੁਰਾ ਵਾਲੀ ਸੜਕ 'ਤੇ ਪਾਰਕ ਦੀ ਬਾਊਂਡਰੀ ਵਾਲ ਨੂੰ ਪੁਰਾਣੀਆਂ ਇੱਟਾਂ ਨਾਲ ਹੀ ਬਣਾਉਣਾ ਸ਼ੁਰੂ ਕਰ ਿਦੱਤਾ ਗਿਆ। ਇਸ ਕੰਮ ਵਿਚ ਠੇਕੇਦਾਰ ਨੇ ਰੇਤ ਤੇ ਬੱਜਰੀ ਦੀ ਵਰਤੋਂ ਵੀ ਸੁੰਘ-ਸੁੰਘ ਕੇ ਕੀਤੀ। ਜਦੋਂ ਇਹ ਮਾਮਲਾ ਅਖਬਾਰਾਂ ਵਿਚ ਉਠਿਆ ਤਾਂ ਕਈ ਿਦਨ ਕੰਮ ਬੰਦ ਰੱਖਣ ਤੋਂ ਬਾਅਦ ਠੇਕੇਦਾਰ ਨੇ ਦੁਬਾਰਾ ਕੰਮ ਸ਼ੁਰੂ ਤਾਂ ਕਰ ਿਦੱਤਾ ਪਰ ਪੁਰਾਣੀਆਂ ਇੱਟਾਂ ਦੇ ਨਾਲ ਹੀ ਨਵੀਆਂ ਇੱਟਾਂ ਲਾ ਕੇ ਬਾਊਂਡਰੀ ਵਾਲ ਬਣਾ ਿਦੱਤੀ। ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਪੁਰਾਣੀਆਂ ਇੱਟਾਂ ਨਾਲ ਹੀ ਬਾਊਂਡਰੀ ਵਾਲ ਬਣਾਉਣੀ ਸੀ ਤਾਂ ਉਸਨੂੰ ਤੋੜਨ ਦੀ ਕੀ ਲੋੜ ਸੀ। ਜੇਕਰ 9 ਲੱਖ ਰੁਪਏ ਦੇ ਇਸ ਟੈਂਡਰ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਤਾਂ ਕਾਫੀ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ।
ਨਿਗਮ ਦਾ ਰਸਤਾ ਭੁੱਲ ਗਈ ਲੱਗਦੀ ਹੈ ਵਿਜੀਲੈਂਸ
ਕਈ ਸਾਲ ਪਹਿਲਾਂ ਵਿਜੀਲੈਂਸ ਦਾ ਆਫਿਸ ਨਗਰ ਨਿਗਮ ਦੇ ਬਿਲਕੁਲ ਕੋਲ ਜ਼ਿਲਾ ਪ੍ਰੀਸ਼ਦ ਵਾਲੀ ਬਿਲਡਿੰਗ ਵਿਚ ਹੁੰਦਾ ਸੀ ਤਦ ਨਿਗਮ ਦੇ ਕਈ ਕੰਮਾਂ ਦੀ ਚੈਕਿੰਗ ਅਤੇ ਸ਼ਿਕਾਇਤ ਆਦਿ ਵਿਜੀਲੈਂਸ ਵਿਚ ਹੁੰਦੀ ਰਹਿੰਦੀ ਸੀ। ਜਦੋਂ ਤੋਂ ਵਿਜੀਲੈਂਸ ਦਾ ਦਫਤਰ ਪੁਲਸ ਕਮਿਸ਼ਨਰ ਦੇ ਆਫਿਸ ਕੋਲ ਸ਼ਿਫਟ ਹੋਇਆ ਹੈ, ਇੰਝ ਲੱਗਦਾ ਹੈ ਜਿਵੇਂ ਵਿਜੀਲੈਂਸ ਨਗਰ ਨਿਗਮ ਦਾ ਰਸਤਾ ਹੀ ਭੁੱਲ ਗਈ ਹੈ। ਜਦੋਂ ਕਾਂਗਰਸ ਪਾਰਟੀ ਆਪੋਜ਼ੀਸ਼ਨ ਵਿਚ ਸੀ ਤਾਂ ਇਸਦੇ ਕੌਂਸਲਰਾਂ ਨੇ ਸਵੀਪਿੰਗ ਮਸ਼ੀਨ, ਐੱਲ. ਈ. ਡੀ. ਲਾਈਟ, 14 ਕਰੋੜ ਦੇ ਪੈਚਵਰਕ ਅਤੇ ਅਣਗਿਣਤ ਸ਼ਿਕਾਇਤਾਂ ਵਿਜੀਲੈਂਸ ਨੂੰ ਸੌਂਪ ਕੇ ਕਈ ਘਪਲੇ ਉਠਾਏ ਸਨ ਪਰ ਸੱਤਾ ਵਿਚ ਆਉਣ ਤੋਂ ਬਾਅਦ ਕਾਂਗਰਸ ਦੇ ਰਾਜ ਵਿਚ ਸ਼ਾਇਦ ਇਕ ਵਾਰ ਵੀ ਵਿਜੀਲੈਂਸ ਨਗਰ ਨਿਗਮ ਵਲ ਨਹੀਂ ਆਈ। ਵਿਜੀਲੈਂਸ ਦੇ ਅਧਿਕਾਰੀ ਜੇਕਰ ਆਪਣੇ ਦਮ 'ਤੇ ਨਿਗਮ ਦੇ ਠੇਕੇਦਾਰਾਂ ਵਲੋਂ ਕੀਤੇ ਜਾ ਰਹੇ ਘਟੀਆ ਕੰਮਾਂ ਦੀ ਜਾਂਚ ਕਰਨ ਤਾਂ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਸਪੱਸ਼ਟ ਮਿਲੀਭੁਗਤ ਸਾਹਮਣੇ ਆ ਸਕਦੀ ਹੈ।
ਕੰਮਾਂ 'ਚ ਵਰਤੀ ਜਾ ਰਹੀ ਘਟੀਆ ਰੇਤ
ਕਿਸੇ ਵੀ ਵਿਕਾਸ ਕੰਮ ਵਿਚ ਸੀਮੈਂਟ ਦੇ ਨਾਲ-ਨਾਲ ਰੇਤ ਦੀ ਕੁਆਲਿਟੀ ਕਾਫੀ ਅਹਿਮ ਮੰਨੀ ਜਾਂਦੀ ਹੈ ਪਰ ਇਨ੍ਹੀਂ ਦਿਨੀਂ ਜ਼ਿਆਦਾਤਰ ਵਿਕਾਸ ਕੰਮਾਂ ਵਿਚ ਜ਼ਿਆਦਤਰ ਘਟੀਆ ਕੁਆਲਿਟੀ ਦੀ ਰੇਤ ਵਰਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਰੇਤ ਦੇ ਰੇਟਾਂ ਵਿਚ ਕਾਫੀ ਤੇਜ਼ੀ ਆਈ ਹੈ, ਜਿਸ ਕਾਰਣ ਠੇਕੇਦਾਰਾਂ ਨੇ ਹਿਮਾਚਲ ਅਤੇ ਹੋਰ ਥਾਵਾਂ ਤੋਂ ਆ ਰਹੀ ਹਲਕੀ ਕੁਆਲਿਟੀ ਦੀ ਰੇਤ ਮੰਗਵਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਰੇਤ ਵਿਚ ਮਿੱਟੀ ਦੀ ਮਾਤਰਾ ਕਾਫੀ ਹੱਦ ਤੱਕ ਮਿਲੀ ਹੈ ਅਤੇ ਇਸਦਾ ਰੰਗ ਵੀ ਆਮ ਚਿੱਟੀ ਰੇਤ ਦੀ ਬਜਾਏ ਮਟਮੈਲਾ ਜਿਹਾ ਹੁੰਦਾ ਹੈ। ਨਿਗਮ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਰੇਤ ਦੀ ਕੁਆਲਿਟੀ 'ਤੇ ਵੀ ਨਜ਼ਰ ਰੱਖਣ ਪਰ ਅਜਿਹਾ ਕਿਉਂ ਨਹੀਂ ਕੀਤਾ ਜਾ ਰਿਹਾ।
ਡਿਸਟ੍ਰਿਕਟ ਕੰਜ਼ਿਊਮਰ ਫੋਰਮ ਨੇ ਆਹਲੂਵਾਲੀਆ ਦੇ ਅਰੈਸਟ ਵਾਰੰਟ ਕੀਤੇ ਜਾਰੀ
NEXT STORY