ਜਲੰਧਰ (ਬੁਲੰਦ)— ਸਥਾਨਕ ਫੋਕਲ ਪੁਆਇੰਟ 'ਚ ਨਿਰਮਾਣ ਅਧੀਨ ਸੀ. ਈ. ਟੀ. ਪੀ. (ਟ੍ਰੀਟਮੈਂਟ ਪਲਾਂਟ) ਦੇ ਚੱਲ ਰਹੇ ਭਾਰੀ ਵਿਰੋਧ ਤੋਂ ਬਾਅਦ ਬੀਤੇ ਦਿਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਸਟਿਸ ਪ੍ਰੀਤਮ ਪਾਲ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਕਤ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ। ਇਸ ਮੌਕੇ ਇਲਾਕੇ ਦੇ ਸੈਂਕੜੇ ਪਿੰਡ ਵਾਸੀਆਂ ਅਤੇ ਉਦਯੋਗਪਤੀਆਂ ਨੇ ਐੱਨ. ਜੀ. ਟੀ. ਦੀ ਟੀਮ ਨੂੰ ਦੱਸਿਆ ਕਿ ਕਿਸ ਤਰ੍ਹਾਂ ਨਿਯਮਾਂ ਦੀ ਉਲੰਘਣਾ ਕਰ ਕੇ ਇਕ ਏਕੜ ਤੋਂ ਵੀ ਘੱਟ ਜਗ੍ਹਾ 'ਚ ਇਹ ਟ੍ਰੀਟਮੈਂਟ ਪਲਾਂਟ ਲਾਇਆ ਜਾ ਰਿਹਾ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਟੀਮ ਨੂੰ ਦੱਸਿਆ ਕਿ ਜਿਸ ਜਗ੍ਹਾ ਇਹ ਪਲਾਂਟ ਲਾਇਆ ਜਾ ਰਿਹਾ ਹੈ, ਉਥੋਂ ਸਕੂਲ, ਗੁਰਦੁਆਰਾ, ਹਸਪਤਾਲ, ਰਿਹਾਇਸ਼ੀ ਘਰ ਤੇ ਗਊਸ਼ਾਲਾ ਇਕ ਕਿ. ਮੀ. ਦੇ ਘੇਰੇ 'ਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਉੱਚ ਅਧਿਕਾਰੀਆਂ ਨੂੰ ਜਾਣਬੁੱਝ ਕੇ ਗਲਤ ਰਿਪੋਰਟਾਂ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਕੁਝ ਵੱਡੇ ਲੋਕਾਂ ਦੀ ਸਾਜ਼ਿਸ਼ ਹੈ ਕਿ ਡ੍ਰੇਨ ਦੇ ਨਜ਼ਦੀਕ ਟ੍ਰੀਟਮੈਂਟ ਪਲਾਂਟ ਲੱਗੇ ਤਾਂ ਜੋ ਬਿਨਾਂ ਟ੍ਰੀਟ ਕੀਤੇ ਹੀ ਪਾਣੀ ਡ੍ਰੇਨ 'ਚ ਸੁੱਟਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਜਿੱਥੇ ਵੀ ਟ੍ਰੀਟਮੈਂਟ ਪਲਾਂਟ ਚਲਾਏ ਜਾ ਰਹੇ ਹਨ, ਉਥੇ ਵੀ ਰੱਖ-ਰਖਾਅ 'ਚ ਇੰਨੀਆਂ ਕਮੀਆਂ ਹਨ ਕਿ ਆਲੇ-ਦੁਆਲੇ ਦੇ ਪਿੰਡਾਂ 'ਚ ਕੈਂਸਰ ਜਿਹੀਆਂ ਬੀਮਾਰੀਆਂ ਫੈਲ ਰਹੀਆਂ ਹਨ। ਪਿੰਡ ਵਾਸੀਆਂ ਦਲਬੀਰ ਸਿੰਘ, ਜੁਗਲ ਕਿਸ਼ੋਰ, ਜਗਤਾਰ ਸਿੰਘ, ਇਕਬਾਲ ਸਿੰਘ, ਪਰਮਜੀਤ ਗਿੱਲ, ਰਮਨਦੀਪ ਅਤੇ ਜਗੀਰ ਸਿੰਘ ਨੇ ਦੱਸਿਆ ਕਿ ਸਰਕਾਰ ਲੋਕਾਂ ਦੀ ਜਾਨ ਨਾਲ ਖਿਲਵਾੜ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਜੇ ਇਥੇ ਟ੍ਰੀਟਮੈਂਟ ਪਲਾਂਟ ਲੱਗਦਾ ਹੈ ਤਾਂ ਇਸ ਦੇ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਤੇ ਕਾਲੋਨੀਆਂ ਪ੍ਰਭਾਵਿਤ ਹੋਣਗੀਆਂ।
ਇਸ ਮੌਕੇ ਮੌਜੂਦ ਉਦਯੋਗਪਤੀਆਂ ਨਵਨੀਤ ਗੁਪਤਾ, ਜਗਦੀਸ਼ ਗੁਪਤਾ, ਵਿਕਾਸ ਕਤਿਆਲ, ਵਰੁਣ, ਮਨਦੀਪ ਸਿੰਘ, ਰਵਿੰਦਰਪਾਲ ਸਿੰਘ, ਸਿਧਾਰਥ ਆਦਿ ਨੇ ਐੱਨ. ਜੀ. ਟੀ. ਦੀ ਟੀਮ ਨੂੰ ਦੱਸਿਆ ਕਿ ਉਨ੍ਹਾਂ ਨੇ ਤਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਜੇ ਉਹ ਉਥੋਂ ਟ੍ਰੀਟਮੈਂਟ ਪਲਾਂਟ ਹਟਾਉਣ ਲਈ ਤਿਆਰ ਹੋ ਜਾਣ ਤਾਂ ਉਦਯੋਗਪਤੀ ਮਿਲ ਕੇ ਵਿਭਾਗ ਨੂੰ 3 ਏਕੜ ਜ਼ਮੀਨ ਇੱਥੋਂ ਅੱਗੇ ਕਿਤੇ ਲੈ ਕੇ ਦੇਣ ਨੂੰ ਤਿਆਰ ਹਨ। ਇਸ ਤੋਂ ਬਾਅਦ ਟੀਮ ਨੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਦਫਤਰ 'ਚ ਅਧਿਕਾਰੀਆਂ ਨਾਲ ਬੈਠਕ ਕੀਤੀ ਤੇ ਸਾਰੇ ਮਾਮਲੇ ਦੀ ਰਿਪੋਰਟ ਦੇਖੀ ਗਈ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਪਲਾਂਟ ਪੂਰੇ ਨਿਯਮਾਂ ਅਨੁਸਾਰ ਬਣਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਟੀਮ ਨੇ ਕਾਲਾਸੰਘਿਆਂ ਡ੍ਰੇਨ ਦਾ ਦੌਰਾ ਵੀ ਕੀਤਾ।
ਗਲਤ ਜਗ੍ਹਾ ਦੀ ਹੋਈ ਚੋਣ : ਸੀਚੇਵਾਲ
ਇਸ ਮੌਕੇ ਪਹੁੰਚੇ ਐੱਨ. ਜੀ. ਟੀ. ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਇਹ ਸਥਾਨ ਟ੍ਰੀਟਮੈਂਟ ਪਲਾਂਟ ਲਈ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸੰਘਣੀ ਆਬਾਦੀ ਹੈ ਅਤੇ ਕੋਲੋਂ ਹੀ ਡ੍ਰੇਨ ਨਿਕਲ ਰਹੀ ਹੈ। ਅਜਿਹੇ 'ਚ ਇਥੋਂ ਜੇ ਅੱਗੇ ਕਿਸੇ ਖਾਲੀ ਜਗ੍ਹਾ 'ਤੇ ਟ੍ਰੀਟਮੈਂਟ ਪਲਾਂਟ ਲਾਇਆ ਜਾਵੇ ਤਾਂ ਸਹੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੂਰੀ ਤਰ੍ਹਾਂ ਮਦਦ ਮਿਲੇਗੀ ਤੇ ਕਿਸੇ ਹਾਲ 'ਚ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਸੀਚੇਵਾਲ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਰਿਪੋਰਟ ਤਿਆਰ ਕਰ ਕੇ ਭੇਜਣ ਲਈ ਡੀ. ਸੀ. ਨੂੰ ਕਿਹਾ ਗਿਆ ਹੈ।
27 ਤੋਂ ਬਾਅਦ ਡੈਮੋ ਦਿੱਤਾ ਜਵੇਗਾ : ਹੈਨਰੀ
ਉਧਰ, ਐੱਨ. ਜੀ. ਟੀ. ਦੀ ਟੀਮ ਦੇ ਵਾਪਸ ਜਾਣ ਤੋਂ ਬਾਅਦ ਦਰਜਨਾਂ ਪਿੰਡਾਂ ਦੇ ਵਾਸੀਆਂ ਤੇ ਉਦਯੋਗਪਤੀਆਂ ਨੇ ਇਲਾਕੇ ਦੇ ਵਿਧਾਇਕ ਬਾਵਾ ਹੈਨਰੀ ਨਾਲ ਮੁਲਾਕਾਤ ਕੀਤੀ। ਇਸ ਬਾਰੇ ਹੈਨਰੀ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਪ੍ਰਦੂਸ਼ਣ ਕੰਟੋਰਲ ਬੋਰਡ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਸੀ। ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ 27 ਮਈ ਤੋਂ ਬਾਅਦ ਪਲਾਂਟ ਵਾਲੀ ਜਗ੍ਹਾ 'ਤੇ ਪਿੰਡ ਵਾਸੀਆਂ ਅਤੇ ਉਦਯੋਗਪਤੀਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਸਾਰੇ ਪ੍ਰਾਜੈਕਟ ਦਾ ਡੈਮੋ ਲੋਕਾਂ ਨੂੰ ਦਿਖਾਉਣ ਤੇ ਸਮਝਾਉਣ ਲਈ ਕਿਹਾ ਹੈ। ਬਾਵਾ ਨੇ ਕਿਹਾ ਕਿ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।
ਭਾਰਗੋ ਕੈਂਪ 'ਚ ਮਹਿਲਾ ਤੇ ਨੌਜਵਾਨ 'ਚ ਹਿੰਸਕ ਵਿਵਾਦ, ਵੀਡੀਓ ਵਾਇਰਲ
NEXT STORY