ਜਲੰਧਰ (ਸੁਧੀਰ)— ਨਵੇਂ ਸਾਲ 2020 ਦੇ ਆਗਮਨ 'ਤੇ 31 ਦਸੰਬਰ ਦੀ ਰਾਤ ਨੂੰ ਸ਼ਹਿਰ 'ਚ ਸੁਰੱਖਿਆ ਪ੍ਰਬੰਧਾਂ ਲਈ ਪੁਲਸ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਵੇਂ ਸਾਲ ਦੇ ਆਗਮਨ ਮੌਕੇ ਸ਼ਹਿਰ 'ਚ ਅਮਨ ਸ਼ਾਂਤੀ ਬਣਾਈ ਰੱਖਣ 'ਤੇ ਸ਼ਰਾਰਤੀ ਅਨਸਰਾਂ ਅਤੇ ਹੁੱਲੜਬਾਜ਼ਾਂ 'ਤੇ ਸ਼ਿਕੰਜਾ ਕੱਸਣ ਲਈ ਪੁਲਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ 'ਚ ਚੌਕਸੀ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਖਾਸ ਤੌਰ 'ਤੇ ਨਾਕਾਬੰਦੀ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਕਮਿਸ਼ਨਰੇਟ ਪੁਲਸ ਦੇ ਸਾਰੇ ਵੱਡੇ ਅਧਿਕਾਰੀ ਵੀ ਖੁਦ ਫੀਲਡ 'ਚ ਨਿਕਲ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਉਨ੍ਹਾਂ ਦੱਸਿਆ ਕਿ ਪੀ. ਸੀ. ਆਰ. ਦਸਤਿਆਂ ਨੂੰ ਵੀ ਪੈਟਰੋਲਿੰਗ ਕਰਨ ਦੇ ਨਾਲ-ਨਾਲ ਹੁੱਲੜਬਾਜ਼ਾਂ 'ਤੇ ਸ਼ਿਕੰਜਾ ਕੱਸਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੁਲਸ ਕੰਟਰੋਲ ਰੂਮ ਤੋਂ ਮੈਸੇਜ ਆਉਣ 'ਤੇ ਤੁਰੰਤ ਮੌਕੇ 'ਤੇ ਪਹੁੰਚਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸ਼ਹਿਰ 'ਚ ਸਾਰੇ ਐਂਟਰੀ ਪੁਆਇੰਟਾਂ ਨੂੰ ਵੀ ਸੀਲ ਕਰ ਕੇ ਸ਼ਹਿਰ 'ਚ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਦੀ ਖਾਸ ਤੌਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ।
ਇਸ ਸਿਲਸਿਲੇ 'ਚ ਬੀਤੇ ਦਿਨ ਥਾਣਾ ਨੰ. 3 ਦੇ ਇੰਚਾਰਜ ਨੇ ਪੁਲਸ ਪਾਰਟੀ ਸਣੇ ਰੇਲਵੇ ਸਟੇਸ਼ਨ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਚੈਕਿੰਗ ਮੁਹਿੰਮ ਚਲਾਈ ਅਤੇ ਕਈ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਕੀਤੀ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਸਾਲ ਨੂੰ ਸ਼ਾਂਤਮਈ ਢੰਗ ਨਾਲ ਮਨਾਉਣ, ਸ਼ਰਾਰਤੀ ਅਨਸਰਾਂ ਅਤੇ ਹੁੱਲੜਬਾਜ਼ਾਂ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ 'ਚ ਦੇਣ।
ਨਵੇਂ ਸਾਲ ਮੌਕੇ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਸਭ ਤੋਂ ਪਾਸ਼ ਇਲਾਕੇ ਮਾਡਲ ਟਾਊਨ ਮਾਰਕੀਟ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ। ਭੁੱਲਰ ਅਤੇ ਭੰਡਾਲ ਨੇ ਦੱਸਿਆ ਕਿ ਮਾਡਲ ਟਾਊਨ ਨੂੰ ਕੁਲ 10 ਹਿੱਸਿਆਂ 'ਚ ਵੰਡਿਆ ਗਿਆ ਹੈ, ਜਿੱਥੇ ਕਮਿਸ਼ਨਰੇਟ ਵੱਲੋਂ ਖਾਸ ਨਾਕਾਬੰਦੀ ਕੀਤੀ ਜਾਵੇਗੀ। ਹੁੱਲੜਬਾਜ਼ਾਂ 'ਤੇ ਸ਼ਿਕੰਜਾ ਕੱਸਣ ਦੇ ਨਾਲ-ਨਾਲ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ 10 ਪੈਟਰੋਲਿੰਗ ਪਾਰਟੀਆਂ ਨੂੰ ਸ਼ਹਿਰ ਦੇ ਮਾਡਲ ਟਾਊਨ ਇਲਾਕੇ 'ਚ ਖਾਸ ਤੌਰ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ ਜੋ ਹੁੱਲੜਬਾਜ਼ਾਂ ਅਤੇ ਸ਼ਰਾਰਤੀ ਅਨਸਰਾਂ 'ਤੇ ਖਾਸ ਤੌਰ 'ਤੇ ਨਜ਼ਰ ਰੱਖਣਗੀਆਂ। ਉਨ੍ਹਾਂ ਦੱਸਿਆ ਕਿ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਦੁਕਾਨਦਾਰਾਂ ਨਾਲ ਵੀ ਕਮਿਸ਼ਨਰੇਟ ਪੁਲਸ ਨੇ ਮੀਟਿੰਗ ਕਰਕੇ ਆ ਰਹੀਆਂ ਸਮੱਸਿਆਵਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ। 31 ਦਸੰਬਰ ਦੀ ਰਾਤ ਨੂੰ ਮਾਡਲ ਟਾਊਨ ਮਾਰਕੀਟ ਅਤੇ ਆਸ-ਪਾਸ ਦੇ ਕੁਝ ਇਲਾਕਿਆਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਵੀ ਗੱਲ ਚੱਲ ਰਹੀ ਹੈ।

ਨਵੇਂ ਸਾਲ ਦੀ ਰਾਤ 11.30 ਵਜੇ ਡਿਸਕੋ, ਰੈਸਟੋਰੈਂਟ, ਬੀਅਰ ਬਾਰ ਬੰਦ ਕਰਨ ਦੇ ਹੁਕਮ
ਪੁਲਸ ਕਮਿਸ਼ਨਰ ਸ਼੍ਰੀ ਭੁੱਲਰ ਦੇ ਹੁਕਮਾਂ ਅਨੁਸਾਰ ਹੁੱਲੜਬਾਜ਼ਾਂ 'ਤੇ ਸ਼ਿਕੰਜਾ ਕੱਸਣ ਲਈ 31 ਦਸੰਬਰ ਦੀ ਰਾਤ ਨੂੰ ਵੀ 11.30 ਵਜੇ ਤੋਂ ਬਾਅਦ ਗਾਣਾ-ਵਜਾਉਣਾ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸਾਰੇ ਡਿਸਕੋ ਕਲੱਬ, ਬੀਅਰ ਬਾਰ ਅਤੇ ਰੈਸਟੋਰੈਂਟ ਦੇ ਮਾਲਕਾਂ ਨੂੰ ਰਾਤ 11.30 ਵਜੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਕਈ ਨੌਜਵਾਨ ਇਨ੍ਹਾਂ ਨਾਈਟ ਕਲੱਬਾਂ ਜਾਂ ਬੀਅਰ ਬਾਰਾਂ 'ਚ ਰਾਤ ਨੂੰ ਸ਼ਰਾਬ ਜ਼ਿਆਦਾ ਪੀ ਕੇ ਸ਼ਹਿਰ 'ਚ ਦੇਰ ਰਾਤ ਤੱਕ ਹੁੱਲੜਬਾਜ਼ੀ ਕਰਦੇ ਹਨ। ਕੋਈ ਵੀ ਰੈਸਟੋਰੈਂਟ ਮਾਲਕ ਜਾਂ ਕੋਈ ਰੇਹੜੀ ਵਾਲਾ ਗੱਡੀਆਂ 'ਚ ਸ਼ਰਾਬ ਪਿਆਉਂਦਾ ਫੜਿਆ ਗਿਆ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਟਰੈਫਿਕ ਪੁਲਸ ਦੀ ਵੀ ਹੋਵੇਗੀ ਰਾਤ ਨੂੰ ਵਿਸ਼ੇਸ਼ ਨਾਕਾਬੰਦੀ : ਡੀ. ਸੀ. ਪੀ. ਡੋਗਰਾ
ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ ਨੇ ਦੱਸਿਆ ਕਿ ਨਵੇਂ ਸਾਲ ਮੌਕੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਦੇ ਹੁਕਮਾਂ ਮੁਤਾਬਕ 31 ਦਸੰਬਰ ਦੀ ਰਾਤ ਸ਼ਹਿਰ 'ਚ ਟਰੈਫਿਕ ਪੁਲਸ ਦੇ ਮੁਲਾਜ਼ਮਾਂ ਦੀ ਵੀ ਵਿਸ਼ੇਸ਼ ਤੌਰ 'ਤੇ ਨਾਕਾਬੰਦੀ ਹੋਵੇਗੀ। ਰਾਤ ਨੂੰ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ ਐਲਕੋਮੀਟਰ ਨਾਲ ਸ਼ਰਾਬ ਦੀ ਮਾਤਰਾ ਚੈੱਕ ਕਰ ਕੇ ਚਲਾਨ ਕੀਤੇ ਜਾਣਗੇ। ਨੋ ਪਾਰਕਿੰਗ ਜ਼ੋਨ 'ਚ ਖੜ੍ਹੇ ਵਾਹਨਾਂ ਨੂੰ ਟੋਅ ਕੀਤਾ ਜਾਵੇਗਾ ਅਤੇ ਬਿਨਾਂ ਦਸਤਾਵੇਜ਼ਾਂ ਦੇ ਵਾਹਨਾਂ ਨੂੰ ਬਾਊਂਡ ਵੀ ਕੀਤਾ ਜਾਵੇਗਾ। ਡੀ. ਸੀ. ਪੀ. ਡੋਗਰਾ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਲ 2020 ਦਾ ਸਵਾਗਤ ਸ਼ਾਂਤਮਈ ਢੰਗ ਨਾਲ ਕਰਨ। ਸ਼ਰਾਬ ਪੀ ਕੇ ਵਾਹਨ ਨਾ ਚਲਾਉਣ। ਆਪਣੇ ਵਾਹਨਾਂ 'ਚ ਦਸਤਾਵੇਜ਼ ਪੂਰੇ ਰੱਖਣ ਅਤੇ ਵਾਹਨਾਂ ਨੂੰ ਨੋ ਪਾਰਕਿੰਗ ਜ਼ੋਨ ਵਿਚ ਨਾ ਖੜ੍ਹਾ ਕਰਨ, ਨਹੀਂ ਤਾਂ ਟਰੈਫਿਕ ਪੁਲਸ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਆਪਣਾ ਕਾਨੂੰਨੀ ਡੰਡਾ ਚਲਾਵੇਗੀ।
ਮੇਅਰ ਕਮਿਸ਼ਨਰ ਨੂੰ 4 ਘੰਟੇ ਦੁੱਖ-ਤਕਲੀਫਾਂ ਹੀ ਦੱਸਦੇ ਰਹੇ ਕੌਂਸਲਰ
NEXT STORY