ਜਲੰਧਰ (ਖੁਰਾਣਾ)— ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਬੀਤੇ ਦਿਨ ਹੋਈ ਮੀਟਿੰਗ 'ਚ ਕੌਂਸਲਰਾਂ ਨੇ ਜੰਮ ਕੇ ਆਪਣਾ ਗੁੱਸਾ ਕੱਢਿਆ। ਮੀਟਿੰਗ ਦੌਰਾਨ ਕੌਂਸਲਰ, ਮੇਅਰ ਅਤੇ ਕਮਿਸ਼ਨਰ ਨੂੰ ਲਗਾਤਾਰ 4 ਘੰਟੇ ਆਪਣੇ-ਆਪਣੇ ਵਾਰਡ ਨਾਲ ਸਬੰਧਤ ਸਮੱਸਿਆਵਾਂ ਅਤੇ ਦੁੱਖ-ਤਕਲੀਫਾਂ ਹੀ ਦੱਸਦੇ ਰਹੇ। ਮੀਟਿੰਗ 3.30 ਵਜੇ ਸ਼ੁਰੂ ਹੋਈ, ਜੋ ਸ਼ਾਮ 7.30 ਵਜੇ ਤੱਕ ਚੱਲੀ। ਮੀਟਿੰਗ ਦੌਰਾਨ ਮਹਿਲਾ ਕੌਂਸਲਰਾਂ ਨੇ ਵੀ ਆਪਣੀ-ਆਪਣੀ ਗੱਲ ਬਿਹਤਰ ਢੰਗ ਨਾਲ ਰੱਖੀ ਅਤੇ ਏਜੰਡੇ 'ਤੇ ਵੀ ਪੂਰੀ ਚਰਚਾ ਹੋਈ। ਸਿਰਫ ਨਵੀਆਂ ਐੱਲ. ਈ. ਡੀ. ਲਾਈਟਾਂ ਲਾਉਣ ਦੇ ਪ੍ਰਸਤਾਵ ਨੂੰ ਪੈਂਡਿੰਗ ਰੱਖਿਆ ਗਿਆ, ਜਦਕਿ ਬਾਕੀ ਸਾਰਾ ਏਜੰਡਾ ਪਾਸ ਕਰ ਦਿੱਤਾ ਗਿਆ।
ਕੌਂਸਲਰ ਹਾਊਸ 'ਚ ਲਏ ਗਏ ਕੁਝ ਫੈਸਲੇ
1 ਸੇਵਾਦਾਰਾਂ ਨੂੰ ਭਾਵੇਂ 2 ਵਰਦੀਆਂ ਦਿੱਤੀਆਂ ਜਾਣ ਪਰ ਉਨ੍ਹਾਂ ਨੂੰਪਾ ਕੇ ਆਉਣਾ ਲਾਜ਼ਮੀ ਕੀਤਾ ਜਾਵੇ, ਨਹੀਂ ਤਾਂ ਉਨ੍ਹਾਂ ਦੀ ਗੈਰ-ਹਾਜ਼ਰੀ ਲਾਈ ਜਾਵੇ
2. ਨਿਗਮ ਕਰਮਚਾਰੀਆਂ ਨੂੰ ਲਾਈਪਬਾਏ ਦੀ ਬਜਾਏ ਡਿਟੋਲ ਸਾਬਣ ਅਤੇ ਮਾਰਕਫੈੱਡ ਸਰ੍ਹੋਂ ਦੇ ਤੇਲ ਦੀਬਜਾਏ ਪੀ-ਮਾਰਕਾ ਤੇਲ ਈ-ਟੈਂਡਰਿੰਗ ਦੇ ਜ਼ਰੀਏ ਖਰੀਦ ਕੇ ਦਿੱਤਾਜਾਵੇ।
3. ਡੀ. ਸੀ. ਆਫਿਸ,ਸਰਕਟ ਹਾਊਸ ਅਤੇ ਕੋਰਟ ਕੰਪਲੈਕਸ 'ਚ ਬਣਨ ਵਾਲੇ ਪਿਟ ਕੰਪੋਸਟਿੰਗ ਯੂਨਿਟ ਦੀ ਮੇਨਟੀਨੈਂਸ ਖੁਦ ਉਹ ਹੀ ਵਿਭਾਗ ਕਰੇ।
4. ਡੇਅਰੀਆਂ ਵਾਲਾ ਚੌਕ ਤੋਂ ਜੀ. ਟੀ.ਬੀ. ਨਗਰ ਗੁਰਦੁਆਰਾ ਵਲ ਜਾਂਦੀ 30 ਫੁੱਟਚੌੜੀ ਸੜਕ ਨੂੰ ਕਮਰਸ਼ੀਅਲ ਐਲਾਨਿਆ ਜਾਵੇ।
5. ਕੂੜੇ ਅਤੇ ਹੋਰ ਕੰਮਾਂ ਲਈ 48 ਟਰੈਕਟਰ-ਟਰਾਲੀਆਂ ਕਿਰਾਏ 'ਤੇ ਲਏ ਜਾਣ।
6. 10 ਲੱਖ ਦੀ ਮੇਨਟੀਨੈਂਸ ਨਾਲ ਸਬੰਧਤ ਕੰਮਾਂ ਦੀ ਪੇਮੈਂਟ ਕੌਂਸਲਰਦੇ ਸਰਟੀਫਿਕੇਟ ਤੋਂ ਬਾਅਦ ਹੋਵੇ ਅਤੇ ਠੇਕੇਦਾਰ ਵਲੋਂ ਦਿੱਤੇ ਗਏ ਬਿੱਲਾਂ ਦੀ ਇਕ-ਇਕ ਕਾਪੀ ਕੌਂਸਲਰ ਨੂੰ ਭੇਜੀ ਜਾਵੇ।

ਨਾਰਥ ਹਲਕੇ ਦੀ ਸੀਵਰ ਸਮੱਸਿਆ 'ਤੇ ਖੁੱਲ੍ਹ ਕੇ ਬੋਲੇ ਕੌਂਸਲਰ
ਮੀਟਿੰਗ ਦੌਰਾਨ ਚਰਚਾ ਦੀ ਸ਼ੁਰੂਆਤ ਭਾਜਪਾ ਕੌਂਸਲਰ ਸੁਸ਼ੀਲ ਸ਼ਰਮਾ ਨੇ ਕੀਤੀ, ਜਿਨ੍ਹਾਂ ਨੇ ਨਾਰਥ ਵਿਧਾਨ ਸਭਾ ਖੇਤਰ ਨੂੰ ਦਰਪੇਸ਼ ਸੀਵਰ ਦੀ ਗੰਭੀਰ ਸਮੱਸਿਆ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਐੱਨ. ਜੀ. ਟੀ. ਦੇ ਨਿਰਦੇਸ਼ਾਂ ਤੋਂ ਬਾਅਦ ਕਈ ਸੀਵਰ ਦੇ ਖੁੱਲ੍ਹੇ ਪੁਆਇੰਟ ਡਰੇਨ ਦੀ ਬਜਾਏ ਸੀਵਰ ਲਾਈਨ ਨਾਲ ਜੋੜੇ ਗਏ ਹਨ, ਜਿਸ ਕਾਰਨ ਫੋਲੜੀਵਾਲ ਅਤੇ ਪੀਰਦਾਦ ਟ੍ਰੀਟਮੈਂਟ ਪਲਾਂਟ ਤੱਕ ਜਾਂਦੀਆਂ ਲਾਈਨਾਂ ਭਰੀਆਂ ਰਹਿੰਦੀਆਂ ਹਨ ਅਤੇ ਟੇਲ ਐਂਡ ਯਾਨੀ ਆਖਰੀ ਕਿਨਾਰੇ 'ਤੇ ਹੋਣ ਕਾਰਨ ਨਾਰਥ ਵਿਧਾਨ ਸਭਾ ਖੇਤਰ ਦੇ ਕਈ ਵਾਰਡਾਂ ਅਤੇ ਗਦਈਪੁਰ, ਸਲੇਮਪੁਰ, ਕਾਲੀਆ ਕਾਲੋਨੀ, ਸਵਰਨ ਪਾਰਕ ਆਦਿ 'ਚ ਸੀਵਰ ਓਵਰਫਲੋਅ ਹੋ ਰਿਹਾ ਹੈ। ਉਨ੍ਹਾਂ ਨੇ 20 ਕਿਲੋਮੀਟਰ ਲੰਬੀ ਵੱਡੀ ਸੀਵਰ ਲਾਈਨ ਨੂੰ ਕਿਤਿਓਂ ਬ੍ਰੇਕ ਕਰਨ ਦਾ ਸੁਝਾਅ ਦਿੱਤਾ।
ਨਿਗਮ ਦੇ ਐੱਸ. ਈ. ਸਤਿੰਦਰ ਕੁਮਾਰ ਦਾ ਕਹਿਣਾ ਸੀ ਕਿ ਫੋਲੜੀਵਾਲ 'ਚ 50 ਐੱਮ. ਐੱਲ. ਡੀ. ਅਤੇ ਫੋਕਲ ਪੁਆਇੰਟ 'ਚ ਵੀ ਨਵਾਂ ਈ. ਟੀ. ਪੀ. ਲੱਗਣ ਜਾ ਰਿਹਾ ਹੈ, ਜਿਸ ਨਾਲ ਸਮੱਸਿਆ ਹੱਲ ਹੋਵੇਗੀ। ਕੌਂਸਲਰ ਸੁਸ਼ੀਲ ਦਾ ਕਹਿਣਾ ਸੀ ਕਿ ਐੱਸ. ਟੀ. ਪੀ. ਅਤੇ ਈ. ਟੀ. ਪੀ. ਲੱਗਣ 'ਚ ਸਾਲ ਲੱਗ ਜਾਵੇਗਾ। ਇਸ ਲਈ ਸਮੱਸਿਆ ਦਾ ਜਲਦ ਹੱਲ ਕੱਢਿਆ ਜਾਵੇ। ਨਾਰਥ ਖੇਤਰ ਕੌਂਸਲਰ ਵਿੱਕੀ ਕਾਲੀਆ ਨੇ ਵੀ ਕਿਹਾ ਕਿ ਸੀਵਰ ਦੀ ਵੱਡੀ ਲਾਈਨ ਦਾ ਡਿਜ਼ਾਈਨ ਗਲਤ ਬਣਿਆ ਹੈ, ਇਸ ਲਈ ਸੀਵਰੇਜ ਬੋਰਡ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ। ਜੈਤੇਵਾਲੀ ਵਿਚ ਕਪੈਸਟੀ ਘੱਟ ਹੋਣ ਦੇ ਬਾਵਜੂਦ ਸੀਵਰ ਲਾਈਨਾਂ ਜੋੜ ਦਿੱਤੀਆਂ ਗਈਆਂ। ਨਾਰਥ ਖੇਤਰ ਦੇ ਹੀ ਕੌਂਸਲਰ ਦੀਪਕਾ ਸ਼ਾਰਦਾ ਨੇ ਵੀ ਕਿਹਾ ਕਿ ਟ੍ਰੀਟਮੈਂਟ ਪਲਾਂਟਾਂ ਦੀ ਸਮਰਥਾ ਘੱਟ ਹੋਣ ਕਾਰਣ ਸੀਵਰੇਜ ਬੈਕ ਦੀ ਸਮੱਸਿਆ ਆ ਰਹੀ ਹੈ। ਇਨ੍ਹਾਂ ਦਿਨੀਂ ਪਾਣੀ ਦੀ ਖਪਤ ਘੱਟ ਹੈ, ਗਰਮੀਆਂ ਵਿਚ ਕੀ ਹਾਲ ਹੋਵੇਗਾ ਅਤੇ ਸਮੱਸਿਆ ਗੰਭੀਰ ਹੋਵੇਗੀ।
ਨਾਰਥ ਖੇਤਰ ਦੀ ਹੀ ਕੌਂਸਲਰ ਡਾ. ਤਮਨਰੀਤ ਨੇ ਵੀ ਹਾਊਸ 'ਚ ਕਿਹਾ ਕਿ ਵਾਰਡ ਨੰ. 1 ਵਿਚ ਸੀਵਰੇਜ ਬਲਾਕੇਜ ਦੀ ਸਮੱਸਿਆ ਕਾਫੀ ਵਧ ਗਈ ਹੈ, ਜਿਸ ਕਾਰਣ ਪੀਣ ਵਾਲਾ ਪਾਣੀ ਵੀ ਗੰਦਾ ਹੋ ਰਿਹਾ ਹੈ ਅਤੇ ਲੋਕ ਬੀਮਾਰ ਹੋ ਰਹੇ ਹਨ, ਜਿਸ ਦਾ ਜਲਦ ਹੱਲ ਕੀਤਾ ਜਾਵੇ। ਨਾਰਥ ਕੌਂਸਲਰ ਰਿਸ਼ਾ ਸੈਣੀ ਨੇ ਕਿਹਾ ਕਿ ਬੁਲੰਦਪੁਰ ਅਤੇ ਗਦਈਪੁਰ ਖੇਤਰਾਂ ਵਿਚ ਸੀਵਰੇਜ ਬਲਾਕ ਦੀ ਸਮੱਸਿਆ ਹੱਲ ਨਹੀਂ ਹੋ ਰਹੀ। ਰਾਜਾ ਗਾਰਡਨ 'ਚ ਲੋਕ ਸੀਵਰੇਜ ਮਿਕਸ ਪਾਣੀ ਪੀ ਰਹੇ ਹਨ ਅਤੇ ਉਥੇ ਗੰਦਾ ਪਾਣੀ ਆ ਰਿਹਾ ਹੈ। ਨਿਗਮ ਨੂੰ ਸ਼ਿਕਾਇਤ ਦਿੱਤੇ ਮਹੀਨਾ ਹੋ ਗਿਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ।

ਜੈਨ ਪੈਲੇਸ ਦੇ ਨੇੜੇ ਬਣਨ ਵਾਲੇ ਡੰਪ ਨੂੰ ਲੈ ਕੇ ਕੌਂਸਲਰ ਬਹਿਸੇ
ਸਾਈਂ ਦਾਸ ਸਕੂਲ ਡੰਪ ਬੰਦ ਹੋਣ ਤੋਂ ਬਾਅਦ ਆਸ-ਪਾਸ ਦੇ ਵਾਰਡਾਂ 'ਚ ਕੂੜੇ ਦੀ ਸਮੱਸਿਆ ਆ ਗਈ ਹੈ। ਕਾਂਗਰਸੀ ਕੌਂਸਲਰ ਰਜਨੀ ਬਾਹਰੀ ਨੇ ਮੰਗ ਰੱਖੀ ਕਿ ਟਾਂਡਾ ਰੋਡ 'ਤੇ ਜੈਨ ਪੈਲੇਸ ਦੇ ਨੇੜੇ ਨਿਗਮ ਦੀ ਜਗ੍ਹਾ ਖਾਲੀ ਪਈ ਹੈ, ਜਿਸ 'ਤੇ ਕੂੜੇ ਦਾ ਡੰਪ ਬਣਾਇਆ ਜਾਵੇ। ਕੌਂਸਲਰ ਰੌਨੀ ਅਤੇ ਕੌਂਸਲਰ ਅੰਜਲੀ ਭਗਤ ਨੇ ਵੀ ਇਸ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਕ੍ਰਿਸ਼ਨ ਮੁਰਾਰੀ ਮੰਦਰ ਕੋਲ ਜੋ ਨਾਜਾਇਜ਼ ਡੰਪ ਬਣ ਗਿਆ ਹੈ, ਉਸ ਨੂੰ ਬੰਦ ਕਰਵਾਇਆ ਜਾਵੇ। ਜੈਨ ਪੈਲੇਸ ਨੇੜੇ ਨਵਾਂ ਡੰਪ ਬਣਾਉਣ ਦੀ ਮੰਗ 'ਤੇ ਕਾਂਗਰਸੀ ਕੌਂਸਲਰ ਦੀਪਕ ਸ਼ਾਰਦਾ ਭੜਕ ਗਏ ਅਤੇ ਉਨ੍ਹਾਂ ਸਾਫ ਸ਼ਬਦਾਂ 'ਚ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਉਸ ਖੇਤਰ ਵਿਚ ਕੂੜੇ ਦਾ ਡੰਪ ਨਹੀਂ ਬਣਨ ਦੇਣਗੇ।

ਮੁਹੱਲੇ 'ਚ ਸਪਲਾਈ ਹੋ ਰਿਹਾ ਕੋਲਡ ਡ੍ਰਿੰਕ ਵਰਗਾ ਪਾਣੀ
ਭਾਜਪਾ ਕੌਂਸਲਰ ਬਲਜੀਤ ਪ੍ਰਿੰਸ ਨੇ ਆਪਣੇ ਵਾਰਡ 'ਚ ਅਰਜੁਨ ਨਗਰ ਅਤੇ ਹੋਰ ਖੇਤਰਾਂ 'ਚ ਗੰਦਾ ਪਾਣੀ ਸਪਲਾਈ ਹੋਣ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਕਈ ਘਰਾਂ ਵਿਚ ਕੋਲਡ ਡ੍ਰਿੰਕ ਵਰਗਾ ਪਾਣੀ ਸਪਲਾਈ ਹੋ ਰਿਹਾ ਹੈ। ਮੇਅਰ ਨੇ ਕੌਂਸਲਰ ਪ੍ਰਿੰਸ ਵੱਲੋਂ ਲਿਆਂਦੇ ਗਏ ਸੈਂਪਲ ਨੂੰ ਸੁੰਘ ਕੇ ਵੇਖਿਆ। ਉਨ੍ਹਾਂ ਮੰਗ ਰੱਖੀ ਕਿ 33 ਲੱਖ ਨਾਲ ਸੁਪਰ ਸਕਸ਼ਨ ਦਾ ਕੰਮ ਸ਼ੁਰੂ ਕਰਵਾਇਆ ਜਾਵੇ। ਗੋਬਿੰਦਗੜ੍ਹ ਦੇ ਪਾਰਕਾਂ 'ਚ ਲੱਗੇ ਦਰੱਖਤਾਂ ਦੀ ਕਟਿੰਗ ਕੀਤੀ ਜਾਵੇ।

ਕੌਂਸਲਰ ਰੌਨੀ ਨੇ ਮੇਅਰ ਨੂੰ ਦੂਰਬੀਨ ਅਤੇ ਐਨਕਾਂ ਗਿਫਟ ਕੀਤੀਆਂ, ਆਪਣੇ ਵਾਰਡ ਵੱਲ ਵੇਖਣ ਦੀ ਮੰਗ ਕੀਤੀ
ਨਿਗਮ ਦੇ ਕੌਂਸਲਰ ਦਵਿੰਦਰ ਸਿੰਘ ਰੌਨੀ ਨੇ ਮੀਟਿੰਗ ਦੌਰਾਨ ਮੇਅਰ ਸਾਹਮਣੇ ਆ ਕੇ ਪੈਕ ਕੀਤਾ ਹੋਇਆ ਇਕ ਗਿਫਟ ਮੇਅਰ ਰਾਜਾ ਨੂੰ ਸੌਂਪਿਆ, ਜਿਸ ਨੂੰ ਲੈ ਕੇ ਖੂਬ ਨੋਕ-ਝੋਕ ਹੋਈ। ਸੱਤਾ ਪੱਖ ਨੇ ਕੌਂਸਲਰ ਰੌਨੀ ਨੂੰ ਘੇਰਨਾ ਚਾਹਿਆ ਪਰ ਉਹ ਮੇਅਰ ਨੂੰ ਗਿਫਟ ਦੇਣ 'ਚ ਕਾਮਯਾਬ ਰਹੇ। ਗਿਫਟ ਵਿਚ ਇਕ ਦੂਰਬੀਨ ਅਤੇ ਐਨਕ ਸੀ, ਜਿਸ 'ਤੇ ਰੌਨੀ ਦਾ ਕਹਿਣਾ ਸੀ ਕਿ ਕਾਂਗਰਸੀ ਨੇਤਾਵਾਂ ਦੇ ਕਹਿਣ 'ਤੇ ਹੀ ਅਧਿਕਾਰੀ ਉਸ ਦੇ ਵਾਰਡ ਦੇ ਕੰਮ ਨਹੀਂ ਕਰ ਰਹੇ। ਮੇਅਰ ਇਸ ਵੱਲ ਧਿਆਨ ਦੇਣ।

ਧੰਨੋਵਾਲੀ ਸਮੱਸਿਆ ਸਬੰਧੀ ਗਰਜੇ ਮਨਦੀਪ ਜੱਸਲ
ਰਾਮਾ ਮੰਡੀ ਖੇਤਰ ਦੇ ਕੌਂਸਲਰ ਮਨਦੀਪ ਜੱਸਲ ਨੇ ਧੰਨੋਵਾਲੀ ਵਿਚ ਆ ਰਹੀਆਂ ਸੀਵਰ ਸਮੱਸਿਆਵਾਂ ਸਬੰਧੀ ਕਿਹਾ ਕਿ ਇਸ ਨਾਲ ਸੱਤਾ ਪੱਖ ਦੀ ਖੂਬ ਬਦਨਾਮੀ ਹੋ ਰਹੀ ਹੈ। ਡੇਢ ਕਰੋੜ ਰੁਪਏੇ ਬੇਕਾਰ ਗਏ ਅਤੇ ਗਲੀਆਂ 'ਚ ਅੱਜ ਵੀ ਗੰਦਾ ਪਾਣੀ ਖੜ੍ਹਾ ਹੈ। ਲੋਕ ਪ੍ਰੇਸ਼ਾਨ ਹੋ ਰਹੇ ਹਨ। ਲੋਕਾਂ ਨੂੰ ਕਦੋਂ ਸੁਵਿਧਾਵਾਂ ਮਿਲਣਗੀਆਂ। ਮੇਅਰ ਨੇ ਇਸ ਸਬੰਧੀ ਐੱਸ. ਈ. ਸਤਿੰਦਰ ਤੋਂ ਜਵਾਬ ਵੀ ਮੰਗਿਆ ਪਰ ਜੱਸਲ ਇਸ ਤੋਂ ਸੰਤੁਸ਼ਟ ਨਹੀਂ ਦਿਸੇ ਅਤੇ ਮੰਗ ਕੀਤੀ ਕਿ ਗਲਤ ਕੰਮ ਕਰਨ ਵਾਲੇ ਸੀਵਰੇਜ ਬੋਰਡ ਦੇ ਅਧਿਕਾਰੀਆਂ 'ਤੇ ਐਕਸ਼ਨ ਲਿਆ ਜਾਵੇ।
ਕੱਚੇ ਘਰਾਂ ਦੀ ਗ੍ਰਾਂਟ ਸਬੰਧੀ ਹੋਇਆ ਹੰਗਾਮਾ
ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਦੇਸ ਰਾਜ ਜੱਸਲ ਨੇ ਕੱਚੇ ਘਰਾਂ ਦੀ ਗ੍ਰਾਂਟ ਦਾ ਮਾਮਲਾ ਉਠਾਉਂਦਿਆ ਕਿਹਾ ਕਿ ਦਰਜਨਾਂ ਲੋਕ ਆਪਣੇ ਘਰਾਂ ਨੂੰ ਤੋੜ ਕੇ ਕਿਰਾਏ ਦੇ ਮਕਾਨਾਂ ਵਿਚ ਰਹਿ ਰਹੇ ਹਨ ਪਰ ਉਨ੍ਹਾਂ ਨੂੰ ਗ੍ਰਾਂਟ ਨਹੀਂ ਮਿਲ ਰਹੀ। ਕਈਆਂ ਨੂੰ ਤਾਂ ਇਕ ਵੀ ਕਿਸ਼ਤ ਨਹੀਂ ਮਿਲ ਰਹੀ। ਕਮਿਸ਼ਨਰ ਲਾਕੜਾ ਨੇ ਅੰਕੜੇ ਦੇ ਕੇ ਉਨ੍ਹਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੱਸਿਆ ਕਿ ਗ੍ਰਾਂਟ ਖਤਮ ਹੋਣ ਕਾਰਣ ਦੇਰੀ ਹੋਈ। ਹੁਣ 1 ਕਰੋੜ ਰੁਪਏ ਆ ਚੁੱਕੇ ਹਨ, ਜਿਸ ਨੂੰ ਜਲਦ ਜਾਰੀ ਕਰ ਦਿੱਤਾ ਜਾਵੇਗਾ।
ਕਈ ਕੌਂਸਲਰਾਂ ਨੇ ਵਿੱਕੀ ਕਾਲੀਆ ਨੂੰ ਸੁਣਾਈਆ ਖਰੀਆਂ-ਖਰੀਆਂ
ਸ਼ਹਿਰ ਦੀ ਸਫਾਈ ਸਬੰਧੀ ਮੁੱਦਾ ਚੁੱਕਣ ਦੌਰਾਨ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਨੇ ਕਹਿ ਦਿੱਤਾ ਕਿ ਭਾਵੇਂ ਕੌਂਸਲਰਾਂ ਦੀ ਤਨਖਾਹ ਨਾ ਵਧਾਈ ਜਾਵੇ ਪਰ ਕੂੜਾ ਚੁੱਕਣ ਵਾਲੀ ਮਸ਼ੀਨਰੀ ਵਧਾਈ ਜਾਵੇ। ਉਨ੍ਹਾਂ ਦੇ ਇੰਨਾ ਕਹਿੰਦਿਆਂ ਹੀ ਕੌਂਸਲਰ ਭੜਕ ਉੱਠੇ ਅਤੇ ਉਨ੍ਹਾਂ ਨੇ ਵਿੱਕੀ ਕਾਲੀਆ ਨੂੰ ਖਰੀਆਂ-ਖਰੀਆਂ ਸੁਣਾਉਂਦੇ ਕਿਹਾ ਕਿ ਆਪਣੀ ਸਰਕਾਰ ਹੋਣ ਦੌਰਾਨ ਉਨ੍ਹਾਂ ਨੇ ਪੈਸੇ ਕਮਾ ਲਏ ਲੱਗਦੇ ਹਨ। ਇਨ੍ਹਾਂ ਕੌਂਸਲਰਾਂ ਨੇ ਕਿਹਾ ਕਿ ਕਿਸੇ ਨੂੰ ਤਨਖਾਹ ਵਿੱਕੀ ਕਾਲੀਆ ਨਹੀਂ, ਬਲਕਿ ਸਰਕਾਰ ਨੇ ਦੇਣੀ ਹੈ। ਇਸ ਲਈ ਤਨਖਾਹ ਵੀ ਵਧਾਈ ਜਾਵੇ ਅਤੇ ਸਫਾਈ ਲਈ ਮਸ਼ੀਨਰੀ ਵੀ ਖਰੀਦੀ ਜਾਵੇ।

ਜ਼ਿਆਦਾਤਰ ਅਧਿਕਾਰੀ ਰਹੇ ਗੈਰ-ਹਾਜ਼ਰ, ਮੇਅਰ ਦਿਸੇ ਨਾਰਾਜ਼
ਕੌਂਸਲਰ ਹਾਊਸ ਦੀ ਮੀਟਿੰਗ ਦੌਰਾਨ ਲਗਾਤਾਰ 4 ਘੰਟੇ ਸਾਰੇ ਕੌਂਸਲਰਾਂ ਨੇ ਸ਼ਹਿਰ ਨਾਲ ਸਬੰਧਤ ਖੂਬ ਮੁੱਦੇ ਉਠਾਏ ਪਰ ਹਾਊਸ ਦੀ ਮੀਟਿੰਗ 'ਚੋਂ ਕਈ ਨਿਗਮ ਅਧਿਕਾਰੀ ਗੈਰ-ਹਾਜ਼ਰ ਰਹੇ, ਜਿਸ ਕਾਰਨ ਕੌਂਸਲਰਾਂ ਨੂੰ ਉਚਿਤ ਜਵਾਬ ਨਹੀਂ ਮਿਲ ਸਕੇ। ਮੇਅਰ ਵੀ ਇਸ ਤੋਂ ਨਾਰਾਜ਼ ਦਿਸੇ ਅਤੇ ਉਨ੍ਹਾਂ ਨੇ ਕਮਿਸ਼ਨਰ ਨੂੰ ਕਿਹਾ ਕਿ ਭਵਿੱਖ 'ਚ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਗੈਰ-ਹਾਜ਼ਰ ਰਹਿਣ ਵਾਲਿਆਂ 'ਚ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ, ਹੈਲਥ ਅਫਸਰ ਡਾ. ਕ੍ਰਿਸ਼ਨ, ਤਹਿ-ਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਆਦਿ ਮੁੱਖ ਸਨ।

ਕੌਂਸਲਰ ਹਾਊਸ 'ਚ ਲਹਿਰਾਈਆਂ 'ਪੰਜਾਬ ਕੇਸਰੀ' ਦੀਆਂ ਕਾਪੀਆਂ
ਕੌਂਸਲਰ ਹਾਊਸ ਦੀ ਹੋਈ ਮੀਟਿੰਗ ਦੌਰਾਨ ਕਈ ਕੌਂਸਲਰਾਂ ਨੇ 'ਪੰਜਾਬ ਕੇਸਰੀ' ਵਿਚ ਪ੍ਰਕਾਸ਼ਿਤ ਖ਼ਬਰਾਂ ਦਾ ਜ਼ਿਕਰ ਕੀਤਾ। ਕੌਂਸਲਰ ਸ਼ੈਰੀ ਚੱਢਾ ਨੇ ਮੇਅਰ ਦੇ ਸਾਹਮਣੇ ਆ ਕੇ ਸਾਰਿਆਂ ਨੂੰ ਪੰਜਾਬ ਕੇਸਰੀ 'ਚ ਛਪੀ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਛਾਉਣੀ ਵਿਚ ਨਿਗਮ ਦੀ ਜੈਟਿੰਗ ਮਸ਼ੀਨ ਸੀਵਰ ਸਾਫ ਕਰਵਾ ਰਹੀ ਸੀ। ਦੱਸਿਆ ਜਾਵੇ ਕਿ ਇਹ ਮਸ਼ੀਨ ਕਿਸ ਦੇ ਕਹਿਣ 'ਤੇ ਉਥੇ ਭੇਜੀ ਗਈ। ਇਸ ਦੀ ਜਾਂਚ ਕਰਵਾਈ ਜਾਵੇ। ਸਾਨੂੰ ਕਈ-ਕਈ ਦਿਨ ਮਸ਼ੀਨ ਨਹੀਂ ਮਿਲਦੀ, ਜਦਕਿ ਉਨ੍ਹਾਂ ਕੋਲ ਆਪਣੀਆਂ ਮਸ਼ੀਨਾਂ ਵੀ ਹਨ। ਭਾਜਪਾ ਕੌਂਸਲਰ ਸ਼ਵੇਤਾ ਧੀਰ ਨੇ ਵੀ ਸਦਨ ਵਿਚ ਪੰਜਾਬ ਕੇਸਰੀ ਦੀ ਕਾਪੀ ਲਹਿਰਾਉਂਦੇ ਹੋਏ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਪ੍ਰਤੀ ਨਿਗਮ ਪ੍ਰਸ਼ਾਸਨ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਅਤੇ ਕਾਂਗਰਸ ਪਾਰਟੀ ਆਪਣਿਆਂ ਦੀ ਹੀ ਬਗਾਵਤ ਨਾਲ ਨਜਿੱਠਣ ਲੱਗੀ ਹੋਈ ਹੈ।
ਹਾਊਸ ਵਿਚ ਸਾਫ ਪਾਣੀ ਨਾ ਮਿਲਣ ਤੋਂ ਗੁੱਸੇ ਹੋਏ ਰੋਹਨ ਸਹਿਗਲ
ਮਾਡਲ ਟਾਊਨ ਤੋਂ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਇਸ ਗੱਲ 'ਤੇ ਗੁੱਸੇ ਹੋ ਗਏ ਕਿ ਮੀਟਿੰਗ ਦੌਰਾਨ ਕੌਂਸਲਰਾਂ ਨੂੰ ਗੰਦੇ ਗਲਾਸਾਂ 'ਚ ਪਾਣੀ ਸਰਵ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜੇ ਪਲਾਸਟਿਕ 'ਤੇ ਪਾਬੰਦੀ ਨਹੀਂ ਲਾਈ ਜਾ ਰਹੀ। ਅਜਿਹੇ 'ਚ ਇਕ-ਇਕ ਬੋਤਲ ਪਾਣੀ ਦੇਣ ਵਿਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ। ਇਸੇ ਦੌਰਾਨ ਉਨ੍ਹਾਂ ਇਕ ਠੇਕੇਦਾਰ ਨੂੰ ਬਦਮਾਸ਼ ਠੇਕੇਦਾਰ ਕਹਿੰਦੇ ਹੋਏ ਦੱਸਿਆ ਕਿ ਠੇਕੇਦਾਰ ਹੁਣ ਸਟਰੀਟ ਲਾਈਟਾਂ ਦੇ ਟੈਂਡਰਾਂ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਠੇਕੇਦਾਰ ਨੇ ਟਿਊਬਵੈੱਲ ਦੇ ਇਕ ਕੰਮ ਦੌਰਾਨ ਕਮਿਸ਼ਨਰ ਦੇ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਅਤੇ ਐੱਫ. ਐਂਡ ਸੀ. ਸੀ. ਮੀਟਿੰਗ 'ਚ ਵੀ ਇਸ ਦਾ ਰਵੱਈਆ ਠੀਕ ਨਹੀਂ ਰਿਹਾ।

ਮੇਅਰ ਵਲੋਂ ਕਹੇ ਸ਼ਬਦਾਂ ਨਾਲ ਪੈਦਾ ਹੋਈ ਗਲਤਫਹਿਮੀ, ਕੁਝ ਦੇਰ ਹੋਇਆ ਹੰਗਾਮਾ
ਹਾਊਸ ਦੀ ਮੀਟਿੰਗ ਕਰੀਬ 4 ਘੰਟੇ ਤੱਕ ਚੱਲੀ ਅਤੇ ਕੋਈ ਖਾਸ ਹੰਗਾਮਾ ਨਹੀਂ ਹੋਇਆ ਪਰ ਮੇਅਰ ਵੱਲੋਂ ਕਹੇ ਕੁਝ ਸ਼ਬਦਾਂ ਨਾਲ ਗਲਤਫਹਿਮੀ ਪੈਦਾ ਹੋਈ, ਜਿਸ ਕਾਰਨ ਕੌਂਸਲਰਾਂ 'ਚ ਆਪਸੀ ਨੋਕ-ਝੋਕ ਹੋਈ। ਦਰਅਸਲ ਜਦੋਂ ਕੌਂਸਲਰ ਸ਼ਵੇਤਾ ਧੀਰ ਆਪਣੇ ਵਾਰਡ ਨਾਲ ਸਬੰਧਤ ਮੁੱਦੇ ਉਠਾ ਰਹੀ ਸੀ ਤਾਂ ਮੇਅਰ ਜਗਦੀਸ਼ ਰਾਜਾ ਨੇ ਉਨ੍ਹਾਂ ਨੂੰ ਚੁੱਪ ਕਰਵਾਉਂਦੇ ਹੋਏ ਇਹ ਕਹਿ ਦਿੱਤਾ ਕਿ ਤਿਆਰ ਹੋ ਕੇ ਆਇਆ ਕਰੋ। ਜਿੱਥੇ ਮੇਅਰ ਦਾ ਕਹਿਣ ਦਾ ਮਕਸਦ ਇਹ ਸੀ ਕਿ ਹਾਊਸ ਵਿਚ ਆਉਣ ਤੋਂ ਪਹਿਲਾਂ ਏਜੰਡਾ ਪੜ੍ਹ ਕੇ ਤਿਆਰੀ ਕਰ ਕੇ ਆਇਆ ਕਰੋ ਪਰ ਕੌਂਸਲਰ ਰੌਨੀ ਨੇ ਮੇਅਰ ਵੱਲੋਂ ਕਹੀ ਗੱਲ ਦਾ ਪਤੰਗੜ ਬਣਾ ਦਿੱਤਾ ਅਤੇ ਕਿਹਾ ਕਿ ਮੇਅਰ ਨੂੰ ਮਹਿਲਾ ਕੌਂਸਲਰਾਂ ਨਾਲ ਗੱਲ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਨੂੰ ਅਜਿਹਾ ਕਿਵੇਂ ਕਿਹਾ ਜਾ ਸਕਦਾ ਹੈ ਕਿ ਤਿਆਰ ਹੋ ਕੇ ਆਇਆ ਕਰੋ। ਬਾਅਦ 'ਚ ਕੌਂਸਲਰ ਜਗਦੀਸ਼ ਦਕੋਹਾ ਅਤੇ ਖੁਦ ਮੇਅਰ ਨੇ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਅਜਿਹਾ ਨਹੀਂ ਸੀ, ਜਿਵੇਂ ਰੌਨੀ ਨੇ ਸਮਝਾਇਆ। ਮੇਅਰ ਨੇ ਕਿਹਾ ਕਿ ਮਹਿਲਾ ਕੌਂਸਲਰ ਮੇਰੀਆਂ ਭੈਣਾਂ ਅਤੇ ਬੇਟੀਆਂ ਵਰਗੀਆਂ ਹਨ। ਉਨ੍ਹਾਂ ਬਾਰੇ ਮੈਂ ਕੁਝ ਕਿਵੇਂ ਕਹਿ ਸਕਦਾ ਹਾਂ।
ਨਿਗਮ ਕਮਿਸ਼ਨਰ ਨੇ ਵੀ ਕੌਂਸਲਰਾਂ ਨੂੰ ਵਿਖਾਇਆ ਸ਼ੀਸ਼ਾ
ਹਾਊਸ 'ਚ ਜਦੋਂ ਸਾਰੇ ਕੌਂਸਲਰ ਕੂੜੇ ਸਬੰਧੀ ਅਧਿਕਾਰੀਆਂ 'ਤੇ ਵਰ੍ਹ ਰਹੇ ਸਨ ਤਾਂ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਸਾਰੇ ਕੌਂਸਲਰਾਂ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ ਕਿ ਕੂੜੇ ਦੀ ਮੈਨੇਜਮੈਂਟ ਸਬੰਧੀ ਪਿਛਲੇ ਦਿਨੀਂ ਇਕ ਚੰਗਾ ਸੈਮੀਨਾਰ ਹੋਇਆ, ਜਿਸ ਵਿਚ ਸਾਰੇ ਕੌਂਸਲਰਾਂ ਨੂੰ ਬੁਲਾਇਆ ਗਿਆ ਸੀ ਪਰ ਉਸ ਵਿਚ 2 ਕੌਂਸਲਰ ਹੀ ਪਹੁੰਚੇ, ਜਿਸ ਨਾਲ ਸਪੱਸ਼ਟ ਹੈ ਕਿ ਕੌਂਸਲਰਾਂ ਨੂੰ ਕੂੜੇ ਦੀ ਮੈਨੇਜਮੈਂਟ ਵਿਚ ਕੋਈ ਖਾਸ ਦਿਲਚਸਪੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕੂੜੇ ਨੂੰ ਮੈਨੇਜ ਕਰਨ ਦਾ ਕੰਮ ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਸਿਰਫ ਅਧਿਕਾਰੀਆਂ ਵਲੋਂ ਨਹੀਂ ਕੀਤਾ ਜਾ ਸਕਦਾ।
ਟਰੱਕ ਦੀ ਲਪੇਟ 'ਚ ਆਉਣ ਕਾਰਨ ਔਰਤ ਦੀ ਮੌਤ
NEXT STORY