ਫਗਵਾੜਾ,(ਹਰਜੋਤ, ਅਸ਼ੋਕ ਕੌੜਾ) : ਭਾਰਤ ਵੱਲੋਂ ਪਾਕਿਸਤਾਨ ਨੂੰ ਦਿੱਤਾ ਜਾਂਦਾ ਪਾਣੀ ਹੁਣ ਪੰਜਾਬ ਅਤੇ ਰਾਜਸਥਾਨ ਦੇ ਸਿੰਚਾਈ ਕੰਮਾਂ ਲਈ ਵਰਤਿਆ ਜਾਵੇਗਾ। ਇਹ ਪ੍ਰਗਟਾਵਾ ਕੇਂਦਰੀ ਸੜਕੀ ਆਵਾਜਾਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਇਥੇ ਜੀ. ਟੀ. ਰੋਡ 'ਤੇ ਪਿਛਲੇ 10 ਸਾਲਾ ਤੋਂ ਲੱਟਕੇ ਪਏ ਪੁਲ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 165 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ ਢਾਈ ਕਿਲੋਮੀਟਰ ਲੰਬੇ ਪੁਲ ਦਾ ਕੰਮ ਇਕ ਮਹੀਨੇ 'ਚ ਸ਼ੁਰੂ ਹੋਵੇਗਾ ਅਤੇ 1 ਸਾਲ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ 1960 'ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਅਤੇ ਹੋਰ ਸਾਥੀਆਂ ਵੱਲੋਂ ਪਾਣੀ ਦੇਣ ਦਾ ਸਮਝੌਤਾ ਇਸ ਲਈ ਕੀਤਾ ਸੀ ਕਿ ਚੋਣਾਂ ਦੇਸ਼ਾਂ ਦੇ ਸਬੰਧ 'ਚ ਸੁਖਾਵੇਂ ਤੇ ਪ੍ਰੇਮ ਭਰੇ ਬਣੇ ਰਹਿਣ ਪਰ ਪਾਕਿਸਤਾਨ ਪਾਣੀ ਦੇ ਬਦਲੇ ਸਾਨੂੰ ਬੰਬ ਦੇ ਰਿਹਾ ਹੈ ਅਤੇ ਸਾਡੀਆਂ ਫ਼ੌਜਾਂ ਦਾ ਭਾਰੀ ਨੁਕਸਾਨ ਕਰ ਰਿਹਾ ਹੈ, ਜਿਸ ਨੂੰ ਹੁਣ ਭਾਰਤ ਸਹਿਣ ਨਹੀਂ ਕਰੇਗਾ ਅਤੇ ਪਾਕਿਸਤਾਨ ਦਾ ਪਾਣੀ ਬੰਦ ਕਰ ਕੇ ਉਸ ਨੂੰ ਪਾਣੀ ਲਈ ਤਰਸਣ ਨੂੰ ਮਜਬੂਰ ਕਰੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ 'ਚ 1 ਲੱਖ ਕਰੋੜ ਰੁਪਏ ਸੜਕਾਂ ਅਤੇ ਸਿੰਚਾਈ ਦੇ ਕੰਮਾਂ 'ਤੇ ਖਰਚ ਕੀਤੇ ਜਾਣਗੇ, ਜਿਸ 'ਚੋਂ 60 ਹਜ਼ਾਰ ਕਰੋੜ ਸੜਕਾਂ 'ਤੇ 40 ਹਜ਼ਾਰ ਕਰੋੜ ਸਿੰਚਾਈ 'ਤੇ ਖਰਚ ਹੋਣਗੇ। ਉਨ੍ਹਾਂ ਦੱਸਿਆ ਕਿ ਨਵੀਆਂ ਸੜਕਾਂ ਕੰਕਰੀਟ ਦੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਇਹ ਲੰਬਾ ਸਮਾਂ ਚੱਲ ਸਕਣ। ਉਨ੍ਹਾਂ ਕਿਹਾ ਕਿ ਸੋਮਾ ਕੰਪਨੀ ਨੇ ਪੰਜਾਬ ਦੇ ਕਈ ਪ੍ਰੋਜੈਕਟ ਲੰਬੇ ਸਮੇਂ ਤੋਂ ਲਟਕਾਏ ਹੋਏ ਹਨ, ਜਿਨ੍ਹਾਂ ਦੇ ਉੱਚ ਅਦਾਲਤਾਂ 'ਚ ਕੇਸ ਚੱਲਦੇ ਹਨ, ਉਨ੍ਹਾਂ ਕਿਹਾ ਕਿ ਫਗਵਾੜਾ ਦਾ ਕੰਮ ਚਲਾਉਣ ਲਈ ਉਨ੍ਹਾਂ ਨਿੱਜੀ ਦਿਲਚਸਪੀ ਲੈ ਕੇ ਸੋਮਾ ਤੋਂ ਐੱਨ. ਓ. ਸੀ. ਪ੍ਰਾਪਤ ਕਰ ਕੇ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਉਨ੍ਹਾਂ ਪੰਜਾਬ 'ਚ ਚੱਲ ਰਹੇ ਨੈਸ਼ਨਲ ਹਾਈਵੇਜ਼ ਦੇ ਕੰਮਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਫਗਵਾੜਾ-ਹੁਸ਼ਿਆਰਪੁਰ, ਜਲੰਧਰ-ਹੁਸ਼ਿਆਰਪੁਰ, ਫਗਵਾੜਾ-ਰੋਪੜ ਦੇ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਤੇ ਆਈ. ਟੀ. ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸ਼੍ਰੀ ਗਡਕਰੀ ਦੀ ਅਗਵਾਈ ਹੇਠ ਸੜਕੀ ਨਿਰਮਾਣ ਦੇ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਪਾਨੀਪਤ ਤੋਂ ਜਲੰਧਰ ਤਕ ਲੱਟਕੇ ਹੋਏ 6 ਪ੍ਰੋਜੈਕਟਾਂ ਨੂੰ ਵੀ ਸਿਰੇ ਲਗਾਇਆ ਜਾਵੇ, ਉਨ੍ਹਾਂ ਧਿਆਨ ਦੁਆਇਆ ਕਿ ਉਹ ਇਸ ਸਬੰਧੀ ਕਈ ਵਾਰ ਪਹਿਲਾਂ ਵੀ ਮੰਤਰੀ ਨੂੰ ਮਿਲ ਕੇ ਜਾਣੂ ਕਰਵਾ ਚੁੱਕੇ ਹਨ, ਉਨ੍ਹਾਂ ਮੰਤਰੀ ਦਾ ਪੰਜਾਬ ਪੁਜਣ 'ਤੇ ਸੁਆਗਤ ਕੀਤਾ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਸਰਵਨ ਸਿੰਘ ਕੁਲਾਰ, ਡਿਪਟੀ ਕਮਿਸ਼ਨਰ ਦਵਿੰਦਰਪਾਲ ਸਿੰਘ ਖਰਬੰਦਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਫਗਵਾੜਾ ਇੰਚਾਰਜ ਰਵਿੰਦਰ ਅਰੋੜਾ, ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ, ਸੁਖਜੀਤ ਸਟਾਰ ਐਂਡ ਕੈਮੀਕਲ ਲਿਮ. ਦੇ ਐੱਮ. ਡੀ. ਕੁਲਦੀਪ ਸਰਦਾਨਾ, ਸਨਅਤਕਾਰ ਅਜੀਤ ਸਿੰਘ ਵਾਲੀਆ, ਹਰਬੰਸ ਲਾਲ, ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ, ਮਾਸਟਰ ਹਰਭਜਨ ਸਿੰਘ ਭੁੱਲਾਰਾਈ, ਹਰੀਸ਼ ਸ਼ਰਮਾ, ਕੌਂਸਲਰ ਇਕਬਾਲ ਸਿੰਘ ਕੁੰਦੀ ਸ਼ਾਮਲ ਸਨ।
ਰੂਪਨਗਰ ਹਲਕੇ ਦੀਆਂ ਪੰਚਾਇਤਾਂ ਨੂੰ ਮਿਲੀ 3 ਕਰੋੜ ਰੁਪਏ ਦੀ ਰਾਸ਼ੀ
NEXT STORY