ਜਲੰਧਰ (ਪੁਨੀਤ)-ਪਿਛਲੇ ਕਈ ਹਫ਼ਤਿਆਂ ਤੋਂ ਸੀਵਰੇਜ ਜਾਮ ਅਤੇ ਗੰਦਗੀ ਦੀ ਸਮੱਸਿਆ ਨਗਰ ਨਿਗਮ ਲਈ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰਨ, ਗੰਦਗੀ ਅਤੇ ਟੁੱਟੀਆਂ ਸੜਕਾਂ ਕਾਰਨ ਨਰਕ ਵਰਗੀ ਸਥਿਤੀ ਵੇਖਣ ਨੂੰ ਮਿਲ ਰਹੀ ਹੈ ਪਰ ਨਿਗਮ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਨਿਗਮ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਇਸੇ ਲੜੀ ਵਿਚ ਐਤਵਾਰ ਰਾਜਾ ਗਾਰਡਨ (ਵਾਰਡ ਨੰ. 2), ਗਦਾਈਪੁਰ ਮਾਰਕੀਟ ਅਤੇ ਦਕੋਹਾ-ਤੱਲ੍ਹਣ ਸਾਹਿਬ ਰੋਡ ’ਤੇ ਬਹੁਤ ਮਾੜੇ ਹਾਲਾਤ ਵੇਖੇ ਗਏ। ਸਥਾਨਕ ਲੋਕ ਅਤੇ ਕਾਰੋਬਾਰੀ ਪ੍ਰਸ਼ਾਸਨ ਨੂੰ ਵਾਰ-ਵਾਰ ਫਰਿਆਦ ਕਰ ਚੁੱਕੇ ਹਨ ਪਰ ਸਮੱਸਿਆ ਦੇ ਹੱਲ ਦੇ ਨਾਂ ’ਤੇ ਹੁਣ ਤੱਕ ਉਨ੍ਹਾਂ ਨੂੰ ਸਿਰਫ਼ ਭਰੋਸਾ ਹੀ ਮਿਲਿਆ ਹੈ। ਇਸੇ ਤਰ੍ਹਾਂ ਕੱਲ੍ਹ ਵਾਰਡ ਨੰ. 85 ਵਿਚ ਵੀ ਪਾਣੀ ਦੀ ਸਮੱਸਿਆ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੱਸਿਆ ਦਾ ਜਲਦ ਹੱਲ ਨਾ ਹੋਇਆ ਤਾਂ ਉਹ ਨਿਗਮ ਵਿਰੁੱਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ
ਇਸ ਦੇ ਨਾਲ ਹੀ ਵਾਰਡ ਨੰਬਰ 2 ਦੇ ਰਾਜਾ ਗਾਰਡਨ ਵਿਚ ਪਿਛਲੇ 2 ਸਾਲਾਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਬਣੀ ਹੋਈ ਹੈ। ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ 5000 ਤੋਂ ਵੱਧ ਖਰਚ ਕੇ ਉਹ ਮਿੱਟੀ ਪੁਆ ਬੰਨ੍ਹ ਬਣਾ ਚੁੱਕੇ ਹਨ ਤਾਂ ਕਿ ਸੀਵਰੇਜ ਦੇ ਗੰਦੇ ਪਾਣੀ ਨੂੰ ਰੋਕਿਆ ਜਾ ਸਕੇ। ਨਿਗਮ, ਸਥਾਨਕ ਕੌਂਸਲਰ ਅਤੇ ਵਿਧਾਇਕ ਤਕ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਹੋਈ। ਇਲਾਕਾ ਨਿਵਾਸੀ ਕੁਸੁਮ, ਮਹੇਸ਼, ਅੰਜੂ, ਮੋਸਾ, ਮਜਨੂੰ, ਰਾਜੂ ਅਤੇ ਅਜੈ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਸਮੱਸਿਆ ਦਾ ਜਲਦ ਹੱਲ ਨਾ ਹੋਇਆ ਤਾਂ ਉਹ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
ਗਦਾਈਪੁਰ ਮਾਰਕੀਟ ’ਚ ਡੰਪਿੰਗ ਗਰਾਊਂਡ ਬਣੀ ਸੜਕ, ਕੂੜੇ ਤੋਂ ਲੋਕ ਪ੍ਰੇਸ਼ਾਨ
ਗਦਾਈਪੁਰ ਮਾਰਕੀਟ ਵਿਚ ਕੂੜੇ ਦੇ ਢੇਰਾਂ ਕਾਰਨ ਇਲਾਕੇ ਦੇ ਵਸਨੀਕਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੋਕਲ ਪੁਆਇੰਟ ਤੋਂ ਗਦਾਈਪੁਰ ਜਾਣ ਵਾਲੀ ਇਸ ਸੜਕ ਤੋਂ ਕੂੜਾ ਚੁੱਕਣ ਦਾ ਨਗਰ ਨਿਗਮ ਨੇ ਕੋਈ ਪ੍ਰਬੰਧ ਨਹੀਂ ਕੀਤਾ, ਜਿਸ ਕਾਰਨ ਇਹ ਸੜਕ ਕੂੜੇ ਦੀ ਡੰਪਿੰਗ ਗਰਾਊਂਡ ਬਣ ਚੁੱਕੀ ਹੈ। ਇਥੋਂ ਲੰਘਣ ਵਾਲੇ ਲੋਕਾਂ ਨੂੰ ਬਦਬੂ ਅਤੇ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਦੁਕਾਨਦਾਰਾਂ ਬਬਲੂ, ਰਾਜਾ, ਕਾਲੂ ਅਤੇ ਰਾਣਾ ਨੇ ਨਿਗਮ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਸੁਫ਼ਨੇ ਹੋਏ ਚੂਰ-ਚੂਰ, ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਜਲੰਧਰ ਦੇ 4 ਨੌਜਵਾਨਾਂ ਦੀ ਹੋਈ ਵਤਨ ਵਾਪਸੀ

ਦਕੋਹਾ-ਤੱਲ੍ਹਣ ਸਾਹਿਬ ਰੋਡ ’ਤੇ ਪਾਣੀ ਭਰਨ ਕਾਰਨ ਹਾਦਸਿਆਂ ਦਾ ਖ਼ਤਰਾ
ਕੇਂਦਰੀ ਵਿਧਾਨ ਸਭਾ ਹਲਕੇ ਦੇ ਦਕੋਹਾ ਤੋਂ ਤੱਲ੍ਹਣ ਸਾਹਿਬ ਗੁਰਦੁਆਰੇ ਤੱਕ ਜਾਣ ਵਾਲੀ ਸੜਕ ਦੀ ਹਾਲਤ ਵੀ ਬਦਤਰ ਹੋ ਚੁੱਕੀ ਹੈ। ਇਸ ਇਲਾਕੇ ਵਿਚ ਸੀਵਰੇਜ ਜਾਮ ਦੀ ਸਮੱਸਿਆ ਕਈ ਮਹੀਨਿਆਂ ਤੋਂ ਬਣੀ ਹੋਈ ਹੈ। ਸੜਕਾਂ ’ਤੇ ਪਾਣੀ ਭਰਨ ਕਾਰਨ ਜਗ੍ਹਾ-ਜਗ੍ਹਾ ਡੂੰਘੇ-ਡੂੰਘੇ ਟੋਏ ਪੈ ਚੁੱਕੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ। ਛੇ ਮਹੀਨੇ ਪਹਿਲਾਂ ਸਥਾਨਕ ਵਿਧਾਇਕ ਰਮਨ ਅਰੋੜਾ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਇਸ ਇਲਾਕੇ ਦਾ ਦੌਰਾ ਕਰ ਕੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਹਾਦਸਾ ਟਲਿਆ ਪਰ ਕਦੋਂ ਤਕ?
ਐਤਵਾਰ ਨੂੰ ਬਸਤੀ ਸ਼ੇਖ ਦਾ ਕੁਲਵਿੰਦਰ ਬਿੱਲਾ ਆਪਣੇ ਪਰਿਵਾਰ ਨਾਲ ਤੱਲ੍ਹਣ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾ ਰਿਹਾ ਸੀ ਕਿ ਉਸ ਦਾ ਮੋਟਰਸਾਈਕਲ ਸੀਵਰੇਜ ਦੇ ਪਾਣੀ ਵਿਚ ਤਿਲਕ ਗਿਆ। ਚੰਗੀ ਕਿਸਮਤ ਨੂੰ ਉਹ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ, ਨਹੀਂ ਤਾਂ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਫੁੱਟ ਸਕਦੈ ਲੋਕਾਂ ਦਾ ਗੁੱਸਾ
ਵੱਖ-ਵੱਖ ਇਲਾਕਿਆਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਪਾਣੀ ਭਰਨ, ਟੁੱਟੀਆਂ ਸੜਕਾਂ ਅਤੇ ਕੂੜੇ ਦੀ ਸਮੱਸਿਆ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਨਿਗਮ ਪ੍ਰਸ਼ਾਸਨ ਨੂੰ ਸੀਵਰੇਜ, ਪਾਣੀ ਦੀ ਨਿਕਾਸੀ ਅਤੇ ਕੂੜਾ ਪ੍ਰਬੰਧਨ ਦੀਆਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਜੇਕਰ ਨਿਗਮ ਨੇ ਜਲਦ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਲੋਕਾਂ ਦਾ ਗੁੱਸਾ ਭੜਕ ਸਕਦਾ ਹੈ ਅਤੇ ਉਹ ਸੜਕਾਂ ’ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਪਿਓ ਨੇ ਇਕਲੌਤੇ ਪੁੱਤ ਨੂੰ ਗੋਲ਼ੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ
NEXT STORY