ਫਗਵਾੜਾ (ਜਲੋਟਾ) – ਜ਼ਿਲ੍ਹਾ ਕਪੂਰਥਲਾ ਪੁਲਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਸਦਰ ਫਗਵਾੜਾ ਦੀ ਪੁਲਸ ਨੇ ਇੱਕ ਵਿਅਕਤੀ ਪਾਸੋਂ ਜਬਰੀ ਨਕਦੀ ਖੋਹਣ ਦੇ ਮਾਮਲੇ ਨੂੰ ਮਹਿਜ਼ 24 ਘੰਟਿਆਂ ਦੇ ਅੰਦਰ ਸੁਲਝਾਉਂਦਿਆਂ ਮੁਲਜ਼ਮ ਨੂੰ ਕਾਬੂ ਕਰਨ ਦੀ ਸੂਚਨਾ ਮਿਲੀ ਹੈ । ਪੁਲਸ ਨੇ ਮੁਲਜ਼ਮ ਪਾਸੋਂ ਖੋਹ ਕੀਤੀ ਰਕਮ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ ।
ਜਗ ਬਾਣੀ ਨਾਲ ਗਲਬਾਤ ਦੌਰਾਨ ਐੱਸ.ਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਇਹ ਮਾਮਲਾ ਸ਼ੋਕਤ ਅਲੀ ਪੁੱਤਰ ਲਿਅਕਤ ਅਲੀ ਜੋ ਕਿ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੰਭਲ ਦਾ ਰਹਿਣ ਵਾਲਾ ਹੈ ਅਤੇ ਹਾਲ ਵਾਸੀ ਮੁਹੱਲਾ ਭਗਤਪੁਰ (ਫਗਵਾੜਾ) ਵਿਖੇ ਰਹਿ ਰਿਹਾ ਹੈ, ਦੇ ਬਿਆਨਾਂ ''ਤੇ ਦਰਜ ਕੀਤਾ ਗਿਆ ਸੀ। ਸ਼ੋਕਤ ਅਲੀ ਨੇ ਸ਼ਿਕਾਇਤ ਦਿੱਤੀ ਸੀ ਕਿ ਮਿਤੀ 15 ਮਾਰਚ 2026 ਨੂੰ ਸ਼ਾਮ ਕਰੀਬ 04:50 ਵਜੇ ਇੱਕ ਅਣਪਛਾਤੇ ਵਿਅਕਤੀ ਨੇ ਉਸ ਪਾਸੋਂ ਜ਼ਬਰਦਸਤੀ 11,000 ਰੁਪਏ ਖੋਹ ਲਏ ਸਨ। ਉਹਨਾਂ ਦੱਸਿਆ ਕੀ ਇਸ ਸਬੰਧੀ ਥਾਣਾ ਸਦਰ ਫਗਵਾੜਾ ਵਿਖੇ ਮੁਕੱਦਮਾ ਨੰਬਰ 19, ਮਿਤੀ 15.03.2026 ਨੂੰ ਬੀ.ਐਨ.ਐਸ (BNS) ਦੀ ਧਾਰਾ 304 ਤਹਿਤ ਦਰਜ ਕੀਤਾ ਗਿਆ ਸੀ ।
ਐੱਸ.ਪੀ. ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੇ ਐੱਸ.ਐੱਸ.ਪੀ. ਗੋਰਵ ਤੂਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਗਈ ਇਸ ਜਾਂਚ ਡੀ.ਐੱਸ.ਪੀ. ਫਗਵਾੜਾ ਭਾਰਤ ਭੂਸ਼ਣ ਵੱਲੋਂ ਕੀਤੀ ਗਈ ਹੈ। ਥਾਣਾ ਸਦਰ ਫਗਵਾੜਾ ਦੀ ਮੁੱਖ ਅਫ਼ਸਰ ਇੰਸਪੈਕਟਰ ਸੋਨਮਦੀਪ ਕੌਰ ਦੀ ਯੋਗ ਅਗਵਾਈ ਹੇਠ ਪੁਲਸ ਟੀਮ ਨੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਸ਼ੁਰੂ ਕੀਤੀ ।
ਪੁਲਸ ਨੇ ਤਕਨੀਕੀ ਅਤੇ ਖੁਫੀਆ ਜਾਣਕਾਰੀ ਦੀ ਮਦਦ ਨਾਲ 24 ਘੰਟਿਆਂ ਦੇ ਅੰਦਰ ਹੀ ਮੁਲਜ਼ਮ ਦੀ ਪਛਾਣ ਕਰ ਲਈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਹਰਮੇਸ਼ ਲਾਲ, ਵਾਸੀ ਪਿੰਡ ਢੱਕ ਪੰਡੋਰੀ, ਤਹਿਸੀਲ ਫਗਵਾੜਾ ਵਜੋਂ ਹੋਈ ਹੈ ।
ਉਹਨਾਂ ਦੱਸਿਆ ਕਿ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਾਸੋਂ ਵਾਰਦਾਤ ਦੌਰਾਨ ਖੋਹੇ ਗਏ 11,000 ਰੁਪਏ ਦੀ ਨਕਦੀ ਬਰਾਮਦ ਕਰ ਲਈ ਗਈ ਹੈ। ਇਸ ਤੋਂ ਇਲਾਵਾ, ਪੁਲਸ ਨੇ ਵਾਰਦਾਤ ਵਿੱਚ ਵਰਤਿਆ ਗਿਆ ਇੱਕ ਮੋਟਰਸਾਈਕਲ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਹੋਰ ਕਿੰਨੀਆਂ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ। ਪੁਲਸ ਜਾਂਚ ਜਾਰੀ ਹੈ।
ਆਮ ਆਦਮੀ ਪਾਰਟੀ ਨੂੰ ਝੱਟਕਾ, ਰਵਿੰਦਰ ਬਾਂਸਲ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ
NEXT STORY