ਬੁੱਲ੍ਹੋਵਾਲ/ਹੁਸ਼ਿਆਰਪੁਰ, (ਜਸਵਿੰਦਰਜੀਤ, ਰਣਧੀਰ)- ਪਿੰਡ ਨੰਦਾਚੌਰ ਵਿਖੇ ਪੰਜਾਬ ਨੈਸ਼ਨਲ ਬੈਂਕ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8 ਵਜੇ ਬੈਂਕ ਵਿਚ ਅਚਾਨਕ ਸਾਇਰਨ ਦੀ ਅਾਵਾਜ਼ ਗੂੰਜਣ ਲੱਗ ਪਈ। ਸਾਇਰਨ ਦੀ ਅਾਵਾਜ਼ ਸੁਣ ਕੇ ਨਾਲ ਲੱਗਦੇ ਦੁਕਾਨਦਾਰਾਂ ਨੇ ਬੈਂਕ ਦੇ ਨਜ਼ਦੀਕ ਜਾ ਕੇ ਦੇਖਿਆ ਤਾਂ ਅੰਦਰੋਂ ਬਹੁਤ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਤੁਰੰਤ ਬੈਂਕ ਦੀ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ। ਉਪਰੰਤ ਬੈਂਕ ’ਚ ਤਾਇਨਾਤ ਕਰਮਚਾਰੀਆਂ, ਪੁਲਸ ਥਾਣਾ ਬੁੱਲ੍ਹੋਵਾਲ ਅਤੇ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਸੂਚਿਤ ਕੀਤਾ।
ਘਟਨਾ ਦੀ ਸੂਚਨਾ ਮਿਲਣ ਤੋਂ ਕੁਝ ਹੀ ਸਮੇਂ ਬਾਅਦ ਫਾਇਰਮੈਨ ਰਮਨ, ਉਂਕਾਰ ਸਿੰਘ ਅਤੇ ਡਿੰਪੀ ਨੇ ਬੈਂਕ ਦੀ ਇਕ ਖਿਡ਼ਕੀ ਰਾਹੀਂ ਅੰਦਰ ਪਾਣੀ ਦੀ ਬੌਛਾਡ਼ ਕੀਤੀ। ਇਸ ਦੌਰਾਨ ਬੈਂਕ ਕਰਮਚਾਰੀ ਵੀ ਪਹੁੰਚ ਗਏ, ਜਿਨ੍ਹਾਂ ’ਚ ਸੀਨੀਅਰ ਮੈਨੇਜਰ ਰੁਪੇਸ਼ ਕੁਮਾਰ, ਮੈਨੇਜਰ ਸੁਭਾਸ਼ ਚੰਦਰ ਅਤੇ ਹੋਰ ਸਟਾਫ ਵੀ ਮੌਜੂਦ ਸੀ। ਉਨ੍ਹਾਂ ਦੀ ਹਾਜ਼ਰੀ ਵਿਚ ਬੈਂਕ ਦੇ ਜਿੰਦਰੇ ਖੋਲ੍ਹ ਕੇ ਫਾਇਰ ਬ੍ਰਿਗੇਡ ਕਰਮਚਾਰੀ ਅੰਦਰ ਦਾਖਲ ਹੋਏ। ਉਨ੍ਹਾਂ ਬੈਂਕ ਦੇ ਕੈਸ਼ੀਅਰ ਦੇ ਕੈਬਿਨ ’ਚ ਲੱਗੀ ਅੱਗ ’ਤੇ ਕਾਬੂ ਪਾਇਆ। ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਕੈਸ਼ ਕਾਊਂਟਿੰਗ ਮਸ਼ੀਨ, ਏ. ਸੀ., ਪੱਖਾ, ਕੈਸ਼ ਕੈਬਿਨ, ਟੇਬਲ, ਕੁਰਸੀ ਅਤੇ ਹੋਰ ਛੋਟਾ-ਮੋਟਾ ਸਾਮਾਨ ਸਡ਼ ਗਿਆ। ਨੁਕਸਾਨ ਦਾ ਅੰਦਾਜ਼ਾ ਬੈਂਕ ਦੇ ਸਰਵੇਅਰ ਵੱਲੋਂ ਸਰਵੇ ਕਰਨ ਤੋਂ ਬਾਅਦ ਹੀ ਲੱਗੇਗਾ। ਘਟਨਾ ਤੋਂ ਬਾਅਦ ਬੀਤੀ ਰਾਤ ਡਿਪਟੀ ਸਰਕਲ ਹੈੱਡ ਹੁਸ਼ਿਆਰਪੁਰ ਏ. ਕੇ. ਸੇਠ ਨੇ ਬੈਂਕ ਦਾ ਦੌਰਾ ਕੀਤਾ।
ਇਸ ਮੌਕੇ ਐੱਸ. ਐੱਚ. ਓ. ਕਮਲਜੀਤ ਸਿੰਘ, ਏ. ਐੱਸ. ਆਈ. ਕਮਲਜੀਤ ਸਿੰਘ, ਮੁੱਖ ਮੁਨਸ਼ੀ ਰਾਜਨ ਵਾਸੂਦੇਵਾ, ਗੁਰਵਿੰਦਰ ਸਿੰਘ ਪਾਬਲਾ ਪ੍ਰਧਾਨ ‘ਆਪ’, ਸਰਪੰਚ ਅਮਰਜੀਤ ਕੌਰ, ਸਤਵੰਤ ਸਿੰਘ ਪੰਚ, ਰਣਜੀਤ ਸਿੰਘ ਪੰਚ, ਨੰਬਰਦਾਰ ਸੁਖਵਿੰਦਰ ਸਿੰਘ, ਕਮਲਜੀਤ ਸਿੰਘ ਧਾਮੀ, ਦਲਜੀਤ ਸਿੰਘ ਸ਼ੰਭੂ, ਹੈਪੀ ਬਾਗਡ਼ੀਆਂ ਸਮੇਤ ਪਿੰਡ ਦੇ ਲੋਕ ਹਾਜ਼ਰ ਸਨ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਜੇ ਪਿੰਡ ਵਾਸੀ ਸਮੇਂ-ਸਿਰ ਨਾ ਦੇਖਦੇ ਤਾਂ ਅੱਗ ਲੱਗਣ ਨਾਲ ਬੈਂਕ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ।
ਦੂਸ਼ਿਤ ਪਾਣੀ ਦੀ ਹੋ ਰਹੀ ਸਪਲਾਈ ਤੋਂ ਲੋਕ ਪ੍ਰੇਸ਼ਾਨ
NEXT STORY