ਜਲੰਧਰ - ਮਾਂ-ਬੋਲੀ ਪੰਜਾਬੀ ਨੂੰ ਸਰਕਾਰ ਵਲੋਂ ਭਾਵੇਂ ਬਣਦਾ ਮਾਣ-ਸਨਮਾਨ ਦੇਣ ਦੇ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਪਰ ਅਮਲੀ ਤੌਰ 'ਤੇ ਅਜਿਹੀ ਕੁਝ ਨਹੀਂ ਹੁੰਦਾ। ਇਸ ਸਭ ਦਾ ਸਬੂਤ ਪੰਜਾਬ ਸਰਕਾਰ ਦੀਆਂ ਪੰਜਾਬ ਰੋਡਵੇਜ਼ ਬੱਸਾਂ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਬੱਸਾਂ 'ਤੇ ਪੰਜਾਬੀ ਦੀ ਥਾਂ ਅੰਗਰੇਜ਼ੀ ਭਾਸ਼ਾ ਪ੍ਰਤੀ ਪ੍ਰਗਟਾਏ ਹੇਜ ਤੋਂ ਮਿਲਦੀ ਹੈ। ਦੱਸ ਦੇਈਏ ਕਿ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਦੀਆਂ ਬਹੁਤ ਸਾਰਿਆਂ ਬੱਸਾਂ ਦੇ ਅੱਗੇ-ਪਿੱਛੇ ਅਜੇ ਵੀ ਅੰਗਰੇਜ਼ੀ ਭਾਸ਼ਾ 'ਚ ਹੀ ਅਦਾਰਿਆਂ ਦਾ ਨਾਂ ਲਿਖਿਆ ਹੋਇਆ ਹੈ। ਬੱਸਾਂ ਦੇ ਅੱਗੇ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਰੋਮਨ ਲਿਪੀ 'ਚ ਲਿਖੇ ਜਾਣ ਕਾਰਨ ਜਿੱਥੇ ਇਹ ਅਦਾਰੇ ਮਾਂ-ਬੋਲੀ ਪੰਜਾਬੀ ਨਾਲ ਵਿਤਕਰਾ ਕਰ ਰਹੇ ਹਨ, ਉੱਥੇ ਹੀ ਅੰਗਰੇਜ਼ੀ ਭਾਸ਼ਾ ਤੋਂ ਕੋਰੇ ਲੋਕਾਂ ਲਈ ਇਨ੍ਹਾਂ ਬੱਸਾਂ 'ਤੇ ਲਿਖੀ ਅੰਗਰੇਜ਼ੀ ਦਾ ਕੋਈ ਮਤਲਬ ਨਹੀਂ। ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਪਤਾ ਹੀ ਨਹੀਂ ਲੱਗਦਾ ਕਿ ਇਹ ਸਰਕਾਰੀ ਬੱਸ ਹੈ ਜਾਂ ਨਿੱਜੀ। ਦੂਜੇ ਪਾਸੇ ਦਿੱਲੀ ਤੇ ਹਰਿਆਣਾ ਸਣੇ ਹੋਰਨਾਂ ਸੂਬਿਆਂ 'ਚ ਸਰਕਾਰੀ ਬੱਸਾਂ 'ਚ ਉਨ੍ਹਾਂ ਦੀ ਰਾਜ ਭਾਸ਼ਾ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਪਰ ਪੰਜਾਬ ਇਕੋ-ਇਕ ਅਜਿਹਾ ਸੂਬਾ ਹੈ, ਜਿੱਥੇ ਮਾਂ-ਬੋਲੀ ਪੰਜਾਬੀ ਦੀ ਥਾਂ ਅੰਗਰੇਜ਼ੀ ਨੂੰ ਪਹਿਲ ਦਿੱਤੀ ਜਾ ਰਹੀ ਹੈ। ਸਰਕਾਰ ਦੀ ਅਜਿਹੀ ਪਹੁੰਚ ਕਾਰਨ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ 'ਚ ਰੋਸ ਪਾਇਆ ਜਾ ਰਿਹਾ ਹੈ।
ਮੋਦੀ ਕਸ਼ਮੀਰ ਨੀਤੀ ਬਾਰੇ ਪੰਜਾਬ ਤੋਂ ਲੈਣ ਸਿੱਖਿਆ : ਜਾਖੜ
NEXT STORY