ਸੁਲਤਾਨਪੁਰ ਲੋਧੀ (ਧੀਰ)— ਪਿਛਲੇ ਮਹੀਨੇ ਦਰਿਆ ਬਿਆਸ 'ਚ ਇਕ ਸ਼ੂਗਰ ਮਿਲ ਵੱਲੋਂ ਪਾਏ ਗੰਦੇ ਪਾਣੀ ਕਾਰਨ ਲੱਖਾਂ ਹੀ ਮੱਛੀਆਂ ਅਤੇ ਹੋਰ ਜੀਵ ਜੰਤੂ ਪਾਣੀ ਜ਼ਹਿਰੀਲਾ ਹੋਣ ਕਾਰਨ ਮਾਰੇ ਗਏ ਸਨ, ਜਿਨ੍ਹਾਂ ਦੀ ਪੂਰਤੀ ਵਾਸਤੇ ਸੁਲਤਾਨਪੁਰ ਲੋਧੀ (ਨੇੜੇ ਗੋਇੰਦਵਾਲ ਪੁਲ) ਦਰਿਆ ਬਿਆਸ 'ਚ ਬੀਤੇ ਦਿਨ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਤਕਰੀਬਨ ਡੇਢ ਲੱਖ ਮੱਛੀਆਂ ਦਾ ਪੂੰਗ (ਬੱਚੇ) ਬੀਤੇ ਦਿਨ ਦੁਬਾਰਾ ਫਿਰ ਛੱਡਿਆ ਗਿਆ। ਗੀਤਾਂਜਲੀ ਕੰਵਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੱਛੀਆਂ ਦਾ ਪੂੰਗ ਛੱਡਣ ਮੌਕੇ ਜਲੰਧਰ ਡਵੀਜ਼ਨ ਦੇ ਜੰਗਲਾਤ ਵਿਭਾਗ ਦੇ ਚੀਫ ਕੁਲਦੀਪ ਕੁਮਾਰ ਅਤੇ ਖੁਸ਼ਵਿੰਦਰ ਸਿੰਘ ਡੀ. ਐੱਫ. ਓ. ਫਿਲੌਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਪੂਰੇ ਬਿਆਸ ਦਰਿਆ 'ਚ ਪੂੰਗ ਛੱਡਣ ਦਾ ਫੈਸਲਾ ਸਰਕਾਰ ਵੱਲੋਂ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਦਰਿਆ ਬਿਆਸ ਦਾ ਪਾਣੀ ਜ਼ਹਿਰੀਲਾ ਹੋਣ ਕਾਰਨ ਇਥੇ ਬਹੁਤ ਸਾਰੇ ਜੀਵ ਜੰਤੂ ਤੇ ਲੱਖਾਂ ਹੀ ਮੱਛੀਆਂ ਮਰ ਗਈਆਂ ਸਨ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲੈ ਕੇ ਜੰਗਲਾਤ ਵਿਭਾਗ ਜਲੰਧਰ ਦੇ ਸਹਿਯੋਗ ਨਾਲ ਤਿੰਨ ਕਿਸਮ ਦਾ ਪੂੰਗ (ਮੱਛੀਆਂ ਦੇ ਬੱਚੇ) ਛੱਡਿਆ ਗਿਆ ਹੈ, ਜਿਨ੍ਹਾਂ 'ਚ 50 ਹਜ਼ਾਰ ਰੋਹੂ, 50 ਹਜ਼ਾਰ ਕਾਟਲਾ ਅਤੇ 50 ਹਜ਼ਾਰ ਮਰਾਕ ਅੱਜ ਛੱਡੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਮੱਛੀਆਂ ਛੱਡਣ ਦਾ ਮਕਸਦ ਹੈ ਕਿ ਪਾਣੀ ਨੂੰ ਸਾਫ ਰੱਖਿਆ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਤੋਂ ਬਗੈਰ ਅਸੀਂ ਆਪਣਾ ਜੀਵਨ ਬਸੇਰਾ ਨਹੀਂ ਕਰ ਸਕਦੇ, ਇਸ ਲਈ ਸਾਨੂੰ ਪਾਣੀ ਨੂੰ ਗੰਦਲਾ ਨਹੀਂ ਕਰਨਾ ਚਾਹੀਦਾ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਆਲੇ ਦੁਆਲੇ ਵਾਤਾਵਰਣ ਨੂੰ ਸਵੱਸ਼ ਬਣਾਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਪਾਣੀ ਵਿਚ ਜ਼ਹਿਰਾਂ ਘੋਲਣ ਵਾਲੇ ਲੋਕਾਂ ਨੂੰ ਸਖਤ ਹਦਾਇਤ ਵੀ ਕੀਤੀ ਕਿ ਅਜਿਹੇ ਘਿਨਾਉਣੇ ਕਾਰਨਾਮੇ ਬੰਦ ਕੀਤੇ ਜਾਣ ਨਹੀਂ ਤਾਂ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਤਪਾਲ ਸਿੰਘ ਆਰ. ਓ. ਫਿਲੌਰ, ਜਸਵੰਤ ਸਿੰਘ ਬੀ. ਓ. ਜਲੰਧਰ, ਜਸਮੀਤ ਸਿੰਘ ਕਪੂਰਥਲਾ ਆਦਿ ਹਾਜ਼ਰ ਸਨ।
ਕੈਪਟਨ ਦੇ ਬਰੀ ਹੋਣ ਨਾਲ ਖੁੱਲ੍ਹੀ ਗਠਜੋੜ ਨੇਤਾਵਾਂ ਦੀ ਬਦਲੇ ਦੀ ਰਾਜਨੀਤੀ ਦੀ ਪੋਲ: ਦਲਜੀਤ ਆਹਲੂਵਾਲੀਆ
NEXT STORY