ਫਗਵਾੜਾ : ਕੇਂਦਰ ਸਰਕਾਰ ਬੰਦੀ ਸਿੱਖਾਂ ਦੀ ਰਿਹਾਈ ਲਈ ਜਲਦ ਹੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਅੱਜ ਸਿੱਖ ਜਥੇਬੰਦੀਆਂ ਦਾ ਇਕ ਡੈਲੀਗੇਸ਼ਨ ਬੰਦੀ ਸਿੱਖਾਂ ਦੀ ਰਿਹਾਈ ਦੇ ਮਸਲੇ ਸਬੰਧੀ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਨੂੰ ਮਿਲਿਆ। ਵਫਦ ਦੇ ਮੈਂਬਰਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 2019 'ਚ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੱਖਾਂ ਦੀ ਰਿਹਾਈ ਦਾ ਨੋਟੀਫਿਕੇਸ਼ਨ ਦਿੱਤਾ ਸੀ, ਉਸ ਨੂੰ ਪ੍ਰੈਕਟੀਕਲ ਲਾਗੂ ਕੀਤਾ ਜਾਵੇ। ਜਿਹੜੇ ਸਿੱਖ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਡੈਲੀਗੇਸ਼ਨ 'ਚ ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਆਗੂ ਹਰਜਿੰਦਰ ਸਿੰਘ ਮਾਝੀ, ਹਰਦੀਪ ਸਿੰਘ ਡਿਬਡਿਬੀ, ਗੁਰਚਰਨ ਸਿੰਘ, ਜਥੇਦਾਰ ਜਗਤਾਰ ਸਿੰਘ, ਜਸਪਾਲ ਸਿੰਘ ਮੰਝਪੁਰ, ਗੁਰਪਾਲ ਸਿੰਘ ਮੌਲੀ, ਅਮਨਜੀਤ ਸਿੰਘ ਸੰਧੂ, ਮਨਜੀਤ ਸਿੰਘ ਅਕਾਲ ਸਟੂਡੈਂਟ ਫੈਡਰੇਸ਼ਨ ਪੰਜਾਬ ਅਤੇ ਪਲਵਿੰਦਰ ਸਿੰਘ ਤਲਵੰਡੀ ਨੌਜਵਾਨ ਕਿਸਾਨ ਯੂਨੀਅਨ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ 1-2 ਦਿਨਾਂ 'ਚ ਇਹ ਮਸਲਾ ਹੱਲ ਹੋ ਜਾਵੇਗਾ।
ਇਸ ਸਬੰਧੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਸਿੱਖਾਂ ਦੀ ਰਿਹਾਈ ਸਬੰਧੀ ਸਿੱਖ ਨੁਮਾਇੰਦਿਆਂ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਗ੍ਰਹਿ ਮੰਤਰੀ ਨਾਲ ਵੀ ਗੱਲ ਹੋਈ ਹੈ ਤੇ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ। ਉਨ੍ਹਾਂ ਸਿੱਖ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ 'ਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।
ਅਮਰੀਕਾ ਤੋਂ ਪਰਤੇ NRI ਤੇ ਉਸ ਦੇ ਪਰਿਵਾਰ ਨਾਲ ਹੋਈ ਲੁੱਟ ਦੇ ਮਾਮਲੇ 'ਚ 3 ਗ੍ਰਿਫਤਾਰ
NEXT STORY