ਜਲੰਧਰ (ਖੁਰਾਣਾ)-ਅੱਜ ਤੋਂ 8-9 ਸਾਲ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਵਿਚ ਸਵੱਛ ਭਾਰਤ ਮਿਸ਼ਨ ਨੂੰ ਲਾਗੂ ਕੀਤਾ ਸੀ, ਉਦੋਂ ਉਨ੍ਹਾਂ ਨੇ ਸਾਫ਼-ਸਫ਼ਾਈ ਵਿਵਸਥਾ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਇਸ ਮਿਸ਼ਨ ਲਈ ਅਰਬਾਂ ਰੁਪਇਆਂ ਦੇ ਫੰਡ ਦੀ ਵੀ ਵਿਵਸਥਾ ਕੀਤੀ ਸੀ। ਉਦੋਂ ਇਹ ਤੈਅ ਹੋਇਆ ਸੀ ਕਿ ਸ਼ਹਿਰੀ ਇਲਾਕਿਆਂ ਨੂੰ ਉਨ੍ਹਾਂ ਦੀ ਆਬਾਦੀ ਦੇ ਹਿਸਾਬ ਨਾਲ ਸਵੱਛ ਭਾਰਤ ਮਿਸ਼ਨ ਅਧੀਨ ਗ੍ਰਾਂਟ ਦਿੱਤੀ ਜਾਵੇਗੀ। ਉਸ ਸਮੇਂ ਜਲੰਧਰ ਨੂੰ ਵੀ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਗ੍ਰਾਂਟ ਆਈ ਸੀ ਜੋ 20 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਸੀ।
ਖ਼ਾਸ ਗੱਲ ਇਹ ਹੈ ਕਿ ਜਲੰਧਰ ਨਿਗਮ ਦੇ ਅਧਿਕਾਰੀ ਉਸ ਗ੍ਰਾਂਟ ਨੂੰ ਪੂਰੀ ਤਰ੍ਹਾਂ ਖ਼ਰਚ ਹੀ ਨਹੀਂ ਕਰ ਸਕੇ ਅਤੇ ਪਿਛਲੇ ਸਾਲਾਂ ਦੌਰਾਨ ਲਗਭਗ 75 ਲੱਖ ਰੁਪਏ ਤੋਂ ਜ਼ਿਆਦਾ ਪੈਸੇ ਵਾਪਸ ਸਰਕਾਰ ਨੂੰ ਭੇਜਣੇ ਪਏ। ਇਸ ਪੈਸੇ ਨੂੰ ਜਲੰਧਰ ਨਿਗਮ ਦੇ ਅਧਿਕਾਰੀ ਆਸਾਨੀ ਨਾਲ ਖ਼ਰਚ ਕਰ ਸਕਦੇ ਸਨ ਅਤੇ ਪੈਸੇ ਖ਼ਰਚ ਕਰਨ ਦੇ ਬਾਅਦ ਸਰਕਾਰ ਤੋਂ ਹੋਰ ਮੰਗਵਾਏ ਜਾ ਸਕਦੇ ਸਨ ਪਰ ਅਜਿਹਾ ਨਹੀਂ ਹੋਇਆ, ਜਿਸ ਕਾਰਨ ਇਸ ਘਟਨਾ ਨੂੰ ਸ਼ਹਿਰ ਦਾ ਇਕ ਵੱਡਾ ਨੁਕਸਾਨ ਮੰਨਿਆ ਗਿਆ। ਇਹੀ ਹਾਲ ਸਮਾਰਟ ਸਿਟੀ ਦਾ ਵੀ ਰਿਹਾ। ਕਰੋੜਾਂ ਰੁਪਏ ਕੇਂਦਰ ਅਤੇ ਰਾਜ ਸਰਕਾਰ ਨੇ ਭੇਜੇ ਪਰ ਇਹ ਪੈਸਾ ਫਜ਼ੂਲ ਦੇ ਪ੍ਰਾਜੈਕਟ ’ਤੇ ਹੀ ਖ਼ਰਚ ਕਰ ਦਿੱਤਾ। ਜ਼ਿਆਦਾਤਰ ਪੈਸਾ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਿਆ, ਜਿਸ ਦੀ ਹੁਣ ਵਿਜੀਲੈਂਸ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ: ‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ
ਜਿਸ ਗ੍ਰਾਂਟ ਦੀ ਵਰਤੋਂ ਨਹੀਂ ਹੋ ਸਕੀ
ਮਸ਼ੀਨਰੀ ਫੰਡ
-ਫੰਡ ਆਏ : 4 ਕਰੋੜ 60 ਲੱਖ
-ਖ਼ਰਚ : 4 ਕਰੋੜ 5 ਲੱਖ 54 ਹਜ਼ਾਰ
-ਵਾਪਸ ਕੀਤੇ : 54 ਲੱਖ 46 ਹਜ਼ਾਰ
ਪਿਟਸ ਐਂਡ ਸ਼ੈੱਡ ਫੰਡ :
-ਫੰਡ ਆਏ : 2 ਕਰੋੜ 16 ਲੱਖ 22 ਹਜ਼ਾਰ
-ਖ਼ਰਚ ਹੋਏ : 2 ਕਰੋੜ 15 ਲੱਖ 71 ਹਜ਼ਾਰ 480
-ਵਾਪਸ ਭੇਜੇ : 50 ਹਜ਼ਾਰ 520
ਟਰਾਈਸਾਈਕਲ :
-ਫੰਡ ਆਏ : 50 ਲੱਖ
-ਖ਼ਰਚ ਕੀਤੇ : 32 ਲੱਖ 61 ਹਜ਼ਾਰ 600
-ਫੰਡ ਵਾਪਸ ਭੇਜੇ : 17 ਲੱਖ 38 ਹਜ਼ਾਰ 400
ਆਰਗੈਨਿਕ ਵੇਸਟ ਕੰਪੋਸਟ :
-ਫੰਡ ਆਏ : 4 ਲੱਖ 50 ਹਜ਼ਾਰ
-ਖ਼ਰਚ ਕੀਤੇ : ਨਿਲ
-ਵਾਪਸ ਭੇਜੇ : 4 ਲੱਖ 50 ਹਜ਼ਾਰ
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਨੂੰ ਕੰਬਾਅ ਦੇਣ ਵਾਲੀ ਵਾਰਦਾਤ, ਟਰੰਕ 'ਚੋਂ ਮਿਲੀਆਂ 3 ਸਕੀਆਂ ਭੈਣਾਂ ਦੀਆਂ ਲਾਸ਼ਾਂ
70 ਲੱਖ ਦੀ ਮਸ਼ੀਨਰੀ ਹੋਰ ਖ਼ਰੀਦ ਸਕਦਾ ਸੀ ਨਿਗਮ
ਕੇਂਦਰ ਸਰਕਾਰ ਵਲੋਂ ਆਇਆ ਫੰਡ ਜੇਕਰ ਨਿਗਮ ਪੂਰੀ ਤਰ੍ਹਾਂ ਖਰਚ ਕਰਦਾ ਤਾਂ ਨਿਗਮ ਲਗਭਗ 70 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਕੂੜਾ ਢੋਣ ਵਾਲੀ ਮਸ਼ੀਨਰੀ ਅਤੇ ਰੇਹੜੇ ਆਦਿ ਖਰੀਦ ਸਕਦਾ ਸੀ ਪਰ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਅਜਿਹਾ ਨਹੀਂ ਹੋ ਸਕਿਆ। ਨਿਗਮ ਅਧਿਕਾਰੀਆਂ ਕੋਲ ਜੇਕਰ ਵਿਜ਼ਨ ਹੁੰਦਾ ਤਾਂ ਇਸ 70 ਲੱਖ ਰੁਪਏ ਨਾਲ ਛੋਟੇ ਟਿੱਪਰ ਖਰੀਦ ਕੇ ਪੂਰੇ ਸ਼ਹਿਰ ਨੂੰ ਸਹੂਲਤ ਪ੍ਰਦਾਨ ਕੀਤੀ ਜਾ ਸਕਦੀ ਸੀ ਪਰ ਨਿਗਮ ਅਧਿਕਾਰੀਆਂ ਨੇ ਇਸ ਮਾਮਲੇ ’ਚ ਘੋਰ ਨਾਲਾਇਕੀ ਵਰਤੀ।
ਜਾਗਰੂਕਤਾ ’ਤੇ ਹੀ ਖ਼ਰਚ ਕਰ ਦਿੱਤੇ 53 ਲੱਖ
ਸਵੱਛ ਭਾਰਤ ਮਿਸ਼ਨ ਤਹਿਤ ਜਲੰਧਰ ਨੂੰ ਆਈ. ਈ. ਸੀ. ਗਤੀਵਿਧੀਆਂ ਲਈ 53 ਲੱਖ ਰੁਪਏ ਦੀ ਗ੍ਰਾਂਟ ਮਿਲੀ ਸੀ, ਜਿਸ ਅਧੀਨ ਲੋਕਾਂ ਨੂੰ ਗਿੱਲੇ-ਸੁੱਕੇ ਕੂੜੇ ਅਤੇ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾਣਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਨਿਗਮ ਨੇ ਇਸ ਗ੍ਰਾਂਟ ਦਾ ਇਕ-ਇਕ ਪੈਸਾ ਖਰਚ ਕਰ ਦਿੱਤਾ ਹਾਲਾਂਕਿ ਇਹ ਗ੍ਰਾਂਟ ਨੁੱਕੜ ਨਾਟਕਾਂ ਅਤੇ ਸੈਮੀਨਾਰਾਂ ’ਚ ਹੀ ਖਰਚ ਹੋ ਗਈ ਜਿਸਦਾ ਸ਼ਹਿਰ ਨੂੰ ਕੋਈ ਲਾਭ ਨਹੀਂ ਹੋਇਆ ਅਤੇ ਅੱਜ ਵੀ ਸ਼ਹਿਰ ਦੇ ਲੋਕ ਗਿੱਲੇ-ਸੁੱਕੇ ਕੁੜੇ ਨੂੰ ਵੱਖ-ਵੱਖ ਨਹੀਂ ਕਰ ਰਹੇ। ਇਸ 53 ਲੱਖ ਰੁਪਏ ਨੂੰ ਖਰਚ ਕਰਨ ਲਈ ਜਲੰਧਰ ਨਿਗਮ ਨੇ ਜੋ ਵਿਸ਼ੇਸ਼ ਟੀਮ ਨੂੰ ਰੱਖਿਆ ਸੀ, ਉਸਨੇ ਇਸ ਕਾਰਜਕਾਲ ਦੌਰਾਨ ਖਾਨਾਪੂਰਤੀ ਲਈ ਕਈ ਆਯੋਜਨ ਕੀਤਾ ਅਤੇ ਉਨ੍ਹਾਂ ਆਯੋਜਨਾਂ ’ਤੇ ਲੱਖਾਂ ਰੁਪਏ ਫਜ਼ੂਲ ਹੀ ਖ਼ਰਚ ਦਿੱਤੇ। ਜੇਕਰ ਸਵੱਛ ਭਾਰਤ ਮਿਸ਼ਨ ਅਧੀਨ ਮਿਲੀ ਇਸ 53 ਲੱਖ ਰੁਪਏ ਦੀ ਗ੍ਰਾਂਟ ਦੇ ਖਰਚੇ ਦੀ ਜਾਂਚ ਕਰਵਾਈ ਜਾਏ ਤਾਂ ਜਲੰਧਰ ਨਿਗਮ ਵਿਚ ਵੀ ਇਕ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ।
ਇਹ ਵੀ ਪੜ੍ਹੋ: 'ਕੁੱਲ੍ਹੜ ਪਿੱਜ਼ਾ' ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਔਰਤ ਆਈ ਕੈਮਰੇ ਦੇ ਸਾਹਮਣੇ, ਥਾਣੇ ਬਾਹਰ ਕੀਤਾ ਹੰਗਾਮਾ
ਸਾਰੇ ਤਜਰਬੇ ਫਲਾਪ ਰਹੇ, ਕੂੜੇ ਦਾ ਕੋਈ ਹੱਲ ਨਹੀਂ ਹੋਇਆ
ਸਵੱਛ ਭਾਰਤ ਮਿਸ਼ਨ ਅਤੇ ਸਮਾਰਟ ਸਿਟੀ ਫੰਡ ਤੋਂ ਆਈ ਕਰੋੜਾਂ ਰੁਪਏ ਦੀ ਗ੍ਰਾਂਟ ਖ਼ਰਚਣ ਦੇ ਬਾਵਜੂਦ ਜਲੰਧਰ ਨਿਗਮ ਦੇ ਅਧਿਕਾਰੀ ਅੱਜ ਤਕ ਸ਼ਹਿਰ ਦੇ ਕੂੜੇ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਸਕੇ ਅਤੇ ਪਿਛਲੇ ਸਮੇਂ ਦੌਰਾਨ ਤਾਂ ਕੂੜੇ ਦੇ ਡੰਪ ਸਥਾਨਾਂ ਨੂੰ ਲੈ ਕੇ ਜਨ ਅੰਦੋਲਨ ਸ਼ੁਰੂ ਹੋਏ। ਹਾਲਾਤ ਇਹ ਹਨ ਕਿ ਕੂੜੇ ਦੀ ਪ੍ਰੋਸੈਸਿੰਗ ਨੂੰ ਲੈ ਕੇ ਸ਼ਹਿਰ ਵਿਚ ਹੁਣ ਤੱਕ ਜਿੰਨੇ ਵੀ ਤਜਰਬੇ ਹੋਏ ਹਨ, ਉਹ ਸਾਰੇ ਫਲਾਪ ਰਹੇ। ਕਾਂਗਰਸ ਸਰਕਾਰ ਦੌਰਾਨ ਕਰੋੜਾਂ ਰੁਪਏ ਲਾ ਕੇ ਜਗ੍ਹਾ-ਜਗ੍ਹਾ ਪਿਟ ਕੰਪੋਸਟਿੰਗ ਯੂਨਿਟ ਬਣਾਏ ਗਏ ਜਿੱਥੇ ਗਿੱਲੇ ਕੂੜੇ ਨੂੰ ਪਾ ਕੇ ਉਸ ਨੂੰ ਖਾਦ ਵਿਚ ਬਦਲਿਆ ਜਾਣਾ ਸੀ ਪਰ ਉਹ ਪ੍ਰਾਜੈਕਟ ਵੀ ਫਲਾਪ ਰਿਹਾ।
ਨਗਰ ਨਿਗਮ ਕੋਲ ਨਾ ਤਾਂ ਗਿੱਲਾ ਕੂੜਾ ਅਲੱਗ ਤੋਂ ਆ ਰਿਹਾ ਹੈ, ਨਾ ਇਨ੍ਹਾਂ ਯੂਨਿਟਾਂ ’ਤੇ ਬਿਜਲੀ ਜਾਂ ਸੀਵਰ, ਪਾਣੀ ਦਾ ਕੁਨੈਕਸ਼ਨ ਲੱਗਾ ਹੈ ਅਤੇ ਨਾ ਹੀ ਨਿਗਮ ਦੇ ਕੋਲ ਵਰਕ ਫੋਰਸ ਦਾ ਪ੍ਰਬੰਧ ਹੈ। ਕੂੜੇ ’ਤੇ ਜੋ ਕੈਮੀਕਲ ਪਾਏ ਜਾਂਦੇ ਹਨ, ਉਹ ਵੀ ਨਿਗਮ ਕੋਲ ਨਹੀਂ ਹਨ। ਅਜਿਹੇ ’ਚ ਹੁਣ ਸ਼ਹਿਰ ’ਚ ਕਰੋੜਾਂ ਦੀ ਲਾਗਤ ਨਾਲ ਬਣੇ ਪਿਟ ਕੰਪੋਸਟਿੰਗ ਯੂਨਿਟ ਬੇਕਾਰ ਹੋ ਕੇ ਰਹਿ ਗਏ ਹਨ। ਛੋਟੀਆਂ ਮਸ਼ੀਨਾਂ ਨੂੰ ਖਰੀਦ ਕੇ ਕੂੜੇ ਨੂੰ ਕੰਪੋਸਟ ਵਿਚ ਬਦਲੇ ਜਾਣ ਦਾ ਪ੍ਰਾਜੈਕਟ ਵੀ ਬਣਾਇਆ ਗਿਆ ਪਰ ਫਾਈਲਾਂ ’ਚ ਹੀ ਦਫ਼ਨ ਹੋ ਗਿਆ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਥਾਣੇ 'ਚ ਜਾਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ, ਲਾਗੂ ਹੋਇਆ ਨਵਾਂ ਨਿਯਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ
NEXT STORY