ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਚੱਬੇਵਾਲ ਦੀ ਪੁਲਸ ਨੇ ਦੁਪਹਿਰ ਬਾਅਦ ਹਰ ਮਹੀਨੇ 3 ਹਜ਼ਾਰ ਰੁਪਏ ਗੁਜ਼ਾਰਾ ਭੱਤਾ ਦੇਣ ਤੋਂ ਬਚਣ ਲਈ ਆਪਣੀ ਪਤਨੀ ਕਮਲਜੀਤ ਕੌਰ ਨੂੰ ਕਾਰ ਹੇਠਾਂ ਕੁਚਲ ਕੇ ਕਤਲ ਕਰਨ ਦੇ ਦੋਸ਼ੀ ਪਤੀ ਤਰਸੇਮ ਸਿੰਘ ਵਾਸੀ ਪਿੰਡ ਮਹਿਮਦੋਵਾਲ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਦੋਸ਼ੀ ਤਰਸੇਮ ਸਿੰਘ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਅਤੇ ਦਲੀਲ ਦਿੱਤੀ ਕਮਲਜੀਤ ਕੌਰ ਨੂੰ ਕੁਚਲਣ ਲਈ ਵਰਤੀ ਗਈ ਕਾਰ ਬਰਾਮਦ ਕਰਨੀ ਹੈ, ਇਸ ਲਈ ਦੋਸ਼ੀ ਤੋਂ ਪੁੱਛਗਿੱਛ ਲਈ ਉਸ ਦਾ ਰਿਮਾਂਡ ਦਿੱਤਾ ਜਾਵੇ। ਅਦਾਲਤ ਨੇ ਪੁਲਸ ਦੀ ਦਲੀਲ ਨੂੰ ਮੰਨਦਿਆਂ ਦੋਸ਼ੀ ਦਾ 3 ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ।
ਪਿਛਲੇ 10 ਸਾਲਾਂ ਤੋਂ ਚੱਲ ਰਿਹਾ ਸੀ ਤਲਾਕ ਦਾ ਕੇਸ
ਚੱਬੇਵਾਲ ਪੁਲਸ ਅਨੁਸਾਰ 58 ਸਾਲਾ ਕਮਲਜੀਤ ਕੌਰ ਦਾ ਵਿਆਹ 35 ਸਾਲ ਪਹਿਲਾਂ ਤਰਸੇਮ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ 2 ਬੇਟੀਆਂ ਹੋਣ ਉਪਰੰਤ ਤਰਸੇਮ ਮਸਕਟ ਚਲਾ ਗਿਆ। ਕਰੀਬ 15 ਸਾਲ ਪਹਿਲਾਂ ਮਸਕਟ ਤੋਂ ਵਾਪਸ ਆਉਣ ਉਪਰੰਤ ਤਰਸੇਮ ਦਾ ਪਤਨੀ ਕਮਲਜੀਤ ਕੌਰ ਨਾਲ ਵਤੀਰਾ ਬਦਲ ਗਿਆ ਅਤੇ ਉਹ ਅਕਸਰ ਉਸ ਨਾਲ ਕੁੱਟ-ਮਾਰ ਕਰਨ ਲੱਗਾ। ਇਸ ਸਭ ਤੋਂ ਤੰਗ ਆ ਕੇ ਕਮਲਜੀਤ ਕੌਰ ਦੋਵਾਂ ਬੇਟੀਆਂ ਸਮੇਤ ਘਰ ਛੱਡ ਕੇ ਪਿੰਡ ਮਹਿਣਾ ਵਿਖੇ ਰਹਿਣ ਲੱਗੀ। ਕਮਲਜੀਤ ਕੌਰ ਨੇ ਦੋਵਾਂ ਬੇਟੀਆਂ ਨੂੰ ਪਡ਼੍ਹਾ-ਲਿਖਾ ਕੇ ਵਿਆਹ ਦਿੱਤਾ। ਕਰੀਬ 10 ਸਾਲ ਪਹਿਲਾਂ ਕਮਲਜੀਤ ਕੌਰ ਨੇ ਤਲਾਕ ਅਤੇ ਖਰਚੇ ਲਈ ਹੁਸ਼ਿਆਰਪੁਰ ਦੀ ਅਦਾਲਤ ’ਚ ਕੇਸ ਕਰ ਦਿੱਤਾ।
ਅਦਾਲਤ ਨੇ ਦਿੱਤੇ ਸੀ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਹੁਕਮ
ਅਦਾਲਤ ਨੇ ਤਰਸੇਮ ਸਿੰਘ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਲਜੀਤ ਕੌਰ ਨੂੰ ਦੇਣ ਦਾ ਹੁਕਮ ਦਿੱਤਾ ਸੀ। ਅਦਾਲਤ ਦੇ ਨਿਰਦੇਸ਼ ’ਤੇ ਤਰਸੇਮ ਸਿੰਘ ਨੇ ਕਮਲਜੀਤ ਕੌਰ ਨੂੰ ਬਕਾਇਆ ਰਾਸ਼ੀ ਦੇ ਤੌਰ ’ਤੇ 50 ਹਜ਼ਾਰ ਰੁਪਏ ਦੇਣੇ ਸਨ ਪਰ ਉਸ ਨੇ ਬਹਾਨਾ ਲਾ ਦਿੱਤਾ। ਅਦਾਲਤ ’ਚ ਪੇਸ਼ ਹੋਣ ਤੋਂ ਬਾਅਦ ਜਦੋਂ ਉਹ ਪਿੰਡ ਮਹਿਣਾ ਵਾਪਸ ਆ ਰਹੀ ਸੀ ਤਾਂ ਦੁਪਹਿਰ 3 ਵਜੇ ਦੇ ਕਰੀਬ ਪਿੱਛਿਓਂ ਆਈ ਤੇਜ਼ ਰਫ਼ਤਾਰ ਕਾਰ ਨੇ ਕਮਲਜੀਤ ਕੌਰ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਸੀ. ਸੀ. ਟੀ. ਵੀ. ਫੁਟੇਜ ਨੇ ਇਰਾਦਾ ਕੀਤਾ ਸਾਫ਼
ਵਰਣਨਯੋਗ ਹੈ ਕਿ ਵਾਰਦਾਤ ਤੋਂ ਬਾਅਦ ਚਾਲਕ ਕਾਰ ਸਮੇਤ ਫ਼ਰਾਰ ਹੋ ਗਿਆ ਸੀ ਪਰ ਮੈਰਿਜ ਪੈਲੇਸ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਉਸ ਦਾ ਇਰਾਦਾ ਸਾਫ ਕਰ ਦਿੱਤਾ। ਫੁਟੇਜ ’ਚੋਂ ਕਾਰ ਦੀ ਪਛਾਣ ਕਰਦਿਆਂ ਕਮਲਜੀਤ ਕੌਰ ਦੀ ਬੇਟੀ ਨੇ ਪੁਲਸ ਨੂੰ ਦੱਸਿਆ ਕਿ ਇਹ ਕਾਰ ਉਸ ਦੇ ਪਿਤਾ ਤਰਸੇਮ ਸਿੰਘ ਦੀ ਹੈ। ਪੁਲਸ ਨੇ ਉਸ ਦੇ ਬਿਆਨਾਂ ਦੇ ਆਧਾਰ ’ਤੇ ਤਰਸੇਮ ਸਿੰਘ ਖਿਲਾਫ਼ ਧਾਰਾ 302 ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਤਰਸੇਮ ਿਸੰਘ ਤੋਂ ਪੁਲਸ ਕਰ ਰਹੀ ਐ ਪੁੱਛਗਿੱਛ
ਸੰਪਰਕ ਕਰਨ ’ਤੇ ਥਾਣਾ ਚੱਬੇਵਾਲ ’ਚ ਤਾਇਨਾਤ ਐੱਸ.ਐੱਚ.ਓ. ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱÎਸਿਆ ਕਿ ਮ੍ਰਿਤਕਾ ਕਮਲਜੀਤ ਕੌਰ ਦੀ ਬੇਟੀ ਦੀ ਸ਼ਿਕਾਇਤ ’ਤੇ ਪੁਲਸ ਨੇ ਤਰਸੇਮ ਸਿੰਘ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸ ਦਾ 3 ਦਿਨਾਂ ਦਾ ਰਿਮਾਂਡ ਲਿਆ ਹੈ। ਦੋਸ਼ੀ ਤੋਂ ਪੁੱਛਗਿੱਛ ਕਰ ਕੇ ਕਮਲਜੀਤ ਕੌਰ ਨੂੰ ਕੁਚਲਣ ਲਈ ਵਰਤੀ ਕਾਰ ਪੁਲਸ ਜਲਦ ਬਰਾਮਦ ਕਰ ਲਵੇਗੀ।
ਫਿਲਮੀ ਅੰਦਾਜ਼ ’ਚ ਦਿਨ-ਦਿਹਾਡ਼ੇ ਬਜ਼ੁਰਗ ਨੂੰ ਲੁੱਟਿਆ
NEXT STORY