ਜਲੰਧਰ - ਵਿਸ਼ਵ ਦੇ ਸਭ ਤੋਂ ਵੱਡੇ ਈਸਾਈ ਇੰਜੀਲ ਚਰਚਾਂ ’ਚੋਂ ਇਕ ਦੇ ਸੰਸਥਾਪਕ ਮਰਹੂਮ ਨਾਈਜੀਰੀਅਨ ਪਾਦਰੀ ਟੈਮੀਟੋਪ ਬਾਲੋਗੁਨ ਜੋਸ਼ੂਆ (ਟੀ. ਬੀ. ਜੋਸ਼ੂਆ) ’ਤੇ ਔਰਤਾਂ ਨਾਲ ਜਬਰ-ਜ਼ਨਾਹ ਅਤੇ ਜਬਰਨ ਗਰਭਪਾਤ ਕਰਵਾਉਣ ਸਮੇਤ ਭਿਆਨਕ ਅੱਤਿਆਚਾਰ ਕਰਨ ਦਾ ਖੁਲਾਸਾ ਹੋਇਆ ਹੈ। ਦੋਸ਼ ਹਨ ਕਿ ਟੀ. ਬੀ. ਜੋਸ਼ੂਆ ਮੁਕਤੀ ਪ੍ਰਾਪਤ ਕਰਨ ਦੇ ਸੁਪਨੇ ਵਿਖਾ ਕੇ ਆਪਣੀਆਂ ਮਹਿਲਾ ਪੈਰੋਕਾਰਾਂ ਨਾਲ ਜਬਰ-ਜ਼ਨਾਹ ਕਰਦਾ ਸੀ। ਉਸ ਨੇ ਜਬਰ-ਜ਼ਨਾਹ ਤੋਂ ਬਾਅਦ ਕਈ ਵਾਰ ਆਪਣੀਆਂ ਪੈਰੋਕਾਰਾਂ ਦਾ ਗਰਭਪਾਤ ਕਰਵਾਇਆ। ਜੇ ਕੋਈ ਉਸ ਦਾ ਵਿਰੋਧ ਕਰਦੀ ਤਾਂ ਕੱਪੜੇ ਲਾਹ ਕੇ ਉਸ ਦੇ ਕੋੜੇ ਮਾਰੇ ਜਾਂਦੇ ਸਨ। ਜ਼ੰਜੀਰਾਂ ਨਾਲ ਬੰਨ੍ਹ ਕੇ ਇਕ ਹਨੇਰੀ ਕੋਠੜੀ ’ਚ ਰੱਖਿਆ ਜਾਂਦਾ ਸੀ। ਇੰਨਾ ਹੀ ਨਹੀਂ, ਪਾਦਰੀ ਆਪਣਾ ਜੂਠਾ ਖਾਣਾ ਖਾਣ ਲਈ ਵੀ ਪੀੜਤਾਂ ਨੂੰ ਮਜਬੂਰ ਕਰਦਾ ਸੀ। ਸਾਲ 2021 ਦੇ ਜੂਨ ਮਹੀਨੇ ’ਚ ਉਸ ਦੀ ਮੌਤ ਹੋ ਗਈ ਸੀ।
ਕੌਣ ਸੀ ਟੀ. ਬੀ. ਜੋਸ਼ੂਆ?
ਧਰਮ ਦੇ ਨਾਂ ’ਤੇ ਕੀਤੇ ਗਏ ਅੱਤਿਆਚਾਰਾਂ ਦੀ ਕਹਾਣੀ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਹ ਟੀ. ਬੀ. ਜੋਸ਼ੂਆ ਕੌਣ ਹੈ? ਮੀਡੀਆ ਰਿਪੋਰਟਾਂ ਮੁਤਾਬਕ ਜੋਸ਼ੂਆ ਦਾ ਜਨਮ 12 ਜੂਨ 1963 ਨੂੰ ਅਫਰੀਕਾ ’ਚ ਹੋਇਆ ਸੀ। ਉਹ ਅਫ਼ਰੀਕਾ ’ਚ ਸਭ ਤੋਂ ਪ੍ਰਭਾਵਸ਼ਾਲੀ ਮਸੀਹੀ ਪ੍ਰਚਾਰਕ ਸੀ। ਉਸ ਦੀ ਸੇਵਾ ਲਈ ਹਰ ਰੋਜ਼ ਹਜ਼ਾਰਾਂ ਲੋਕ ਚਰਚ ਵਿਚ ਹਾਜ਼ਰ ਹੁੰਦੇ ਸਨ। ਉਹ ਕ੍ਰਿਸ਼ਚੀਅਨ ਟੈਲੀਵਿਜ਼ਨ ਸਟੇਸ਼ਨ ਇਮੈਨੁਅਲ ਟੈਲੀਵਿਜ਼ਨ ਰਾਹੀਂ ਦੁਨੀਆ ਦਾ ਸਭ ਤੋਂ ਮਸ਼ਹੂਰ ਟੈਲੀਵੈਂਜਲਿਸਟ (ਦੂਰ-ਪ੍ਰਚਾਰਕ) ਬਣ ਗਿਆ ਸੀ। ਇਕ ਸ਼ੋਅ ’ਚ ਤਾਂ ਉਸ ਨੇ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਕਰਵਾਉਣ ਦਾ ਦਾਅਵਾ ਵੀ ਕੀਤਾ ਸੀ। ਇਕ ਵਾਰ ਉਸ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਉਸ ਨੂੰ ਵਰਦਾਨ ਮਿਲਿਆ ਹੈ ਅਤੇ ਉਹ ਐੱਚ. ਆਈ. ਵੀ./ਏਡਜ਼ ਸਮੇਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਸਕਦਾ ਹੈ।
ਇਸ ਤਰ੍ਹਾਂ ਹੋਇਆ ਪਾਦਰੀ ਦੇ ਕਾਰਨਾਮਿਆਂ ਦਾ ਖੁਲਾਸਾ
ਮੌਤ ਤੋਂ ਬਾਅਦ ਟੀ. ਬੀ. ਜੋਸ਼ੂਆ ਨੂੰ ਅਫ਼ਰੀਕੀ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਪਾਦਰੀਆਂ ’ਚੋਂ ਇਕ ਦੇ ਰੂਪ ’ਚ ਸਨਮਾਨਿਤ ਕੀਤਾ ਗਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਗਰੀਬੀ ਤੋਂ ਉੱਠ ਕੇ ਇਸ ਨੇ ਇਕ ਇੰਜੀਲ ਸਾਮਰਾਜ ਦਾ ਨਿਰਮਾਣ ਕੀਤਾ, ਜਿਸ ’ਚ ਉਸ ਦੇ ਸਹਿਯੋਗੀਆਂ ’ਚ ਦਰਜਨਾਂ ਰਾਜਨੀਤਿਕ ਨੇਤਾ, ਮਸ਼ਹੂਰ ਹਸਤੀਆਂ ਅਤੇ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਸ਼ਾਮਲ ਸਨ। ਟੀ. ਬੀ. ਜੋਸ਼ੂਆ ਦੀ ਮੌਤ ਤੋਂ ਬਾਅਦ, ਉਸ ਵੇਲੇ ਹੰਗਾਮਾ ਹੋਣਾ ਸ਼ੁਰੂ ਹੋ ਗਿਆ ਜਦੋਂ ਉਸ ਦੇ ਚੁੰਗਲ ’ਚੋਂ ਬਚ ਨਿਕਲੀਆਂ ਮਹਿਲਾ ਪੈਰੋਕਾਰਾਂ ਨੇ ਉਸ ਦੇ ਕਾਲੇ ਕਾਰਨਾਮਿਆਂ ਦਾ ਖੁਲਾਸਾ ਕੀਤਾ। ਲਗਭਗ 20 ਸਾਲ ਤੱਕ ਉਹ ਆਪਣੇ ਮਰਦ ਅਤੇ ਮਹਿਲਾ ਪੈਰੋਕਾਰਾਂ ਜਿਨਸੀ ਅਤੇ ਮਾਨਸਿਕ ਸ਼ੋਸ਼ਣ ਕਰਦਾ ਰਿਹਾ। 1990 ਅਤੇ 2000 ਦੇ ਦਹਾਕੇ ’ਚ, ਯੂਰਪ, ਅਮਰੀਕਾ, ਦੱਖਣ-ਪੂਰਬੀ ਏਸ਼ੀਆ ਅਤੇ ਅਫਰੀਕਾ ਦੇ ਹਜ਼ਾਰਾਂ ਲੋਕ ਉਸ ਦੇ ਉਪਾਸ਼ਕ ਬਣੇ। ਨਾਈਜੀਰੀਆ ਵਿਚ ਉਸ ਦੇ ਚਰਚ ’ਚ ਕਈ ਲੋਕ ਸਾਲਾਂ ਤੱਕ ਉਸ ਦੇ ਪੈਰੋਕਾਰ ਬਣ ਕੇ ਉਸ ਦੇ ਨਾਲ ਰਹੇ।
ਬੱਚਿਆਂ ਨਾਲ ਵੀ ਦੁਰਵਿਵਹਾਰ
ਬੀ. ਬੀ. ਸੀ. ਦੀ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਲਾਗੋਸ ਚਰਚ ’ਚ ਜੋਸ਼ੂਆ ਵੱਲੋਂ ਕੀਤੀਆਂ ਗਈਆਂ ਸਰੀਰਕ ਹਿੰਸਾ ਦੀਆਂ ਘਟਨਾਵਾਂ ਦੇ ਦਰਜਨਾਂ ਚਸ਼ਮਦੀਦ ਗਵਾਹ ਹਨ, ਜਿਨ੍ਹਾਂ ’ਚ ਬੱਚਿਆਂ ਨਾਲ ਦੁਰਵਿਹਾਰ, ਲੋਕਾਂ ਨੂੰ ਕੋੜੇ ਮਾਰਨੇ ਅਤੇ ਜ਼ੰਜੀਰਾਂ ਨਾਲ ਬੰਨ੍ਹਣ ਦੀਆਂ ਘਟਨਾਵਾਂ ਸ਼ਾਮਲ ਹਨ। ਕਈ ਔਰਤਾਂ ਦਾ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੋਸ਼ੂਆ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ। ਕੁਝ ਔਰਤਾਂ ਨੇ ਦਾਅਵਾ ਕੀਤਾ ਕਿ ਕੰਪਲੈਕਸ ਦੇ ਅੰਦਰ ਸਾਲਾਂ ਤੱਕ ਉਨ੍ਹਾਂ ਨਾਲ ਵਾਰ-ਵਾਰ ਜਬਰ-ਜ਼ਨਾਹ ਕੀਤਾ ਗਿਆ।
ਔਰਤ ਨੇ ਕਈ ਵਾਰ ਕੀਤੀ ਆਤਮਹੱਤਿਆ ਦੀ ਕੋਸ਼ਿਸ਼
ਰਿਪੋਰਟ ’ਚ ਕਿਹਾ ਗਿਆ ਹੈ ਕਿ ਪੀੜਤਾਂ ’ਚੋਂ ਇਕ, ਰਾਏ ਨਾਂ ਦੀ ਬ੍ਰਿਟਿਸ਼ ਔਰਤ 21 ਸਾਲ ਦੀ ਉਮਰ ’ਚ 2002 ’ਚ ਬ੍ਰਾਈਟਨ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਛੱਡ ਕੇ ਚਰਚ ’ਚ ਭਰਤੀ ਹੋ ਗਈ ਸੀ। ਉਸ ਨੇ ਅਗਲੇ 12 ਸਾਲ ਜੋਸ਼ੂਆ ਦੀ ਪੈਰੋਕਾਰ ਦੇ ਰੂਪ ’ਚ ਲਾਗੋਸ ’ਚ ਉਸ ਦੇ ਭੁੱਲ-ਭੁਲਈਆਂ ਵਰਗੇ ਕੰਕਰੀਟ ਦੇ ਕੰਪਲੈਕਸ ’ਚ ਗੁਜ਼ਾਰੇ। ਔਰਤ ਨੇ ਕਿਹਾ ਕਿ ਅਸੀਂ ਸਾਰੇ ਸੋਚਦੇ ਸੀ ਕਿ ਅਸੀਂ ਸਵਰਗ ਵਿਚ ਹਾਂ ਪਰ ਅਸੀਂ ਨਰਕ ’ਚ ਸੀ ਅਤੇ ਨਰਕ ਵਿਚ ਭਿਆਨਕ ਚੀਜ਼ਾਂ ਹੁੰਦੀਆਂ ਹਨ। ਰਾਏ ਦਾ ਕਹਿਣਾ ਹੈ ਕਿ ਜੋਸ਼ੂਆ ਵੱਲੋਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਉਸ ਨੂੰ ਦੋ ਸਾਲਾਂ ਤੱਕ ਇਕਾਂਤ ਕੈਦ ’ਚ ਰੱਖਿਆ ਗਿਆ। ਉਸ ਦਾ ਕਹਿਣਾ ਹੈ ਕਿ ਦੁਰਵਿਹਾਰ ਇੰਨਾ ਗੰਭੀਰ ਸੀ ਕਿ ਉਸ ਨੇ ਕੰਪਲੈਕਸ ਦੇ ਅੰਦਰ ਕਈ ਵਾਰ ਆਤਮਹੱਤਿਆ ਦੀ ਕੋਸ਼ਿਸ਼ ਕੀਤੀ।
ਔਰਤ ਦਾ ਕਵਾਇਆ 5 ਵਾਰ ਗਰਭਪਾਤ
ਰਿਪੋਰਟ ਮੁਤਾਬਕ ਨਾਮੀਬੀਆ ਦੀ ਜੈਸਿਕਾ ਕੈਮੂ ਦਾ ਕਹਿਣਾ ਹੈ ਕਿ ਉਸ ਦੀ ਸਖਤ ਪ੍ਰੀਖਿਆ 5 ਸਾਲ ਤੋਂ ਵੱਧ ਸਮੇਂ ਤੱਕ ਚੱਲੀ। ਉਹ ਕਹਿੰਦੀ ਹੈ ਕਿ ਉਹ 17 ਸਾਲ ਦੀ ਸੀ ਜਦੋਂ ਜੋਸ਼ੂਆ ਨੇ ਉਸ ਨਾਲ ਪਹਿਲੀ ਵਾਰ ਜਬਰ-ਜ਼ਨਾਹ ਕੀਤਾ ਸੀ। ਟੀ. ਬੀ. ਜੋਸ਼ੂਆ ਵੱਲੋਂ ਜਬਰ-ਜ਼ਨਾਹ ਕਰਨ ਕਾਰਨ ਉਸ ਨੂੰ 5 ਵਾਰ ਜਬਰਨ ਗਰਭਪਾਤ ਕਰਵਾਉਣਾ ਪਿਆ। ਕਈ ਪੀੜਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਕੱਪੜੇ ਉਤਾਰੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਬਿਜਲੀ ਦੀਆਂ ਤਾਰਾਂ ਅਤੇ ਘੋੜਿਆਂ ਦੇ ਚਾਬੁਕ ਨਾਲ ਕੁੱਟਿਆ ਜਾਂਦਾ ਸੀ। ਉਨ੍ਹਾਂ ਨੂੰ ਨਿਯਮਤ ਤੌਰ ’ਤੇ ਸੌਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਸੀ।
ਸਿਨੇਗਾਗ ਚਰਚ ਆਫ਼ ਆਲ ਨੇਸ਼ਨਜ਼ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
ਸਿਨੇਗਾਗ ਚਰਚ ਆਫ਼ ਆਲ ਨੇਸ਼ਨਜ਼ ਨੇ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਪਰ ਕਿਹਾ ਕਿ ਦਾਅਵੇ ਬੇਬੁਨਿਆਦ ਹਨ। ਸਿਨੇਗਾਗ ਚਰਚ ਆਫ਼ ਆਲ ਨੇਸ਼ਨਜ਼ (ਐੱਸ. ਸੀ. ਓ. ਏ. ਐੱਨ.) ਦੇ ਕੌਮਾਂਤਰੀ ਪੈਰੋਕਾਰ ਹਨ, ਜੋ ਇਮੈਨੁਅਲ ਟੀ. ਵੀ. ਅਤੇ ਲੱਖਾਂ ਯੂਜ਼ਰਜ਼ ਵਾਲਾ ਸੋਸ਼ਲ ਮੀਡੀਆ ਨੈੱਟਵਰਕ ਚਲਾਉਂਦਾ ਹੈ। 1990 ਅਤੇ 2000 ਦੇ ਦਹਾਕੇ ਦੇ ਸ਼ੁਰੂ ’ਚ, ਯੂਰਪ, ਅਮਰੀਕਾ, ਦੱਖਣ-ਪੂਰਬ ਏਸ਼ੀਆ ਅਤੇ ਅਫਰੀਕਾ ਤੋਂ ਹਜ਼ਾਰਾਂ ਸ਼ਰਧਾਲੂਆਂ ਨੇ ਜੋਸ਼ੂਆ ਨੂੰ ਇਲਾਜ ਅਤੇ ਚਮਤਕਾਰ ਕਰਦੇ ਵੇਖਣ ਲਈ ਨਾਈਜੀਰੀਆ ਦੇ ਚਰਚ ਦੀ ਯਾਤਰਾ ਕੀਤੀ। ਘੱਟੋ-ਘੱਟ 150 ਸੈਲਾਨੀ ਲਾਗੋਸ ’ਚ ਉਸ ਦੇ ਕੰਪਲੈਕਸ ਅੰਦਰ ਪੈਰੋਕਾਰਾਂ ਦੇ ਰੂਪ ’ਚ ਉਸ ਦੇ ਨਾਲ ਸਨ।
ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ, ਇਨ੍ਹਾਂ ਇਲਾਕਿਆਂ ਵਿਚ ਪੈ ਸਕਦਾ ਹੈ ਮੀਂਹ
NEXT STORY