ਜਲੰਧਰ (ਖੁਰਾਣਾ)–ਪਿਛਲੇ 4-5 ਦਿਨਾਂ ਤੋਂ ਨਗਰ ਨਿਗਮ ਯੂਨੀਅਨ ਦਾ ਇਕ ਗਰੁੱਪ ਹੜਤਾਲ ’ਤੇ ਚੱਲ ਰਿਹਾ ਸੀ, ਜਿਸ ਕਾਰਨ ਸ਼ਹਿਰ ਵਿਚ ਨਾ ਸਿਰਫ਼ ਗੰਦਗੀ ਫੈਲੀ ਹੋਈ ਸੀ, ਸਗੋਂ ਸਾਫ਼-ਸਫ਼ਾਈ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਸੀ। ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਦਿੱਲੀ ਤੋਂ ਮੁੜਦੇ ਹੀ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਅਤੇ ਯੂਨੀਅਨ ਆਗੂਆਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਇਸ ਨਾਲ ਨਿਗਮ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਤਿਉਹਾਰੀ ਸੀਜ਼ਨ ਕਾਰਨ ਨਿਗਮ ਦੇ ਅਕਸ ’ਤੇ ਕਾਫ਼ੀ ਬੁਰਾ ਪ੍ਰਭਾਵ ਪੈ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਇਹ ਮੁਲਾਜ਼ਮ ਦੋ ਦਿਨਾਂ ਦੀ ਛੁੱਟੀ 'ਤੇ
ਹੜਤਾਲ ’ਤੇ ਗਏ ਨਿਗਮ ਕਰਮਚਾਰੀਆਂ ਨੇ ਜਿੱਥੇ ਕੂੜੇ ਦੀ ਲਿਫ਼ਟਿੰਗ ਦਾ ਕੰਮ ਬੰਦ ਕੀਤਾ ਹੋਇਆ ਸੀ, ਉਥੇ ਹੀ ਵਾਟਰ ਸਪਲਾਈ ਅਤੇ ਸੀਵਰੇਜ ਨਾਲ ਸਬੰਧਤ ਕਰਮਚਾਰੀ ਵੀ ਕੋਈ ਕੰਮ ਨਹੀਂ ਕਰ ਰਹੇ ਸਨ, ਜਿਸ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਹੋ ਗਿਆ ਸੀ। ਮੰਗਲਵਾਰ ਵੀ ਹੜਤਾਲੀ ਕਰਮਚਾਰੀਆਂ ਨੇ ਨਿਗਮ ਕੰਪਲੈਕਸ ਜਾ ਕੇ ਜ਼ੋਰਦਾਰ ਰੋਸ-ਧਰਨਾ ਦਿੱਤਾ ਅਤੇ ਖ਼ੂਬ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਬੰਟੂ ਸੱਭਰਵਾਲ, ਰਿੰਪੀ ਕਲਿਆਣ ਆਦਿ ਆਗੂਆਂ ਨੇ ਕੀਤੀ।
ਮੰਤਰੀ ਅਤੇ ਲੋਕਲ ਬਾਡੀਜ਼ ਡਾਇਰੈਕਟਰ ਨਾਲ ਹੋਵੇਗੀ ਯੂਨੀਅਨ ਦੀ ਮੀਟਿੰਗ
ਨਿਗਮ ਪ੍ਰਸ਼ਾਸਨ ਅਤੇ ਯੂਨੀਅਨ ਆਗੂਆਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਯੂਨੀਅਨ ਆਗੂ ਬੰਟੂ ਸੱਭਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੜਤਾਲ ਇਸ ਸ਼ਰਤ ’ਤੇ ਖੋਲ੍ਹੀ ਗਈ ਹੈ ਕਿ 10 ਦਿਨਾਂ ਅੰਦਰ ਯੂਨੀਅਨ ਆਗੂਆਂ ਦੀ ਇਕ ਮੀਟਿੰਗ ਲੋਕਲ ਬਾਡੀਜ਼ ਮੰਤਰੀ ਅਤੇ ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਨਾਲ ਕਰਵਾਈ ਜਾਵੇਗੀ। ਯੂਨੀਅਨ ਆਗੂ ਲਗਾਤਾਰ ਮੰਗ ਕਰ ਰਹੇ ਹਨ ਕਿ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀ ਪੱਕੀ ਭਰਤੀ ਕੀਤੀ ਜਾਵੇ ਅਤੇ ਨਿਗਮ ਕਰਮਚਾਰੀਆਂ ਨਾਲ ਸਬੰਧਤ ਬਾਕੀ ਮੰਗਾਂ ਨੂੰ ਵੀ ਮੰਨਿਆ ਜਾਵੇ। ਹੜਤਾਲ ਖੁੱਲ੍ਹਣ ਤੋਂ ਬਾਅਦ ਯੂਨੀਅਨ ਆਗੂਆਂ ਨੇ ਪੂਰੇ ਸ਼ਹਿਰ ਦੀ ਸਫ਼ਾਈ ਕਰਵਾਉਣ ਦਾ ਕੰਮ ਤੇਜ਼ ਕਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, MP ਅੰਮ੍ਰਿਤਪਾਲ ਸਿੰਘ ਦੇ ਸਾਥੀ ਸਣੇ 4 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ
ਦੂਜੀ ਯੂਨੀਅਨ ਨੇ ਬਨਖੰਡੀ ਡੰਪ ’ਤੇ ਲੱਗਿਆ ਤਾਲਾ ਤੋੜ ਕੇ ਸਫ਼ਾਈ ਕਰਵਾਈ
ਨਗਰ ਨਿਗਮ ਦੀ ਇਕ ਯੂਨੀਅਨ ਜਿਥੇ ਅੱਜ ਸਵੇਰੇ ਵੀ ਹੜਤਾਲ ’ਤੇ ਰਹੀ, ਉਥੇ ਹੀ ਦੂਜੀ ਯੂਨੀਅਨ ਦੇ ਪ੍ਰਧਾਨ ਸੰਨੀ ਸੇਠੀ, ਸੰਨੀ ਸਹੋਤਾ, ਅਨਿਲ ਸੱਭਰਵਾਲ, ਗੌਰਵ ਗਿੱਲ, ਸ਼ਿਆਮ ਲਾਲ ਗਿੱਲ ਆਦਿ ਨੇ ਸ਼ਹਿਰ ਦੇ ਕਈ ਡੰਪ ਸਥਾਨਾਂ ਨੂੰ ਸਾਫ਼ ਕਰਵਾਇਆ।
ਜਦੋਂ ਇਹ ਯੂਨੀਅਨ ਆਗੂ ਬਸਤੀ ਸ਼ੇਖ ਦੇ ਬਾਬਾ ਬਨਖੰਡੀ ਡੰਪ ’ਤੇ ਪੁੱਜੇ ਤਾਂ ਉਥੇ ਤਾਲਾ ਲੱਗਿਆ ਹੋਇਆ ਸੀ ਅਤੇ ਬਾਹਰ ਸੜਕ ’ਤੇ ਕੂੜਾ ਹੀ ਕੂੜਾ ਖਿੱਲਰਿਆ ਹੋਇਆ ਸੀ। ਇਨ੍ਹਾਂ ਯੂਨੀਅਨ ਆਗੂਆਂ ਨੇ ਸੈਨੇਟਰੀ ਸੁਪਰਵਾਈਜ਼ਰ ਸੋਮਨਾਥ ਪਿੰਕਾ ਨੂੰ ਨਾਲ ਲੈ ਕੇ ਕੂੜੇ ਦੇ ਡੰਪ ਦਾ ਤਾਲਾ ਤੋੜਿਆ ਅਤੇ ਜੇ. ਸੀ. ਬੀ. ਅਤੇ ਟਿੱਪਰ ਮੰਗਵਾ ਕੇ ਬਨਖੰਡੀ ਡੰਪ ਅਤੇ ਪੂਰੀ ਸੜਕ ਨੂੰ ਸਾਫ਼ ਕਰਵਾਇਆ। ਇਸ ਯੂਨੀਅਨ ਨੇ ਸੀਵਰੇਜ ਸਬੰਧੀ ਸ਼ਿਕਾਇਤਾਂ ਦਾ ਵੀ ਮੌਕੇ ’ਤੇ ਹੱਲ ਕਰਵਾਇਆ। ਇਸ ਮੌਕੇ ਵਿਕ੍ਰਾਂਤ ਸਿੱਧੂ, ਰਮਨਦੀਪ, ਅਨੂਪ, ਅਮਰ ਕਲਿਆਣ, ਨੀਰਜ, ਵਿੱਕੀ ਸਹੋਤਾ, ਸਿਕੰਦਰ ਗਿੱਲ, ਅਸ਼ੋਕ ਭੀਲ ਆਦਿ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ- ਮੁੜ ਗਰਮਾਉਣ ਲੱਗਾ ਢਿੱਲੋਂ ਬ੍ਰਦਰਜ਼ ਦਾ ਮਾਮਲਾ, ਸਾਬਕਾ ਇੰਸਪੈਕਟਰ ਨਵਦੀਪ ਸਿੰਘ ਬਾਰੇ ਹੋਏ ਅਹਿਮ ਖ਼ੁਲਾਸੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਹ ਮੁਲਾਜ਼ਮ ਦੋ ਦਿਨਾਂ ਦੀ ਛੁੱਟੀ 'ਤੇ
NEXT STORY