ਰੂਪਨਗਰ, (ਵਿਜੇ)- ਰੂਪਨਗਰ-ਚੰਡੀਗਡ਼੍ਹ ਹਾਈਵੇ ’ਤੇ ਸਵੇਰੇ 10.20 ਵਜੇ ਦੇ ਕਰੀਬ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਟੀ ਪੁਆਇੰਟ ਦੇ ਨੇਡ਼ੇ ਗੈਸ ਸਿਲੰਡਰਾਂ ਨਾਲ ਲੱਦਿਆ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਸਾਰੇ ਸਿਲੰਡਰ ਹਾਈਡਰੋਜਨ ਗੈਸ ਨਾਲ ਭਰੇ ਹੋਏ ਸੀ ਜਿਸ ਦਾ ਪਤਾ ਲੱਗਦੇ ਹੀ ਤੁਰੰਤ ਫਾਇਰ ਬ੍ਰਿਗੇਡ ਦਸਤੇ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਸਿਲੰਡਰਾਂ ’ਤੇ ਤੁਰੰਤ ਪਾਣੀ ਦੀਆਂ ਬੁਛਾਡ਼ਾਂ ਸੁੱਟੀਆਂ ਗਈਆਂ ਤਾਂ ਕਿ ਕੋਈ ਸਿਲੰਡਰ ਬਲਾਸਟ ਨਾ ਕਰ ਜਾਵੇ।
ਜਾਣਕਾਰੀ ਅਨੁਸਾਰ ਸਵੇਰੇ 10.20 ਵਜੇ ਦੇ ਕਰੀਬ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਟੀ ਪੁਆਇੰਟ ਦੇ ਨੇਡ਼ੇ ਇਕ ਟਰੱਕ, ਜਿਸ ’ਚ ਹਾਈਡਰੋਜਨ ਗੈਸ ਦੇ 380 ਸਿਲੰਡਰ ਲੱਦੇ ਹੋਏ ਸੀ, ਮੋਡ਼ ਲੈਂਦੇ ਸਮੇਂ ਮਾਰਗ ’ਤੇ ਹੀ ਪਲਟ ਗਿਆ ਜਿਸ ਦੇ ਬਾਅਦ ਇਕ ਦੇ ਬਾਅਦ ਇਕ ਸਿਲੰਡਰ ਸਡ਼ਕ ’ਤੇ ਡਿੱਗਦੇ ਗਏ। ਘਟਨਾ ਦਾ ਪਤਾ ਲੱਗਦੇ ਹੀ ਰੂਪਨਗਰ ਸਿਟੀ ਥਾਣਾ ਮੁਖੀ ਭਾਰਤ ਭੂਸ਼ਣ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਤ ਕੀਤਾ ਅਤੇ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਸਿਲੰਡਰਾਂ ’ਤੇ ਪਾਣੀ ਦੀਆਂ ਬੁਛਾਡ਼ਾਂ ਸੁੱਟੀਆਂ ਜਦੋਂ ਕਿ ਖਤਰੇ ਦੇ ਭਾਂਪਦੇ ਹੋਏ ਟ੍ਰੈਫਿਕ ਪੁਲਸ ਨੇ ਕੁਝ ਦੇਰੀ ਲਈ ਟ੍ਰੈਫਿਕ ਦਾ ਰੂਟ ਡਾਈਵਰਟ ਕਰ ਦਿੱਤਾ। ਟਰੱਕ ਦੇ ਚਾਲਕ ਦੀ ਪਛਾਣ ਕੁਲਜੀਤ ਸਿੰਘ ਪੁੱਤਰ ਸੇਵਾ ਸਿੰਘ ਨਿਵਾਸੀ ਜ਼ਿਲਾ ਹੁਸ਼ਿਆਰਪੁਰ ਦੇ ਰੂਪ ’ਚ ਹੋਈ ਅਤੇ ਉਸ ਨੇ ਦੱਸਿਆ ਕਿ ਉਹ ਸਿਲੰਡਰ ਲੈ ਕੇ ਨੰਗਲ ਤੋਂ ਧੂਰੀ ਵੱਲ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਟਰੱਕ ਮੋਡ਼ ਰਿਹਾ ਸੀ ਤਾਂ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਜ਼ਿਕਰਯੋਗ ਹੈ ਕਿ ਹਾਈਡਰੋਜਨ ਗੈਸ ਤੇਜ਼ ਜਲਣਸ਼ੀਲ ਹੈ ਅਤੇ ਜੇਕਰ ਸਿਲੰਡਰ ਬਲਾਸਟ ਕਰ ਜਾਂਦੇ ਤਾਂ ਇਕ ਵੱਡਾ ਹਾਦਸਾ ਵੀ ਹੋ ਸਕਦਾ ਸੀ।
204 ਬੋਤਲਾਂ ਅੰਗਰੇਜ਼ੀ ਸ਼ਰਾਬ ਸਣੇ 2 ਗ੍ਰਿਫ਼ਤਾਰ
NEXT STORY