ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਹਰਿਆਣਾ ਦੇ ਪਿੰਡ ਖੇਪਡ਼ਾਂ ਦੀ ਰਹਿਣ ਵਾਲੀ ਜਸਵੀਰ ਕੌਰ (45) ਪਤਨੀ ਬਲਜਿੰਦਰ ਸਿੰਘ ਨੇ ਆਪਣੇ ਪਤੀ ਤੋਂ ਦੁਖੀ ਹੋ ਕੇ ਸ਼ਨੀਵਾਰ ਦੇਰ ਰਾਤ ਜ਼ਹਿਰ ਨਿਗਲ ਲਿਆ। ਉਸ ਨੂੰ ਇਲਾਜ ਲਈ ਬੇਹੋਸ਼ੀ ਦੀ ਹਾਲਤ ’ਚ ਪਹਿਲਾਂ ਹਰਿਆਣਾ ਅਤੇ ਬਾਅਦ ’ਚ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਹਰਿਆਣਾ ਪੁਲਸ ਨੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਬਿਆਨ ’ਤੇ ਦੋਸ਼ੀ ਪਤੀ ਦੇ ਨਾਲ-ਨਾਲ ਇਕ ਔਰਤ ਨੂੰ ਵੀ ਨਾਮਜ਼ਦ ਕੀਤਾ ਹੈ।
15 ਸਾਲ ਪਹਿਲਾਂ ਹੋਇਆ ਸੀ ਵਿਆਹ
ਸਿਵਲ ਹਸਪਤਾਲ ’ਚ ਹਰਿਆਣਾ ਪੁਲਸ ਨੇ ਦੱਸਿਆ ਕਿ ਪਿੰਡ ਸੱਜਣਾ (ਦਸੂਹਾ) ਦੀ ਰਹਿਣ ਵਾਲੀ ਜਸਵੀਰ ਕੌਰ ਦਾ ਵਿਆਹ 15 ਸਾਲ ਪਹਿਲਾਂ ਖੇਪਡ਼ਾਂ ਪਿੰਡ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਨਾਲ ਹੋਇਆ ਸੀ। ਪੁਲਸ ਅਨੁਸਾਰ ਮ੍ਰਿਤਕਾ ਦੇ ਪਤੀ ਬਲਜਿੰਦਰ ਸਿੰਘ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਦੋਵਾਂ ਵਿਚਕਾਰ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਸ਼ਨੀਵਾਰ ਨੂੰ ਵੀ ਇਸ ਗੱਲ ’ਤੇ ਵਿਵਾਦ ਇੰਨਾ ਵਧ ਗਿਆ ਕਿ ਜਸਵੀਰ ਕੌਰ ਨੇ ਦੁਖੀ ਹੋ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਇਲਾਜ ਦੌਰਾਨ ਉਸ ਦੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ’ਚ ਮੌਤ ਹੋ ਗਈ। ਮ੍ਰਿਤਕਾ 3 ਬੱਚੀਆਂ ਦੀ ਮਾਂ ਸੀ।
ਪੋਸਟਮਾਰਟਮ ਉਪਰੰਤ ਲਾਸ਼ ਕੀਤੀ ਪਰਿਵਾਰ ਦੇ ਹਵਾਲੇ
ਸੰਪਰਕ ਕਰਨ ’ਤੇ ਥਾਣਾ ਹਰਿਆਣਾ ਦੇ ਐੱਸ. ਐੱਚ. ਓ. ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਹਰਿਆਣਾ ਥਾਣੇ ਵਿਚ ਤਾਇਨਾਤ ਸਬ-ਇੰਸਪੈਕਟਰ ਹਰਜਿੰਦਰ ਸਿੰਘ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿਚ ਜੁਟ ਗਏ ਸਨ। ਮ੍ਰਿਤਕਾ ਦੀ ਨਜ਼ਦੀਕੀ ਰਿਸ਼ਤੇਦਾਰ ਸੁਰਜੀਤ ਕੌਰ ਦੀ ਸ਼ਿਕਾਇਤ ’ਤੇ ਪੁਲਸ ਨੇ ਦੋਸ਼ੀ ਪਤੀ ਬਲਜਿੰਦਰ ਸਿੰਘ ਅਤੇ ਉਸ ਦੀ ਕਥਿਤ ਪ੍ਰੇਮਿਕਾ ਖਿਲਾਫ਼ ਪੁਲਸ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਨਸ਼ੇ ਵਾਲੀਆਂ ਗੋਲੀਆਂ ਸਮੇਤ ਪਿਉ-ਪੁੱਤ ਕਾਬੂ
NEXT STORY