ਜਲੰਧਰ (ਗੁਲਸ਼ਨ)- ਯੂ. ਪੀ.-ਬਿਹਾਰ ਵਿਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਪਿੰਡ ਨੂੰ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਵਧ ਗਈ ਹੈ। ਯੂ. ਪੀ-ਬਿਹਾਰ ਨੂੰ ਜਾਣ ਵਾਲੀਆਂ ਲਗਭਗ ਸਾਰੀਆਂ ਟਰੇਨਾਂ ’ਚ 200 ਤੋਂ 250 ਦੀ ਵੇਟਿੰਗ ਚੱਲ ਰਹੀ ਹੈ। ਕਿਸੇ ਵੀ ਟਰੇਨ ਵਿਚ ਕਨਫ਼ਰਮ ਟਿਕਟ ਲਈ ਰੋਜ਼ਾਨਾ ਸਟੇਸ਼ਨ ’ਤੇ ਮਾਰੀਮਾਰੀ ਹੋ ਰਹੀ ਹੈ। ਸ਼ਹੀਦ ਐਕਸਪ੍ਰੈੱਸ, ਆਮਰਪਾਲੀ ਐਕਸਪ੍ਰੈੱਸ, ਗਰੀਬ ਰੱਥ ਐਕਸਪ੍ਰੈੱਸ ਤੋਂ ਇਲਾਵਾ ਕੈਂਟ ਸਟੇਸ਼ਨ ਤੋਂ ਲੰਘਣ ਵਾਲੀ ਅਮਰਨਾਥ ਐਕਸਪ੍ਰੈੱਸ ਤੇ ਮੋਰਧਵਜ ਐਕਸਪ੍ਰੈੱਸ ਵਰਗੀਆਂ ਟਰੇਨਾਂ ਖਚਾਖਚ ਭਰੀਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰਮੁੱਖ ਟਰੇਨਾਂ ਦੇ ਜ਼ਿਆਦਾਤਰ ਲੋਕਾਂ ਨੇ 4 ਮਹੀਨੇ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਲਈਆਂ ਸਨ। ਇਨ੍ਹੀਂ ਦਿਨੀਂ ਕੁਝ ਅਜਿਹੀਆਂ ਵੀ ਟਰੇਨਾਂ ਹਨ, ਜਿਨ੍ਹਾਂ ਦੀ ਵੇਟਿੰਗ ਟਿਕਟ ਵੀ ਨਹੀਂ ਮਿਲ ਰਹੀ ਹੈ।
ਕਰਮਭੂਮੀ ਐਕਸਪ੍ਰੈੱਸ, ਅੰਤੋਦਿਆ ਐਕਸਪ੍ਰੈੱਸ ਹਫਤਾਵਾਰੀ ਅਤੇ ਰੋਜ਼ਾਨਾ ਚੱਲਣ ਵਾਲੀ ਜਨਨਾਇਕ ਐਕਸਪ੍ਰੈੱਸ ਵਰਗੀਆਂ ਅਨਰਿਜ਼ਰਵਡ ਟਰੇਨਾਂ ਵਿਚ ਵੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਟਰੇਨਾਂ ਵਿਚ ਪੈਰ ਰੱਖਣ ਲਈ ਜਗ੍ਹਾ ਨਹੀਂ ਮਿਲ ਰਹੀ। ਕਈ ਯਾਤਰੀ ਤਾਂ ਟਰੇਨ ’ਚ ਚੜ੍ਹਨ ਤੋਂ ਵੀ ਰਹਿ ਜਾਂਦੇ ਹਨ। ਐਤਵਾਰ ਸਵੇਰੇ 9.25 ਵਜੇ ਸਿਟੀ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਅੰਤੋਦਿਆ ਐਕਸਪ੍ਰੈੱਸ ਟਰੇਨ ਆਪਣੇ ਨਿਰਧਾਰਿਤ ਸਮੇਂ ਤੋਂ ਲਗਭਗ 2.15 ਘੰਟੇ ਦੇਰੀ ਨਾਲ ਰਵਾਨਾ ਹੋਈ। ਇਹ ਅਨਰਿਜ਼ਰਵਡ ਟਰੇਨ ਪੂਰੀ ਤਰ੍ਹਾਂ ਖਚਾਖਚ ਭਰੀ ਹੋਈ ਸੀ। ਇਸ ਟਰੇਨ ਦੀ ਟਿਕਟ ਲੈਣ ਲਈ ਯਾਤਰੀਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਟਿਕਟ ਕਾਊਂਟਰਾਂ ਦੇ ਬਾਹਰ ਲੰਬੀਆਂ ਕਤਾਰਾਂ ਮੇਨ ਗੇਟ ਤੱਕ ਪਹੁੰਚ ਚੁੱਕੀਆਂ ਸਨ। ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ ਜ਼ਰੀਏ ਟਿਕਟ ਲੈਣ ਵਾਲਿਆਂ ਦੀ ਵੀ ਭਾਰੀ ਭੀੜ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ - ਹੁਣ ਸਮਾਰਟ ਸਿਟੀ ਤੇ ਜਲੰਧਰ ਨਿਗਮ ’ਚ ਵੀ ਹੋਵੇਗੀ ਸੰਸਦ ਮੈਂਬਰ ਰਿੰਕੂ ਦੀ ਦਮਦਾਰ ਐਂਟਰੀ

2 ਦਿਨ ਰੱਦ ਰਹੀ ਗਰੀਬ ਰਥ ਐਕਸਪ੍ਰੈੱਸ, ਯਾਤਰੀ ਹੋਏ ਪ੍ਰੇਸ਼ਾਨ
ਹਫ਼ਤੇ ਵਿਚ ਤਿੰਨ ਦਿਨ ਬੁੱਧਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਅੰਮ੍ਰਿਤਸਰ ਤੋਂ ਸਹਰਸਾ ਲਈ ਚੱਲਣ ਵਾਲੀ ਗਰੀਬ ਰਥ ਐਕਸਪ੍ਰੈੱਸ ਟਰੇਨ ਪਿਛਲੇ ਬੁੱਧਵਾਰ ਅਤੇ ਸ਼ਨੀਵਾਰ ਨੂੰ ਰੱਦ ਕਰ ਦਿੱਤੀ ਗਈ ਸੀ। 2 ਦਿਨਾਂ ਤੋਂ ਟਰੇਨ ਰੱਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਡੀ ਪ੍ਰੇਸ਼ਾਨੀ ਉਨ੍ਹਾਂ ਯਾਤਰੀਆਂ ਨੂੰ ਝੱਲਣੀ ਪਈ, ਜਿਨ੍ਹਾਂ ਨੇ 4 ਮਹੀਨੇ ਪਹਿਲਾਂ ਟਿਕਟਾਂ ਬੁੱਕ ਕਰਵਾਈਆਂ ਸਨ। ਯਾਤਰਾ ਤੋਂ ਇਕ ਦਿਨ ਪਹਿਲਾਂ ਜਦੋਂ ਉਸ ਨੂੰ ਪਤਾ ਲੱਗਾ ਕਿ ਟਰੇਨ ਰੱਦ ਹੋ ਗਈ ਹੈ ਤਾਂ ਉਨ੍ਹਾਂ ਰੇਲਵੇ ਵਿਭਾਗ ਨੂੰ ਕਾਫ਼ੀ ਨਿੰਦਿਆ। ਇਸ ਤੋਂ ਇਲਾਵਾ ਕਈ ਲੋਕਾਂ ਨੇ ਰਾਤ ਭਰ ਲਾਈਨਾਂ ਵਿਚ ਖੜ੍ਹੇ ਹੋ ਕੇ ਇਕ ਦਿਨ ਪਹਿਲਾਂ ਤਤਕਾਲ ਬੁਕਿੰਗ ਵੀ ਕਰਵਾਈ ਸੀ ਪਰ ਅਗਲੇ ਦਿਨ ਟਰੇਨ ਰੱਦ ਹੋ ਗਈ। ਦੱਸ ਦੇਈਏ ਕਿ ਗਰੀਬ ਰਥ ਪੂਰੀ ਤਰ੍ਹਾਂ ਨਾਲ ਏ. ਸੀ. ਟਰੇਨ ਹੈ। ਗਰਮੀਆਂ ਦੇ ਮੌਸਮ ਵਿਚ ਇਸ ਟਰੇਨ ਦੀ ਮੰਗ ਸਭ ਤੋਂ ਵੱਧ ਹੁੰਦੀ ਹੈ। ਜ਼ਿਕਰਯੋਗ ਹੈ ਕਿ ਮੁਰਾਦਾਬਾਦ ਡਿਵੀਜ਼ਨ ’ਚ ਰੇਲਵੇ ਟਰੈਕ ’ਤੇ ਕੰਮ ਚੱਲਣ ਕਾਰਨ ਗਰੀਬ ਰਥ ਐਕਸਪ੍ਰੈੱਸ ਨੂੰ 2 ਦਿਨ ਬੰਦ ਕੀਤਾ ਗਿਆ ਸੀ। ਐਤਵਾਰ ਇਹ ਆਪਣੇ ਨਿਰਧਾਰਿਤ ਸਮੇਂ ’ਤੇ ਰਵਾਨਾ ਹੋਈ।

ਤਤਕਾਲ ਬੁਕਿੰਗ ਕਰਵਾਉਣਾ ਵੀ ਜੰਗ ਜਿੱਤਣ ਤੋਂ ਘੱਟ ਨਹੀਂ
ਕਿਸੇ ਵੀ ਟਰੇਨ ’ਚ ਕਨਫ਼ਰਮ ਟਿਕਟ ਨਾ ਮਿਲਣ ਦੀ ਸੂਰਤ ’ਚ ਯਾਤਰੀਆਂ ਨੂੰ ਸਿਰਫ ਤਤਕਾਲ ਬੁਕਿੰਗ ਦਾ ਸਹਾਰਾ ਹੁੰਦਾ ਹੈ ਪਰ ਫਿਲਹਾਲ ਸਟੇਸ਼ਨ ’ਤੇ ਸਥਿਤੀ ਅਜਿਹੀ ਹੈ ਕਿ ਤਤਕਾਲ ਬੁਕਿੰਗ ਕਰਵਾਉਣਾ ਵੀ ਜੰਗ ਜਿੱਤਣ ਤੋਂ ਘੱਟ ਨਹੀਂ ਹੈ। ਤਤਕਾਲ ਬੁਕਿੰਗ ਲਈ ਯਾਤਰੀਆਂ ਨੂੰ ਪਹਿਲਾ ਅਤੇ ਦੂਜਾ ਨੰਬਰ ਲੈਣ ਲਈ ਜੁਗਾੜ ਲਾਉਣਾ ਪੈ ਰਿਹਾ ਹੈ। ਕਈ ਲੋਕ ਤਤਕਾਲ ਬੁਕਿੰਗ ਲਈ ਰੋਜ਼ਾਨਾ ਸਟੇਸ਼ਨ ’ਤੇ ਚੱਕਰ ਲਾ ਰਹੇ ਹਨ ਪਰ ਉਨ੍ਹਾਂ ਦਾ ਨੰਬਰ ਨਹੀਂ ਲੱਗ ਰਿਹਾ। ਅਜਿਹੇ ’ਚ ਯਾਤਰੀਆਂ ਦਾ ਪ੍ਰੇਸ਼ਾਨ ਹੋਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ - ਡੇਰਾਬੱਸੀ ਵਿਖੇ ਵਿਦਿਆਰਥਣ ਨੇ ਕਾਲਜ ਦੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ
ਹੁਣ ਸਮਾਰਟ ਸਿਟੀ ਤੇ ਜਲੰਧਰ ਨਿਗਮ ’ਚ ਵੀ ਹੋਵੇਗੀ ਸੰਸਦ ਮੈਂਬਰ ਰਿੰਕੂ ਦੀ ਦਮਦਾਰ ਐਂਟਰੀ
NEXT STORY