ਮੁੰਬਈ - ਰਾਮਾਨੰਦ ਸਾਗਰ ਦੀ 'ਰਾਮਾਇਣ' 'ਚ ਲਕਸ਼ਮਣ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਸੁਨੀਲ ਲਹਿਰੀ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਚ ਵਸਦੇ ਹਨ। ਹਾਲ ਹੀ 'ਚ ਉਨ੍ਹਾਂ ਨਾਲ ਇਕ ਅਜੀਬ ਘਟਨਾ ਵਾਪਰੀ, ਜਿਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਸੁਨੀਲ ਲਹਿਰੀ ਨੇ ਦੱਸਿਆ ਕਿ ਉਨ੍ਹਾਂ ਦੀ ਬਿਲਡਿੰਗ 'ਚ ਇਕ ਅਣਪਛਾਤਾ ਸ਼ਖਸ ਉਨ੍ਹਾਂ ਦਾ ਝੂਠਾ ਰਿਸ਼ਤੇਦਾਰ ਬਣ ਕੇ ਮਿਲਣ ਆਇਆ ਸੀ।
ਸੁਨੀਲ ਲਹਿਰੀ ਨੇ ਵੀਡੀਓ 'ਚ ਦੱਸਿਆ ਕਿ ਕੋਈ ਵਿਅਕਤੀ ਉਨ੍ਹਾਂ ਦੀ ਬਿਲਡਿੰਗ ਦੀ ਸੁਰੱਖਿਆ (ਸਿਕਿਉਰਿਟੀ) ਨੂੰ ਇਹ ਕਹਿ ਕੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਅਦਾਕਾਰ ਦਾ ਰਿਸ਼ਤੇਦਾਰ ਹੈ। ਪਰ ਜਦੋਂ ਸਿਕਿਉਰਿਟੀ ਨੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਹ ਸ਼ਖਸ ਝੂਠ ਬੋਲ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਉੱਥੋਂ ਭਜਾ ਦਿੱਤਾ ਗਿਆ।
ਇਸ ਘਟਨਾ ਨੇ ਸੁਨੀਲ ਲਹਿਰੀ ਨੂੰ 'ਰਾਮਾਇਣ' ਦੀ ਸ਼ੂਟਿੰਗ ਦੌਰਾਨ ਵਾਪਰੇ ਇਕ ਪੁਰਾਣੇ ਕਿੱਸੇ ਦੀ ਯਾਦ ਦਿਵਾ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਵਾਰ ਉਹ ਸਟੂਡੀਓ ਦੇ ਬਾਹਰ ਟਹਿਲ ਰਹੇ ਸਨ। ਉਸ ਵੇਲੇ ਧੁੱਪ ਵਿੱਚ ਸ਼ੂਟਿੰਗ ਕਰਨ ਕਰਕੇ ਉਨ੍ਹਾਂ ਦਾ ਰੰਗ ਕਾਫੀ ਟੈਨ (ਕਾਲਾ) ਹੋ ਗਿਆ ਸੀ, ਦਾੜ੍ਹੀ ਵਧੀ ਹੋਈ ਸੀ ਅਤੇ ਵਾਲਾਂ'ਚ ਤੇਲ ਲਗਾਇਆ ਹੋਇਆ ਸੀ। ਉਸ ਸਮੇਂ ਇੱਕ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਕਹਿਣ ਲੱਗਾ, "ਮੈਂ ਸੁਨੀਲ ਲਹਿਰੀ ਨੂੰ ਮਿਲਣਾ ਚਾਹੁੰਦਾ ਹਾਂ"। ਜਦੋਂ ਸੁਨੀਲ ਨੇ ਪੁੱਛਿਆ ਕਿ ਉਹ ਕੌਣ ਹੈ, ਤਾਂ ਉਸ ਨੇ ਕਿਹਾ, "ਮੈਂ ਉਨ੍ਹਾਂ ਦਾ ਭਰਾ ਹਾਂ ਅਤੇ ਭੋਪਾਲ ਤੋਂ ਆਇਆ ਹਾਂ"। ਅਦਾਕਾਰ ਨੇ ਹੈਰਾਨੀ ਨਾਲ ਦੱਸਿਆ ਕਿ ਉਹ ਸ਼ਖਸ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੋ ਕੇ ਵੀ ਉਨ੍ਹਾਂ ਨੂੰ ਪਛਾਣ ਨਹੀਂ ਸਕਿਆ ਅਤੇ ਉਨ੍ਹਾਂ ਦਾ ਝੂਠਾ ਭਰਾ ਬਣ ਕੇ ਆਇਆ ਸੀ।
ਇਨ੍ਹਾਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਸੁਨੀਲ ਲਹਿਰੀ ਨੇ ਇਕ ਡੂੰਘੀ ਗੱਲ ਕਹੀ ਕਿ ਜਦੋਂ ਤੁਹਾਡਾ ਸਮਾਂ ਸਹੀ ਚੱਲ ਰਿਹਾ ਹੁੰਦਾ ਹੈ, ਤਾਂ ਅਣਜਾਣ ਲੋਕ ਵੀ ਤੁਹਾਡੇ ਰਿਸ਼ਤੇਦਾਰ ਬਣ ਜਾਂਦੇ ਹਨ, ਪਰ ਜਦੋਂ ਸਮਾਂ ਠੀਕ ਨਾ ਹੋਵੇ, ਤਾਂ ਆਪਣੇ ਰਿਸ਼ਤੇਦਾਰ ਵੀ ਅਣਜਾਣ ਬਣ ਜਾਂਦੇ ਹਨ। ਜ਼ਿਕਰਯੋਗ ਹੈ ਕਿ ਰਾਮਾਨੰਦ ਸਾਗਰ ਦੀ 'ਰਾਮਾਇਣ' 1987 'ਚ ਸ਼ੁਰੂ ਹੋਈ ਸੀ, ਜਿਸ 'ਚ ਅਰੁਣ ਗੋਵਿਲ ਨੇ ਰਾਮ ਅਤੇ ਦੀਪਿਕਾ ਚਿਖਲੀਆ ਨੇ ਸੀਤਾ ਦਾ ਕਿਰਦਾਰ ਨਿਭਾਇਆ ਸੀ। ਇਸ ਦੇ ਕੁੱਲ 78 ਐਪੀਸੋਡ ਸਨ।
'ਪੂਰੀ ਜ਼ਿੰਦਗੀ ਲੱਗ ਜਾਵੇ, ਪਰ...!' ਮਾੜੇ ਦਿਨਾਂ ਦੇ ਮਦਦਗਾਰਾਂ ਲਈ ਰਾਜਪਾਲ ਯਾਦਵ ਦਾ ਵੱਡਾ ਐਲਾਨ
NEXT STORY