ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਵੱਖ ਹੋ ਰਹੇ ਹਨ। ਇਸ ਆਈਡਲ ਜੋੜੇ ਦੇ ਤਲਾਕ ਦੀ ਖ਼ਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਹੈਰਾਨਜਨਕ ਹੈ। ਹਰ ਕੋਈ ਜਾਣਦਾ ਹੈ ਕਿ ਕਿਰਨ ਆਮਿਰ ਦੀ ਦੂਜੀ ਪਤਨੀ ਹੈ। ਦੋਵਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਇੱਕ ਫੋਨ ਕਾਲ ਨਾਲ ਹੋਈ ਸੀ। ਆਓ ਜਾਣਦੇ ਹਾਂ ਆਮਿਰ ਅਤੇ ਕਿਰਨ ਦੀ ਲਵ ਸਟੋਰੀ ਅਤੇ ਉਨ੍ਹਾਂ ਦੇ ਵਿਆਹ ਤਕ ਦੇ ਸਫ਼ਰ ਬਾਰੇ।
ਫ਼ਿਲਮ 'ਲਗਾਨ' ਦੇ ਸੈੱਟ 'ਤੇ ਹੋਈ ਸੀ ਪਹਿਲੀ ਮੁਲਾਕਾਤ
ਆਮਿਰ ਅਤੇ ਕਿਰਨ ਪਹਿਲੀ ਵਾਰ ਫ਼ਿਲਮ 'ਲਗਾਨ' ਦੇ ਸੈੱਟ 'ਤੇ ਮਿਲੇ ਸਨ। ਆਮਿਰ ਖ਼ਾਨ ਨੇ ਇੱਕ ਇੰਟਰਵਿਊ 'ਚ ਕਿਰਨ ਨਾਲ ਆਪਣੀ ਮੁਲਾਕਾਤ ਬਾਰੇ ਵਿਸਥਾਰ 'ਚ ਦੱਸਿਆ ਸੀ। ਅਦਾਕਾਰ ਨੇ ਕਿਹਾ ਸੀ- 'ਮੈਂ ਕਿਰਨ ਨੂੰ ਸਾਲ 2001 'ਚ 'ਲਗਾਨ' ਦੇ ਸਮੇਂ ਮਿਲਿਆ ਸੀ। ਉਹ ਇਸ 'ਚ ਇਕ ਸਹਾਇਕ ਡਾਇਰੈਕਟਰ ਸੀ ਪਰ ਉਸ ਸਮੇਂ ਸਾਡੇ ਵਿਚਕਾਰ ਕੋਈ ਰਿਲੇਸ਼ਨਸ਼ਿਪ ਨਹੀਂ ਸੀ। ਉਹ ਯੂਨਿਟ ਦੀ ਇੱਕ ਮੈਂਬਰ ਸੀ। ਰੀਨਾ ਦੱਤਾ (ਆਮਿਰ ਦੀ ਪਹਿਲੀ ਪਤਨੀ) ਤੋਂ ਵੱਖ ਹੋਣ ਅਤੇ ਤਲਾਕ ਦੇ ਸਮੇਂ ਕਿਰਨ ਨੂੰ ਦੁਬਾਰਾ ਮਿਲਿਆ ਸੀ।'
ਇੰਝ ਆਏ ਇਕ-ਦੂਜੇ ਦੇ ਆਏ ਕਰੀਬ
'ਟਰੋਮਾ ਵਾਲੇ (ਸਦਮੇ ਦੇ) ਉਸ ਸਮੇਂ ਉਸ ਦਾ (ਕਿਰਨ ਦਾ) ਫੋਨ ਆਇਆ ਅਤੇ ਮੈਂ ਉਸ ਨਾਲ ਇੱਕ ਘੰਟੇ ਤੱਕ ਗੱਲ ਕੀਤੀ ਅਤੇ ਜਦੋਂ ਮੈਂ ਫੋਨ ਰੱਖਿਆ ਤਾਂ ਮੈਨੂੰ ਉਸ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ। ਉਸੇ ਪਲ ਮੈਨੂੰ ਮਹਿਸੂਸ ਹੋਇਆ ਕਿ ਜਦੋਂ ਮੈਂ ਕਿਰਨ ਨਾਲ ਗੱਲ ਕਰਦਾ ਹਾਂ ਤਾਂ ਮੈਨੂੰ ਕਾਫ਼ੀ ਚੰਗਾ ਲੱਗਦਾ ਹੈ।' ਆਪਣੀ ਗੱਲ ਨੂੰ ਅੱਗੇ ਜਾਰੀ ਕਰਦਿਆਂ ਆਮਿਰ ਨੇ ਕਿਹਾ, 'ਮੈਨੂੰ ਮਜ਼ਬੂਤ ਮਹਿਲਾਵਾਂ ਪਸੰਦ ਹਨ। ਮੇਰੀ ਪਹਿਲੀ ਪਤਨੀ ਰੀਨਾ, ਮੇਰੀ ਦੂਸਰੀ ਪਤਨੀ ਕਿਰਨ। ਆਮਿਰ ਆਪਣੀ ਪਹਿਲੀ ਪਤਨੀ ਰੀਨਾ ਦੇ ਤਲਾਕ ਤੋਂ ਬਾਅਦ ਵੀ ਚੰਗੇ ਰਿਸ਼ਤੇ ਸਾਂਝੇ ਕਰਦੇ ਹੈ। ਉਹ ਪਾਨੀ ਫਾਉਂਡੇਸ਼ਨ 'ਚ ਇਕੱਠੇ ਕੰਮ ਕਰਦੇ ਹਨ, ਜਿਥੇ ਰੀਨਾ ਸੀ. ਓ. ਓ. ਹੈ।' ਉਨ੍ਹਾਂ ਦੇ ਦੋ ਬੱਚੇ ਆਯਰਾ ਖ਼ਾਨ ਅਤੇ ਜੁਨੈਦ ਖ਼ਾਨ ਹਨ। ਦੋਵੇਂ ਆਪਣੀ ਮਾਂ ਨਾਲ ਰਹਿੰਦੇ ਹਨ। ਆਮਿਰ ਕਹਿੰਦਾ ਹੈ, 'ਰੀਨਾ ਇਕ ਬਹੁਤ ਹੀ ਸ਼ਾਨਦਾਰ ਇਨਸਾਨ ਹੈ। ਕਦੇ-ਕਦੇ ਕੋਈ ਰਿਸ਼ਤਾ ਵਧੀਆ ਨਹੀਂ ਚੱਲ ਪਾਉਂਦਾ ਪਰ ਮੇਰੇ ਦਿਲ 'ਚ ਉਸ ਲਈ ਬਹੁਤ ਪਿਆਰ ਅਤੇ ਸਤਿਕਾਰ ਹੈ।'
ਦੋਵਾਂ ਨੇ ਵੇਖੇ ਜ਼ਿੰਦਗੀ 'ਚ ਕਈ ਉਤਰਾਅ-ਚੜਾਅ
ਦੱਸਣਯੋਗ ਹੈ ਕਿ ਆਮਿਰ ਖ਼ਾਨ ਅਤੇ ਕਿਰਨ ਦਾ ਵਿਆਹ 28 ਦਸੰਬਰ 2005 ਨੂੰ ਹੋਇਆ ਸੀ। ਸਾਲ 2011 'ਚ ਦੋਵਾਂ ਨੇ ਸਰੋਗੇਸੀ ਦੀ ਸਹਾਇਤਾ ਨਾਲ ਬੇਟੇ ਆਜ਼ਾਦ ਦਾ ਸਵਾਗਤ ਕੀਤਾ ਸੀ। 15 ਸਾਲ ਦੇ ਇਸ ਵਿਆਹ 'ਚ ਕਿਰਨ ਅਤੇ ਆਮਿਰ ਨੇ ਕਈ ਉਤਰਾਅ-ਚੜਾਅ ਦੇਖੇ ਹਨ ਅਤੇ ਇਕੱਠੇ ਕਈ ਚੀਜ਼ਾਂ ਦਾ ਸਾਹਮਣਾ ਕੀਤਾ ਹੈ।
ਤਲਾਕ ਨੂੰ ਲੈ ਕੇ ਆਮਿਰ ਖ਼ਾਨ ਤੇ ਕਿਰਨ ਰਾਓ ਦਾ ਬਿਆਨ
ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਣੇ ਬਿਆਨ ਵਿਚ ਲਿਖਿਆ, ''ਇਨ੍ਹਾਂ 15 ਖੂਬਸੂਰਤ ਸਾਲਾਂ ਵਿਚ ਅਸੀਂ ਜ਼ਿੰਦਗੀ ਭਰ ਦਾ ਤਜ਼ੁਰਬਾ, ਆਨੰਦ ਅਤੇ ਖੁਸ਼ੀ ਨੂੰ ਸਾਂਝਾ ਕੀਤਾ ਹੈ। ਸਾਡਾ ਰਿਸ਼ਤਾ ਸਿਰਫ਼ ਵਿਸ਼ਵਾਸ, ਸਤਿਕਾਰ ਅਤੇ ਪਿਆਰ ਵਿਚ ਵਧਿਆ ਹੈ। ਹੁਣ ਅਸੀਂ ਆਪਣੀ ਜ਼ਿੰਦਗੀ ਵਿਚ ਇਕ ਨਵਾਂ ਅਧਿਆਇ ਸ਼ੁਰੂ ਕਰਨਾ ਚਾਹੁੰਦੇ ਹਾਂ। ਪਤੀ-ਪਤਨੀ ਦੇ ਤੌਰ 'ਤੇ ਨਹੀਂ ਪਰ ਸਹਿ-ਮਾਤਾ-ਪਿਤਾ ਅਤੇ ਪਰਿਵਾਰ ਦੇ ਰੂਪ ਵਿਚ। ਅਸੀਂ ਕੁਝ ਸਮੇਂ ਪਹਿਲਾਂ ਵੱਖ ਹੋਣ ਦੀ ਯੋਜਨਾ ਸ਼ੁਰੂ ਕੀਤੀ ਸੀ। ਹੁਣ ਇਸ ਨੂੰ ਰਸਮੀ ਬਣਾਉਣ ਵਿਚ ਸਹਿਜ ਮਹਿਸੂਸ ਕਰ ਰਹੇ ਹਾਂ।''
ਭਵਿੱਖ ਵਿਚ ਮਿਲ ਕੇ ਕਰੇਗਾ ਕੰਮ
ਉਸ ਨੇ ਅੱਗੇ ਲਿਖਿਆ, ''ਅਸੀਂ ਦੋਵੇਂ ਵੱਖ-ਵੱਖ ਰਹਿਣ ਦੇ ਬਾਵਜੂਦ ਆਪਣੇ ਜੀਵਨ ਨੂੰ ਇਕ ਵਿਸਤਾਰਿਤ ਪਰਿਵਾਰ ਦੀ ਤਰ੍ਹਾਂ ਸਾਂਝਾ ਕਰਾਂਗੇ। ਅਸੀਂ ਆਪਣੇ ਬੇਟੇ ਆਜ਼ਾਦ ਦੇ ਪ੍ਰਤੀ ਸਮਰਪਿਤ ਮਾਤਾ-ਪਿਤਾ ਹਾਂ, ਜਿਸ ਦਾ ਪਾਲਣ-ਪੋਸ਼ਣ ਅਸੀਂ ਮਿਲ ਕੇ ਕਰਾਂਗੇ। ਅਸੀਂ ਫ਼ਿਲਮਾਂ, ਪਾਨੀ ਫਾਉਂਡੇਸ਼ਨ ਅਤੇ ਹੋਰ ਪ੍ਰਾਜੈਕਟਾਂ ਵਿਚ ਵੀ ਸਹਿਯੋਗੀ ਦੇ ਤੌਰ 'ਤੇ ਕੰਮ ਕਰਨਾ ਜਾਰੀ ਰੱਖਾਂਗੇ, ਜਿਸ ਦੇ ਬਾਰੇ ਅਸੀਂ ਦਿਲ ਤੋਂ ਪਰਵਾਹ ਕਰਦੇ ਹਾਂ।''
ਪਰਿਵਾਰ ਨੂੰ ਕਿਹਾ ਧੰਨਵਾਦ
''ਸਾਡੇ ਰਿਸ਼ਤੇ ਵਿਚ ਨਿਰੰਤਰ ਸਮਰਥਨ ਤੇ ਸਮਝ ਲਈ ਸਾਡੇ ਪਰਿਵਾਰਾਂ ਅਤੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਦੇ ਬਗੈਰ ਅਸੀਂ ਇਹ ਕਦਮ ਚੁੱਕਣਾ ਇੰਨਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਅਸੀਂ ਆਪਣੇ ਸ਼ੁਭਚਿੰਤਕਾਂ ਨੂੰ ਸ਼ੁੱਭ ਕਾਮਨਾਵਾਂ ਅਤੇ ਆਸ਼ੀਰਵਾਦ ਦੇਣ ਦੀ ਉਮੀਦ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਸਾਡੀ ਵਾਂਗ ਤੁਸੀਂ ਇਸ ਤਲਾਕ ਨੂੰ ਅੰਤ ਦੇ ਰੂਪ ਵਿਚ ਨਹੀਂ ਦੇਖੋਗੇ ਸਗੋ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਵਜੋਂ ਵੇਖੋਗੇ। ਧੰਨਵਾਦ ਅਤੇ ਪਿਆਰ, ਕਿਰਨ ਅਤੇ ਆਮਿਰ।''
ਨੋਟ - ਆਮਿਰ ਖ਼ਾਨ ਤੇ ਕਿਰਨ ਰਾਓ ਦੇ ਇਸ ਫ਼ੈਸਲੇ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
KRK ਦਾ ‘ਹਸੀਨ ਦਿਲਰੁਬਾ’ ਫ਼ਿਲਮ ਦਾ ਰੀਵਿਊ ਕਰਨ ਤੋਂ ਇਨਕਾਰ, ਤਾਪਸੀ-ਵਿਕ੍ਰਾਂਤ ਨੂੰ ਦੱਸਿਆ ਸੀ-ਗ੍ਰੇਡ ਕਲਾਕਾਰ
NEXT STORY