ਮੁੰਬਈ (ਬਿਊਰੋ)– ਕਾਂਗਰਸ ਦੀ ਟਿਕਟ ’ਤੇ ਯੂ. ਪੀ. ਵਿਧਾਨ ਸਭਾ ਚੋਣ ਲੜ ਚੁੱਕੀ ਅਦਾਕਾਰਾ ਅਰਚਨਾ ਗੌਤਮ ਨੇ ਆਂਧਰ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਮੰਦਰ ਪ੍ਰਬੰਧਨ (ਟੀ. ਟੀ. ਡੀ.) ’ਤੇ ਕਈ ਗੰਭੀਰ ਦੋਸ਼ ਲਗਾਏ ਹਨ। ਅਰਚਨਾ ਨੇ ਦੋਸ਼ ਲਗਾਏ ਹਨ ਕਿ ਜਦੋਂ ਉਹ ਦਰਸ਼ਨ ਕਰਨ ਲਈ ਮੰਦਰ ਪਹੁੰਚੀ ਤਾਂ ਰਸੀਦ ਹੋਣ ਤੋਂ ਬਾਅਦ ਵੀ ਉਸ ਨੂੰ ਟਿਕਟ ਨਹੀਂ ਦਿੱਤੀ ਗਈ।
ਅਰਚਨਾ ਮੁਤਾਬਕ ਉਸ ਕੋਲੋਂ ਵੀ. ਆਈ. ਪੀ. ਦਰਸ਼ਨ ਦੇ ਨਾਂ ’ਤੇ 10 ਹਜ਼ਾਰ ਰੁਪਏ ਮੰਗੇ ਗਏ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਮੰਦਰ ’ਚ ਮੋਬਾਇਲ ਰਾਹੀਂ ਸ਼ੂਟ ਕੀਤੀ ਗਈ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਹਾਲਾਂਕਿ ਮੰਦਰ ਪ੍ਰਬੰਧਨ ਨੇ ਟਵੀਟ ਕਰਕੇ ਅਰਚਨਾ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।
ਅਰਚਨਾ ਨੇ ਲਗਾਏ ਇਹ ਦੋਸ਼
ਰਸੀਦ ਹੋਣ ਤੋਂ ਬਾਅਦ ਵੀ ਮੰਦਰ ਸਟਾਫ ਨੇ ਟਿਕਟ ਨਹੀਂ ਦਿੱਤੀ।
10 ਹਜ਼ਾਰ ਰੁਪਏ ਦੀ ਵੀ. ਆਈ. ਪੀ. ਟਿਕਟ ਖਰੀਦਣ ਲਈ ਕਿਹਾ ਗਿਆ।
ਮੰਦਰ ਪ੍ਰਬੰਧਨ ਦੇ ਸਟਾਫ ਨੇ ਕੀਤੀ ਬਦਸਲੂਕੀ।
ਵੀਡੀਓ ਰਿਕਾਰਡ ਕਰ ਆਖੀਆਂ ਇਹ ਗੱਲਾਂ
ਤਿਰੂਪਤੀ ਬਾਲਾਜੀ ਮੰਦਰ ’ਚ ਟਿਕਟ ਨੂੰ ਲੈ ਕੇ ਹੋਈ ਗਰਮਾ-ਗਰਮੀ ਦੀ ਅਰਚਨਾ ਨੇ ਇਕ ਵੀਡੀਓ ਸਾਂਝੀ ਕੀਤੀ। ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਜਿਵੇਂ ਹੀ ਅਰਚਨਾ ਵੀਡੀਓ ਬਣਾਉਣਾ ਸ਼ੁਰੂ ਕਰਦੀ ਹੈ, ਕੋਈ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਅਰਚਨਾ ਵੀਡੀਓ ਬਣਾਉਣਾ ਜਾਰੀ ਰੱਖਦੀ ਹੈ।
ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਅਰਚਨਾ ਨੇ ਲਿਖਿਆ, ‘‘ਭਾਰਤ ਦੇ ਹਿੰਦੂ ਧਾਰਮਿਕ ਅਸਥਾਨ ਲੁੱਟ ਦਾ ਅੱਡਾ ਬਣ ਚੁੱਕੇ ਹਨ। ਧਰਮ ਦੇ ਨਾਂ ’ਤੇ ਤਿਰੂਪਤੀ ਬਾਲਾਜੀ ’ਚ ਮਹਿਲਾਵਾਂ ਨਾਲ ਮਾੜਾ ਸਲੂਕ ਕਰਦੇ ਹਨ। ਇਹ ਟੀ. ਟੀ. ਡੀ. ਦੇ ਕਰਮਚਾਰੀ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਆਂਧਰ ਪ੍ਰਦੇਸ਼ ਦੀ ਸਰਕਾਰ ਨੂੰ ਬੇਨਤੀ ਕਰਦੀ ਹਾਂ ਤੇ ਇਹ ਵੀ. ਆਈ. ਪੀ. ਦਰਸ਼ਨ ਦੇ ਨਾਂ ’ਤੇ 10,500 ਇਕ ਵਿਅਕਤੀ ਤੋਂ ਲੈਂਦੇ ਹਨ। ਇਸ ਨੂੰ ਲੁੱਟਣਾ ਬੰਦ ਕਰੋ।’’
ਮੰਦਰ ਪ੍ਰਬੰਧਨ ਨੇ ਦਿੱਤੀ ਇਹ ਸਫਾਈ
ਅਰਚਨਾ ਦੇ ਦੋਸ਼ਾਂ ਦਾ ਤਿਰੂਪਤੀ ਬਾਲਾਜੀ ਮੰਦਰ ਪ੍ਰਬੰਧਨ ਨੇ ਖੰਡਨ ਕੀਤਾ ਹੈ। ਮੰਦਰ ਪ੍ਰਬੰਧਨ ਨੇ ਕਿਹਾ ਕਿ ਅਦਾਕਾਰਾ ਅਰਚਨਾ ਗੌਤਮ ਦਾ ਮੰਦਰ ਦੇ ਕਰਮਚਾਰੀਆਂ ’ਤੇ ਹਮਲਾ ਨਿੰਦਣਯੋਗ ਹੈ। ਮੰਦਰ ਪ੍ਰਬੰਧਨ ਨੇ ਕਿਹਾ, ‘‘ਅਦਾਕਾਰਾ ਅਰਚਨਾ ਗੌਤਮ, ਸ਼ਿਵਕਾਂਤ ਤਿਵਾਰੀ ਸਮੇਤ 7 ਲੋਕਾਂ ਨਾਲ ਦਰਸ਼ਨ ਲਈ 31 ਅਗਸਤ ਨੂੰ ਆਈ ਸੀ। ਅਰਚਨਾ ਆਪਣੇ ਨਾਲ ਕੇਂਦਰੀ ਸਹਾਇਕ ਮੰਤਰੀ ਦੀ ਸਿਫਾਰਿਸ਼ ਚਿੱਠੀ ਵੀ ਲਿਆਈ ਸੀ। ਸ਼ਿਵਕਾਂਤ ਤਿਵਾਰੀ ਦੇ ਮੋਬਾਇਲ ਨੰਬਰ ’ਤੇ 300 ਰੁਪਏ ਦੀ ਦਰਸ਼ਨ ਟਿਕਟ ਕਬੂਲ ਕਰਨ ਦਾ ਸੁਨੇਹਾ ਭੇਜਿਆ ਗਿਆ ਪਰ ਉਨ੍ਹਾਂ ਨੇ ਇਸ ਨੂੰ ਕਬੂਲ ਨਹੀਂ ਕੀਤਾ ਤੇ ਉਪਰਲੇ ਦਫ਼ਤਰ ਚਲੇ ਗਏ।’’

ਮੰਦਰ ਪ੍ਰਬੰਧਨ ਨੇ ਅੱਗੇ ਕਿਹਾ, ‘‘ਟਿਕਟ ਖਰਦੀਣ ਦਾ ਸਮਾਂ ਪਹਿਲਾਂ ਖ਼ਤਮ ਹੋ ਗਿਆ ਸੀ। ਇਹ ਦੱਸਣ ’ਤੇ ਅਰਚਨਾ ਗੌਤਮ ਨੇ ਆਪਣਾ ਆਪਾ ਗੁਆ ਲਿਆ ਤੇ ਕਰਮਚਾਰੀਆਂ ਨਾਲ ਮਾੜਾ ਵਿਵਹਾਰ ਕੀਤਾ। ਸ਼ਿਵਕਾਂਤ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਕਰਮਚਾਰੀ ਨੇ ਉਨ੍ਹਾਂ ਦੀ ਡਿਟੇਲ ਲੈ ਕੇ ਦੂਜੀ ਵਾਰ 300 ਰੁਪਏ ਦੀ ਟਿਕਟ ਜਾਰੀ ਕੀਤੀ ਪਰ ਅਰਚਨਾ ਗੌਤਮ ਨੇ ਉਸ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ।’’

ਥਾਣੇ ’ਚ ਦਿੱਤੀ ਝੂਠੀ ਸ਼ਿਕਾਇਤ
ਮੰਦਰ ਪ੍ਰਬੰਧਨ ਮੁਤਾਬਕ, ‘‘ਟੂ ਟਾਊਨ ਥਾਣੇ ’ਚ ਸਾਡੇ ਕਰਮਚਾਰੀਆਂ ਖ਼ਿਲਾਫ਼ ਬਦਸਲੂਕੀ ਦੀ ਝੂਠੀ ਸ਼ਿਕਾਇਤ ਕੀਤੀ ਗਈ। ਸਾਡੇ ਕਰਮਚਾਰੀ ਨੇ ਉਸ ਨੂੰ ਸਿਰਫ ਸਲਾਹ ਦਿੱਤੀ ਸੀ ਕਿ ਜੇਕਰ ਉਹ 1 ਸਤੰਬਰ ਨੂੰ ਵੀ. ਆਈ. ਪੀ. ਦਰਸ਼ਨ ਕਰਨਾ ਚਾਹੁੰਦੀ ਹੈ ਤਾਂ 10,500 ਰੁਪਏ ਦੀ ਵੀ. ਆਈ. ਪੀ. ਟਿਕਟ ਲੈ ਸਕਦੀ ਹੈ ਪਰ ਉਸ ਨੇ ਇਹ ਸਮਝ ਲਿਆ ਕਿ ਉਸ ਕੋਲੋਂ ਰਿਸ਼ਵਤ ਮੰਗੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਅਭਿਸ਼ੇਕ ਹੋਣ ਕਾਰਨ ਵਧੇਰੇ ਸਮਾਂ ਲੱਗਦਾ ਹੈ। ਇਸ ਲਈ ਪ੍ਰਬੰਧਨ ਮੰਗਲਵਾਰ ਤੇ ਸ਼ੁੱਕਰਵਾਰ ਨੂੰ ‘ਬ੍ਰੇਕ ਦਰਸ਼ਨ ਚਿੱਠੀ’ ਕਬੂਲ ਨਹੀਂ ਕਰਦਾ ਹੈ। ਅਰਚਨਾ ਨੇ ਸ਼ੁੱਕਰਵਾਰ ਸਵੇਰ ਨੂੰ ਅਰਜ਼ੀ ਦਿੱਤੀ ਸੀ। ਇਸ ਲਈ ਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਸ ਨੇ ਟੀ. ਟੀ. ਡੀ. ਦਫ਼ਤਰ ’ਚ ਪਹੁੰਚ ਕੇ ਹਲਚਲ ਕੀਤੀ। ਕਰਮਚਾਰੀਆਂ ਨੂੰ ਵੀ ਧੱਕਾ ਦਿੱਤਾ। ਹਾਲਾਂਕਿ ਉਸ ਨੂੰ ਦਰਸ਼ਨ ਕਰ ਦਿੱਤੇ ਗਏ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਨਿਲ ਕਪੂਰ ਨੇ ਪਾਕਿਸਤਾਨ ’ਚ ਹੜ੍ਹਾਂ ਲਈ ਦਾਨ ਕੀਤੇ 5 ਕਰੋੜ ਰੁਪਏ!
NEXT STORY