‘ਬਨੂੰ ਮੈਂ ਤੇਰੀ ਦੁਲਹਨ’ ਤੋਂ ਲੈ ਕੇ ‘ਯੇ ਹੈ ਮੁਹੱਬਤੇਂ’ ਵਰਗੇ ਟੀ. ਵੀ. ਲੜੀਵਾਰਾਂ ਨਾਲ ਦਰਸ਼ਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਉਣ ਵਾਲੀ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹੈ। ਉਹ ਛੇਤੀ ਹੀ ਸੋਨੀ ਲਿਵ ਦੀ ਆਉਣ ਵਾਲੀ ਸੀਰੀਜ਼ ‘ਅਦ੍ਰਿਸ਼ਯਮ - ਦਿ ਇਨਵਿਜ਼ੀਬਲ ਹੀਰੋ’ ’ਚ ਐਕਸ਼ਨ ਅਵਤਾਰ ’ਚ ਨਜ਼ਰ ਆਉਣ ਵਾਲੀ ਹੈ। ਇਸ ਸੀਰੀਜ਼ ’ਚ ਉਨ੍ਹਾਂ ਨਾਲ ਏਜਾਜ਼ ਖ਼ਾਨ ਵੀ ਅਹਿਮ ਭੂਮਿਕਾ ’ਚ ਦਿਖਾਈ ਦੇਣਗੇ। ਆਈ. ਬੀ. ਅਧਿਕਾਰੀਆਂ ਦੀ ਜ਼ਿੰਦਗੀ ’ਤੇ ਆਧਾਰਿਤ ਇਸ ਸੀਰੀਜ਼ ਨੂੰ ਸਚਿਨ ਪਾਂਡੇ ਨੇ ਨਿਰਦੇਸ਼ਤ ਕੀਤਾ ਹੈ, ਜੋ 11 ਅਪ੍ਰੈਲ ਨੂੰ ਪ੍ਰਸਾਰਿਤ ਹੋਵੇਗੀ। ਇਸ ਸਬੰਧੀ ਦਿਵਿਆਂਕਾ ਤ੍ਰਿਪਾਠੀ ਤੇ ਏਜਾਜ਼ ਖ਼ਾਨ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਦੇ ਮੁੱਖ ਅੰਸ਼ ...
ਦਿਵਿਆਂਕਾ ਤ੍ਰਿਪਾਠੀ
ਪ੍ਰ. ਸੀਰੀਜ਼ ’ਚ ਬਿਹਤਰ ਐਕਸ਼ਨ ਕਿਸ ਨੇ ਕੀਤਾ ਹੈ, ਤੁਸੀਂ ਜਾਂ ਏਜਾਜ਼ ਖ਼ਾਨ ਨੇ?
ਇਸ ਸ਼ੋਅ ’ਚ ਸਭ ਕੁਝ ਉਲਟ ਹੈ ਕਿਉਂਕਿ ਐਕਸ਼ਨ ਸਿਰਫ਼ ਮੈਂ ਕੀਤਾ ਹੈ। ਇਸ ਲਈ ਤੁਹਾਨੂੰ ਇਹ ਸ਼ੋਅ ਦੇਖਣਾ ਹੀ ਪਵੇਗਾ। ਹੁਣ ਤੱਕ ਜਿੰਨੇ ਵੀ ਪ੍ਰੋਟੋਕੋਲ ਬਣ ਚੁੱਕੇ ਹਨ, ਇਹ ਸ਼ੋਅ ਸਾਰਿਆਂ ਨੂੰ ਗ਼ਲਤ ਸਾਬਤ ਕਰਦਾ ਹੈ, ਜਿਸ ’ਚ ਮੁੰਡਾ ਐਕਸ਼ਨ ਕਰਦਾ ਹੈ ਤੇ ਕੁੜੀ ਬੈਕਗਰਾਊਂਡ ’ਚ ਹੁੰਦੀ ਹੈ। ਸਾਡੇ ਸ਼ੋਅ ਵਿਚ ਅਜਿਹਾ ਨਹੀਂ ਹੈ। ਅਸੀਂ ਅੰਡਰਕਵਰ ਅਫ਼ਸਰ ਹਾਂ ਅਤੇ ਇਕ ਏਜੰਸੀ ’ਚ ਕੰਮ ਕਰਦੇ ਹਾਂ। ਸਿਰਫ਼ ਨਾਂ ਲਈ ਅਸੀਂ ਮੌਸਮ ਵਿਭਾਗ ’ਚ ਕੰਮ ਕਰ ਰਹੇ ਹਾਂ ਪਰ ਅਸਲ ’ਚ ਦੇਸ਼ ਨੂੰ ਬਚਾ ਰਹੇ ਹੁੰਦੇ ਹਾਂ। ਮੇਰੇ ਕਿਰਦਾਰ ਦਾ ਨਾਂ ਪਾਰਵਤੀ ਹੈ, ਜੋ ਇਕ ਮਾਂ ਵੀ ਹੈ, ਇਕ ਨੂੰਹ ਵੀ। ਦੂਜੇ ਪਾਸੇ ਉਹ ਬਹੁਤ ਦਲੇਰ ਅਫ਼ਸਰ ਹੈ। ਉਹ ਘਰ ’ਚ ਸਾਰਿਆਂ ਦਾ ਧਿਆਨ ਰੱਖਦੀ ਹੈ ਅਤੇ ਨਾਲ ਹੀ ਉਸ ਨੂੰ ਆਪਣੇ ਦੇਸ਼ ਦੀ ਚਿੰਤਾ ਵੀ ਹੈ। ਮੈਂ ਵੀ ਨਹੀਂ ਸੋਚਿਆ ਸੀ ਕਿ ਇਸ ਕਿਰਦਾਰ ਨੂੰ ਇੰਨੀ ਖ਼ੂਬਸੂਰਤੀ ਨਾਲ ਲਿਖਿਆ ਜਾਵੇਗਾ।
ਪ੍ਰ. ‘ਬਨੂੰ ਮੈਂ ਤੇਰੀ ਦੁਲਹਨ’ ਤੋਂ ਸੁਪਰਵੂਮੈਨ ਬਣਨਾ, ਦੋਵਾਂ ’ਚ ਕੀ ਸਭ ਤੋਂ ਮੁਸ਼ਕਲ ਰਿਹਾ?
ਮੇਰੇ ਲਈ ਦੋਵੇਂ ਇਕ ਬਰਾਬਰ ਹੀ ਸਨ। ‘ਬਨੂੰ ਮੈਂ ਤੇਰੀ ਦੁਲਹਨ’ ’ਚ ਮੈਨੂੰ ਉਹ ਬਣਨਾ ਪਿਆ, ਜੋ ਉਦੋਂ ਨਹੀਂ ਸੀ। ਹਾਲਾਂਕਿ ਮੈਂ ਇਹ ਗੱਲ ਕਈ ਵਾਰ ਦੱਸ ਚੁੱਕੀ ਹਾਂ ਕਿ ਮੈਂ ਫ਼ੌਜ ’ਚ ਭਰਤੀ ਹੋਣਾ ਚਾਹੁੰਦੀ ਸੀ। ਮੇਰੀ ਬਾਡੀ ਲੈਂਗੂਏਂਜ਼ ਵੀ ਉਸ ਸਮੇਂ ਵੱਖਰੀ ਸੀ ਬਿਲਕੁਲ ਜਵਾਨਾਂ ਵਾਂਗ ਅਤੇ ਮੇਰਾ ਪਹਿਲਾ ਕਿਰਦਾਰ ਜੋ ਮੈਂ ਉਸ ਸੀਰੀਅਲ ’ਚ ਵਿੱਦਿਆ ਦਾ ਨਿਭਾਇਆ ਸੀ, ਉਹ ਬਹੁਤ ਸ਼ਾਂਤ, ਸਹਿਮੀ, ਡਰੀ ਹੋਈ, ਅਨਪੜ੍ਹ ਤੇ ਪਿੰਡ ਦੀ ਕੁੜੀ ਸੀ, ਇਸ ਲਈ ਮੈਨੂੰ ਆਪਣੀ ਸਾਰੀ ਬਾਡੀ ਲੈਂਗੂਏਂਜ਼ ਬਦਲਣੀ ਪਈ। ਇਹ ਆਪਣੇ-ਆਪ ’ਚ ਇਕ ਔਖਾ ਸਫ਼ਰ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇੰਨੇ ਸਾਲਾਂ ’ਚ ਮੈਨੂੰ ਅਜਿਹਾ ਰੋਲ ਕਦੇ ਨਹੀਂ ਮਿਲਿਆ ਅਤੇ ਹੁਣ ਜਦੋਂ ਮੈਂ ਇੰਨੀ ਪੁਰਾਣੀ ਹੋ ਗਈ ਹਾਂ ਤਾਂ ਹੁਣ ਮੈਨੂੰ ਇਹ ਰੋਲ ਮਿਲਿਆ ਹੈ। ਇਸ ਲਈ ਮੈਨੂੰ ਮੁੜ ਆਪਣੇ ਅੰਦਰ ਸਭ ਕੁਝ ‘ਪਾਉਣਾ’ ਪਿਆ। ਮੈਨੂੰ ਸਿਖਲਾਈ ਲੈਣੀ ਪਈ ਤਾਂ ਕਿ ਐਕਸ਼ਨ ਕਰਨ ਲਈ ਮੇਰੀ ਬਾਡੀ ਤਿਆਰ ਰਹੇ। ਇਸ ਲਈ ਉਹ ਮੁਸ਼ਕਲ ਵੀ ਸੀ ਅਤੇ ਇਹ ਵੀ ਮੁਸ਼ਕਲ ਹੈ ਪਰ ਮਜ਼ਾ ਦੋਵਾਂ ’ਚ ਆਇਆ।
ਪ੍ਰ: ਐਕਸ਼ਨ ਕਰਦੇ ਸਮੇਂ ਤੁਸੀਂ ਕਿਵੇਂ ਦਾ ਮਹਿਸੂਸ ਕੀਤਾ ਅਤੇ ਇਸ ਕਿਰਦਾਰ ਤੋਂ ਤੁਸੀਂ ਕੀ ਸਿੱਖਿਆ?
ਮੈਨੂੰ ਅਲੋਕਾ ਜੀ ਨੇ ਸਿਖਲਾਈ ਦਿੱਤੀ ਸੀ ਅਤੇ ਉਸ ਸਮੇਂ ਮੈਨੂੰ ਕਿਹਾ ਗਿਆ ਸੀ ਕਿ ਇਹ ਕਿਰਦਾਰ ਬਹੁਤ ਹੀ ਆਮ ਲੋਕਾਂ ਵਰਗਾ ਹੋਣਾ ਚਾਹੀਦਾ ਹੈ। ਇਸ ਲਈ ਅਸੀਂ ਉਨ੍ਹਾਂ ਚੀਜ਼ਾਂ ਦਾ ਤਾਂ ਧਿਆਨ ਰੱਖਿਆ ਹੀ ਤੇ ਨਾਲ ਹੀ ਇਹ ਵੀ ਕੋਸ਼ਿਸ਼ ਕੀਤੀ ਕਿ ਸਿਰਫ਼ ਫੀਲਡ ਵਰਕ ਦਾ ਪ੍ਰੈਸ਼ਰ ਜਾਂ ਤਣਾਅ ਹੀ ਨਾ ਦਿਖਾਇਆ ਜਾਵੇ ਸਗੋਂ ਘਰ ਅਤੇ ਕੰਮ ਦੋਵਾਂ ਨੂੰ ਵਧੀਆ ਤਰੀਕੇ ਨਾਲ ਬੈਲੇਂਸ ਕਰ ਕੇ ਦਿਖਾਇਆ ਜਾਵੇ। ਪਾਰਵਤੀ ਮਲਟੀ-ਟਾਸਕਿੰਗ ਹੈ, ਉਹ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਬਹੁਤ ਵਧੀਆ ਢੰਗ ਨਾਲ ਜਿਉਂਦੀ ਹੈ ਜਦ ਕਿ ਅਪਰਾਧੀਆਂ ਨਾਲ ਉਸ ਦਾ ਵਿਵਹਾਰ ਵੱਖਰਾ ਹੁੰਦਾ ਹੈ। ਜਿਥੇ ਰਵੀ ਵਰਮਾ ਨੂੰ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਸੁਧਾਰਿਆ ਜਾ ਸਕਦਾ ਹੈ, ਉੱਥੇ ਪਾਰਵਤੀ ਨੂੰ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਜਿਉਣ ਦਾ ਹੀ ਹੱਕ ਨਹੀਂ ਹੈ। ਇਸ ਲਈ ਅਸੀਂ ਦੋਵੇਂ ਕਾਫ਼ੀ ਵੱਖਰੇ ਹਾਂ।
ਪ੍ਰ: ਸੀਰੀਜ਼ ’ਚ ਤੁਸੀਂ ਦੋ ਤਰ੍ਹਾਂ ਦੀ ਜ਼ਿੰਦਗੀ ਜੀਅ ਰਹੇ ਹੋ, ਅਸਲ ’ਚ ਵੀ ਅਜਿਹਾ ਹੀ ਹੈ। ਅਜਿਹੀ ਸਥਿਤੀ ’ਚ ਤੁਹਾਨੂੰ ਦੋਵਾਂ ’ਚ ਕੀ ਬਰਾਬਰੀ ਨਜ਼ਰ ਆਈ?
ਇਸ ’ਚ ਇਕ ਤੀਜੀ ਲਾਈਫ ਹੋਰ ਹੈ, ਜੋ ਸਾਨੂੰ ਅਲੋਕਾ ਪ੍ਰਭਾਕਰ ਜੀ ਨੇ ਸਿਖਾਈ ਸੀ ਕਿ ਅਸੀਂ ਤਿੰਨ ਜ਼ਿੰਦਗੀਆਂ ਇਕੋ ਸਮੇਂ ਜੀਅ ਰਹੇ ਹੁੰਦੇ ਹਾਂ। ਇਕ ਪਰਿਵਾਰਕ ਜੀਵਨ ਹੈ, ਜੋ ਝੂਠ ਨਾਲ ਭਰਿਆ ਹੋਇਆ ਹੈ, ਜਿਥੇ ਤੁਸੀਂ ਹਰ ਸੱਚ ਨਹੀਂ ਦੱਸ ਸਕਦੇ ਕਿ ਤੁਸੀਂ ਅੱਜ ਕਿਹੜਾ ਮਿਸ਼ਨ ਕਰ ਕੇ ਆ ਰਹੇ ਹੋ, ਤੁਸੀਂ ਕਿਹੜਾ ਕੰਮ ਕੀਤਾ ਹੈ। ਇਕ ਤੁਹਾਡੀ ਦਫ਼ਤਰੀ ਜ਼ਿੰਦਗੀ ਦਾ ਹੈ, ਜਿਥੇ ਤੁਸੀਂ ਇਨ੍ਹਾਂ ਮਿਸ਼ਨਾਂ ’ਚ ਰੁੱਝੇ ਹੋਏ ਹੋ, ਹਮਲਿਆਂ ਨੂੰ ਰੋਕਣਾ ਅਤੇ ਜਾਂਚ ਕਰਨਾ। ਤੀਜੀ ਉਹ ਜ਼ਿੰਦਗੀ ਹੈ, ਜਦੋਂ ਤੁਹਾਨੂੰ ਅਸਲ ਜ਼ਿੰਦਗੀ ’ਚ ਜਿਉਣ ਦਾ ਮੌਕਾ ਨਹੀਂ ਮਿਲਦਾ।
ਪ੍ਰ. ਤੁਸੀਂ ਆਨਸਕਰੀਨ ਤੋਂ ਕਿੰਨੇ ਵੱਖਰੇ ਹੋ? ਕੀ ਤੁਹਾਨੂੰ ਗੁੱਸਾ ਵੀ ਆਉਂਦਾ ਹੈ?
ਹਾਂ... ਜਦੋਂ ਮੈਨੂੰ ਗੁੱਸਾ ਆਉਂਦਾ ਹੈ ਤਾਂ ਮੈਂ ਤੁਰੰਤ ਇਸ ਨੂੰ ਬਾਹਰ ਕੱਢ ਦਿੰਦੀ ਹਾਂ ਅਤੇ ਅੱਗੇ ਵਧ ਜਾਂਦੀ ਹਾਂ। ਮੈਂ ਇਸ ਨੂੰ ਆਪਣੇ ਅੰਦਰ ਨਹੀਂ ਰੱਖਦੀ, ਇਸ ਲਈ ਮੈਂ ਆਪਣੇ ਨਾਲ ਕੋਈ ਬੋਝ ਲੈ ਕੇ ਨਹੀਂ ਚੱਲਦੀ। ਇਸੇ ਲਈ ਮੈਂ ਮੁਸਕਰਾ ਸਕਦੀ ਹਾਂ। ਤੁਹਾਨੂੰ ਪਤਾ ਹੈ ਕਿ ਕਈ ਸਾਲਾਂ ਤੱਕ ਲੋਕਾਂ ਨੂੰ ਇਹੋ ਲੱਗਦਾ ਰਿਹਾ ਸੀ ਕਿ ਮੈਂ ਹੱਸਣ ਦੀ ਐਕਟਿੰਗ ਕਰ ਰਹੀ ਹਾਂ। ਉਨ੍ਹਾਂ ਦਾ ਮੰਨਣਾ ਸੀ ਕਿ ਅਸਲ ’ਚ ਮੈਂ ਇਸ ਤਰ੍ਹਾਂ ਦੀ ਨਹੀਂ ਹਾਂ, ਦਿਲ ਤੋਂ ਪਿਆਰੀ ਅਤੇ ਮਿੱਠੀ ਨਹੀਂ ਹਾਂ ਪਰ ਯਾਰ ਮੈਂ ਕਿੰਨੇ ਸਾਲਾਂ ਤੱਕ ਐਕਟਿੰਗ ਕਰਾਂਗੀ।
ਮੈਂ ਉਹੋ ਕਰਦਾ ਹਾਂ ਜੋ ਮੈਂ ਕਰਨਾ ਹੈ : ਏਜਾਜ਼ ਖ਼ਾਨ
ਪ੍ਰ: ਇਸ ਸੀਰੀਜ਼ ’ਚ ਤੁਹਾਡੇ ਲਈ ਸਬਜ਼ੀਆਂ ਖ਼ਰੀਦਣਾ ਜ਼ਿਆਦਾ ਮੁਸ਼ਕਲ ਸੀ ਜਾਂ ਇਕ ਅੰਡਰਕਵਰ ਅਫ਼ਸਰ ਬਣਨਾ?
ਹੱਸਦੇ ਹੋਏ ...ਬਹੁਤ ਔਖਾ ਹੈ। ਇਸ ਸ਼ੋਅ ’ਚ ਮੈਂ ਉਹੋ ਕਰਦਾ ਹਾਂ। ਸਿਰਫ਼ ਸਬਜ਼ੀ ਖ਼ਰੀਦਦਾ ਹਾਂ ਤੇ ਘਰ ਜਾਂਦਾ ਹਾਂ। ਸੱਚ ਕਹਾਂ ਤਾਂ ਹੁਣ ਤੱਕ ਬਹੁਤ ਐਕਸ਼ਨ ਕੀਤਾ ਹੈ। ਮਜ਼ਾ ਆਉਂਦਾ ਹੈ ਐਕਸ਼ਨ ਕਰਨ ’ਚ ਪਰ ਇਸ ਸ਼ੋਅ ’ਚ ਰਵੀ ਵਰਮਾ ਦੀ ਭੂਮਿਕਾ ਲਈ ਮੈਨੂੰ ਐਕਸ਼ਨ ਕਰਨ ਦੀ ਲੋੜ ਨਹੀਂ ਪਈ। ਇੰਟੈਲੀਜੈਂਸ ਅਧਿਕਾਰੀ ਹਮੇਸ਼ਾ ਬੈਕਗਰਾਊਂਡ ’ਚ ਹੁੰਦੇ ਹਨ, ਉਨ੍ਹਾਂ ਦਾ ਕੰਮ ਬੋਲਦਾ ਹੈ ਕਿ ਉਹ ਸਾਹਮਣੇ ਨਾ ਆਉਣ। ਜੇ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਰਿਟਾਇਰ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਆਪਣੀ ਨੌਕਰੀ ਵਿਚ ਅਸਫਲ ਰਹਿੰਦੇ ਹਨ। ਇਸੇ ਤਰ੍ਹਾਂ ਸਾਨੂੰ ਵੀ ਬੈਕਗਰਾਊਂਡ ’ਚ ਜਾਂ ਅਦ੍ਰਿਸ਼ ਰਹਿਣਾ ਪੈਂਦਾ ਹੈ। ਇਸ ਲਈ ਰਵੀ ਵਰਮਾ ਆਪਣੀ ਪਤਨੀ, ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਆਪਣੇ ਕੰਮ ਬਾਰੇ ਨਹੀਂ ਦੱਸ ਸਕਦਾ। ਸਿਰਫ਼ ਪਾਰਵਤੀ ਹੀ ਉਸ ਦੀ ਅਜਿਹੀ ਦੋਸਤ ਹੈ, ਜਿਸ ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਸਾਂਝੀ ਕਰਦਾ ਹੈ। ਇਥੇ ਮੈਂ ਐਕਸ਼ਨ ਇਸ ਲਈ ਨਹੀਂ ਕਰਦਾ ਕਿਉਂਕਿ ਰਵੀ ਵਰਮਾ ਇੰਨਾ ਭਰੋਸਾ ਨਹੀਂ ਕਰਦਾ ਕਿ ਉਹ ਹਰ ਗੱਲ ’ਤੇ ਪਿਸਤੌਲ ਕੱਢ ਲਵੇ। ਇਸ ਕਿਰਦਾਰ ਵਿਚ ਮਨੁੱਖਤਾ ਅਤੇ ਵਿਸ਼ਵਾਸ ਹੈ। ਉਹ ਹਰ ਵਿਅਕਤੀ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਕਿ ਉਨ੍ਹਾਂ ਵਿਚ ਚੰਗਿਆਈ ਹੈ ਅਤੇ ਉਨ੍ਹਾਂ ਨੂੰ ਸਹੀ ਰਸਤੇ ’ਤੇ ਲਿਆਂਦਾ ਜਾ ਸਕਦਾ ਹੈ। ਬਤੌਰ ਐਕਟਰ ਸਾਡੇ ਲਈ ਅਜਿਹੇ ਕਿਰਦਾਰ ਬਹੁਤ ਜ਼ਰੂਰੀ ਹਨ ਕਿਉਂਕਿ ਅਸੀਂ ਪਰਦੇ ’ਤੇ ਅਜਿਹੇ ਕਈ ਅਫ਼ਸਰਾਂ ਨੂੰ ਦੇਖਿਆ ਹੈ ਜੋ ਐਕਸ਼ਨ ਕਰਦੇ ਹਨ, ਕਾਨੂੰਨ ਦੀ ਤਾਕਤ ਉਨ੍ਹਾਂ ਦੇ ਹੱਥਾਂ ’ਚ ਹੁੰਦੀ ਹੈ।
ਪ੍ਰ. ਕੀ ਦਿਵਿਆਂਕਾ ਸੈੱਟ ’ਤੇ ਅੰਡਰਕਵਰ ਏਜੰਟਾਂ ਤੋਂ ਟ੍ਰੇਨਿੰਗ ਲੈਂਦੀ ਸੀ ਜਾਂ ਤੁਸੀਂ ਉਨ੍ਹਾਂ ਨੂੰ ਟ੍ਰੇਨਿੰਗ ਦਿੰਦੇ ਸੀ?
ਅਸੀਂ ਇਕ ਅੰਡਰਕਵਰ ਏਜੰਟ ਤੋਂ ਟ੍ਰੇਨਿੰਗ ਲਈ ਹੈ। ਉਨ੍ਹਾਂ ਦਾ ਨਾਂ ਆਲੋਕਾ ਜੀ ਹੈ, ਉਹ 25 ਸਾਲ ਇਸ ਇੰਡਸਟਰੀ ’ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਕੁਝ ਕਿਤਾਬਾਂ ਵੀ ਲਿਖੀਆਂ ਹਨ। ਉਨ੍ਹਾਂ ਨੂੰ ਐਵਾਰਡ ਵੀ ਮਿਲ ਚੁੱਕੇ ਹਨ। ਅਸੀਂ ਖ਼ੁਸ਼ਕਿਸਮਤ ਹਾਂ ਕਿ ਉਨ੍ਹਾਂ ਨੇ ਸਾਨੂੰ ਗਾਈਡ ਕੀਤਾ ਹੈ। ਜਦੋਂ ਮੈਂ ਇਹ ਸ਼ੋਅ ਸਾਈਨ ਕੀਤਾ ਸੀ ਤਾਂ ਇਸ ਕਿਰਦਾਰ ਅਤੇ ਸ਼ੋਅ ਬਾਰੇ ਮੇਰੀ ਸੋਚ ਵੱਖਰੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਹੁਤ ਕੁਝ ਸਹੀ ਕੀਤਾ ਅਤੇ ਸਿਖਾਇਆ ਕਿ ਅੰਡਰਕਵਰ ਏਜੰਟ ਕਿਵੇਂ ਰਹਿੰਦੇ ਹਨ, ਉਹ ਕਿਵੇਂ ਕੰਮ ਕਰਦੇ ਹਨ ਅਤੇ ਉਹ ਕਿਸ ਤਰ੍ਹਾਂ ਹਾਲਾਤ ਮੁਤਾਬਕ ਖ਼ੁਦ ਨੂੰ ਢਾਲ ਲੈਂਦੇ ਹਨ।
ਪ੍ਰ. ਸ਼ੁਰੂਆਤ ’ਚ ਤੁਹਾਨੂੰ ਇੰਡਸਟਰੀ ਦੇ ਲੋਕਾਂ ਤੋਂ ਕੀ ਸਲਾਹ ਮਿਲਦੀ ਸੀ?
ਮੈਨੂੰ ਯਾਦ ਹੈ ਕਿ ਆਮ ਤੌਰ ’ਤੇ ਕੋਈ ਵੀ ਮੈਨੂੰ ਸਲਾਹ ਨਹੀਂ ਦਿੰਦਾ ਕਿਉਂਕਿ ਮੈਂ ਮੰਨਦਾ ਨਹੀਂ ਹਾਂ, ਮੈਂ ਉਹੀ ਕਰਦਾ ਹਾਂ ਜੋ ਮੈਂ ਕਰਨਾ ਹੈ। ਹਾਂ, ਜੀਤੂ ਜੀ ਨੇ ਇਕ ਵਾਰ ਮੈਨੂੰ ਫੋਨ ਕਰ ਕੇ ਕਿਹਾ ਸੀ ਕਿ ਬੇਟਾ ਕੰਮ ਤੋਂ ਕਦੇ ਵੀ ਛੁੱਟੀ ਨਾ ਮੰਗੀਂ, ਜਿਸ ਦਿਨ ਮਿਲ ਗਈ ਤੈਨੂੰ ਪਛਤਾਉਣਾ ਪਵੇਗਾ। ਅਸੀਂ ਲਗਭਗ 60-70 ਘੰਟੇ ਸ਼ੂਟਿੰਗ ਕਰ ਰਹੇ ਸੀ, ਇਸ ਲਈ ਮੈਨੂੰ ਯਾਦ ਹੈ ਕਿ ਉਨ੍ਹਾਂ ਨੇ ਸਾਡੇ ਕੰਮ ਦੀ ਕਿੰਨੀ ਸ਼ਲਾਘਾ ਕੀਤੀ ਸੀ ਕਿ ਅਸੀਂ ਕਿੰਨੀ ਮਿਹਨਤ ਕਰ ਰਹੇ ਹਾਂ।
ਸਿੱਧੂ ਮੂਸੇਵਾਲਾ ਦਾ ਅਧੂਰਾ ਸੁਫ਼ਨਾ ਪੂਰਾ ਕਰਨਗੇ ਬਾਪੂ ਬਲਕੌਰ ਸਿੰਘ (ਵੀਡੀਓ)
NEXT STORY