ਲਾਸ ਏਂਜਲਸ (ਏਜੰਸੀ)- ਪਾਇਲ ਕਪਾੜੀਆ ਦੀ ਫਿਲਮ 'ਆਲ ਵੀ ਇਮੇਜਿਨ ਐਜ਼ ਲਾਈਟ' ਨੂੰ ਸਰਵੋਤਮ ਫਿਲਮ ਦੇ ਖਿਤਾਬ ਦੇ ਨਾਲ ਹੀ ਫਿਲਮ 'ਸੰਤੋਸ਼' ਦੀ ਅਦਾਕਾਰਾ ਸ਼ਹਾਨਾ ਗੋਸਵਾਮੀ ਅਤੇ ਇਸਦੀ ਨਿਰਦੇਸ਼ਕ ਸੰਧਿਆ ਸੂਰੀ ਨੂੰ 'ਏਸ਼ੀਅਨ ਫਿਲਮ ਐਵਾਰਡਜ਼ 2025' ਵਿੱਚ ਚੋਟੀ ਦੇ ਸਨਮਾਨਾਂ ਨਾਲ ਨਵਾਜਿਆ ਗਿਆ। 18ਵਾਂ ਪੁਰਸਕਾਰ ਸਮਾਰੋਹ ਐਤਵਾਰ ਨੂੰ ਹਾਂਗ ਕਾਂਗ ਦੇ ਪੱਛਮੀ ਕੌਲੂਨ ਸੱਭਿਆਚਾਰਕ ਜ਼ਿਲ੍ਹੇ ਦੇ ਜੀਕੂ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ। 'ਏਸ਼ੀਅਨ ਫਿਲਮ ਐਵਾਰਡਸ' ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਜੇਤੂਆਂ ਦੀ ਸੂਚੀ ਸਾਂਝੀ ਕੀਤੀ। ਇਸ ਸਮਾਗਮ ਵਿੱਚ ਪਾਇਲ ਕਪਾੜੀਆ ਦੀ 'ਆਲ ਵੀ ਇਮੇਜਿਨ ਐਜ਼ ਲਾਈਟ' ਨੂੰ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ।
ਇਸਦਾ ਮੁਕਾਬਲਾ 'ਬਲੈਕ ਡੌਗ' (ਚੀਨ), 'ਐਕਸਹੁਮਾ' (ਦੱਖਣੀ ਕੋਰੀਆ), 'ਟੇਕੀ ਕੋਮੇਥ' (ਜਾਪਾਨ) ਅਤੇ 'ਟਵਾਈਲਾਈਟ ਆਫ ਦਿ ਵਾਰੀਅਰਜ਼: ਵਾਲਡ ਇਨ' (ਹਾਂਗਕਾਂਗ) ਨਾਲ ਸੀ। ਇਸ ਤੋਂ ਇਲਾਵਾ, ਅਦਾਕਾਰਾ ਸ਼ਹਾਨਾ ਗੋਸਵਾਮੀ ਨੂੰ ਫਿਲਮ 'ਸੰਤੋਸ਼' ਵਿੱਚ ਸ਼ਾਨਦਾਰ ਭੂਮਿਕਾ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ ਅਤੇ ਸੂਰੀ ਨੂੰ ਇਸੇ ਫਿਲਮ ਲਈ ਸਰਵੋਤਮ ਡੈਬਿਊ ਨਿਰਦੇਸ਼ਕ ਦਾ ਪੁਰਸਕਾਰ ਵੀ ਮਿਲਿਆ। ਫਿਲਮ 'ਆਲ ਵੀ ਇਮੇਜਿਨ ਐਜ਼ ਲਾਈਟ' ਨੇ ਪਿਛਲੇ ਸਾਲ ਕਾਨਸ ਫਿਲਮ ਫੈਸਟੀਵਲ ਵਿੱਚ 'ਗ੍ਰੈਂਡ ਪ੍ਰਿਕਸ' ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਬਣ ਕੇ ਇਤਿਹਾਸ ਰਚਿਆ ਸੀ। ਇਹ ਮਲਿਆਲਮ-ਹਿੰਦੀ ਫਿਲਮ ਕੇਰਲ ਦੀਆਂ 2 ਨਰਸਾਂ, ਪ੍ਰਭਾ (ਕਾਨੀ ਕੁਸਰੁਤੀ) ਅਤੇ ਅਨੁ (ਦਿਵਿਆ ਪ੍ਰਭਾ) ਦੀ ਕਹਾਣੀ ਹੈ। ਫਿਲਮ 'ਸੰਤੋਸ਼' ਇੱਕ ਨਵੀਂ ਵਿਆਹੀ ਘਰੇਲੂ ਔਰਤ (ਗੋਸਵਾਮੀ) ਦੀ ਕਹਾਣੀ ਹੈ, ਜਿਸਨੂੰ ਆਪਣੇ ਮਰਹੂਮ ਪਤੀ ਦੀ ਪੁਲਸ ਕਾਂਸਟੇਬਲ ਦੀ ਨੌਕਰੀ ਮਿਲਦੀ ਹੈ ਅਤੇ ਉਹ ਇੱਕ ਕੁੜੀ ਦੇ ਕਤਲ ਦੀ ਜਾਂਚ ਵਿੱਚ ਉਲਝ ਜਾਂਦੀ ਹੈ।
ਸਲਮਾਨ ਖਾਨ ਤੇ ਰਸ਼ਮੀਕਾ ਮੰਦਾਨਾ ਸਟਾਰਰ ਫਿਲਮ ਸਿਕੰਦਰ ਦੇ ਨਵੇਂ ਗਾਣੇ 'ਸਿਕੰਦਰ ਨਾਚੇ' ਦਾ ਟੀਜ਼ਰ ਰਿਲੀਜ਼
NEXT STORY