ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੇ ਦੋਹਤੇ ਅਗਸਤਿਆ ਨੰਦਾ ਦੀ ਪਹਿਲੀ ਵੱਡੇ ਪਰਦੇ ਦੀ ਫਿਲਮ 'ਇੱਕੀਸ' ਦੀ ਰਿਲੀਜ਼ ਡੇਟ ਅੱਗੇ ਵਧਾਉਣ ਦਾ ਅਸਲੀ ਕਾਰਨ ਦੱਸਿਆ ਹੈ। ਇਹ ਫਿਲਮ ਪਹਿਲਾਂ 25 ਦਸੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਇਹ 1 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਇਸ ਫੈਸਲੇ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਨਿਰਮਾਤਾਵਾਂ ਨੇ ਇਹ ਕਦਮ ਬਾਕਸ ਆਫਿਸ 'ਤੇ 'ਧੁਰੰਧਰ' ਦੀ ਸਫਲਤਾ ਅਤੇ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਵਾਲੀ 'ਅਵਤਾਰ: ਫਾਇਰ ਐਂਡ ਐਸ਼' ਦੇ ਬਜ਼ ਤੋਂ ਬਚਣ ਲਈ ਚੁੱਕਿਆ ਹੈ। ਹਾਲਾਂਕਿ 83 ਸਾਲਾ ਸਰਗਰਮ ਅਦਾਕਾਰ ਅਮਿਤਾਭ ਬੱਚਨ, ਜੋ ਆਪਣੇ ਦੋਹਤੇ ਦੀ ਫਿਲਮ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ, ਨੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ।
ਬਿੱਗ ਬੀ ਨੇ ਦੱਸਿਆ 'ਸ਼ੁਭ ਸ਼ਗਨ' ਦਾ ਕਾਰਨ
ਅਮਿਤਾਭ ਬੱਚਨ ਨੇ ਅੱਜ (ਵੀਰਵਾਰ) ਸਵੇਰੇ ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਸਾਂਝੀ ਕਰਕੇ ਸਪੱਸ਼ਟ ਕੀਤਾ ਕਿ ਰਿਲੀਜ਼ ਡੇਟ ਵਿੱਚ ਤਬਦੀਲੀ ਦਾ ਕਾਰਨ ਸਿਰਫ਼ 'ਜੋਤਿਸ਼ ਵਿੱਦਿਆ' ਹੈ। ਬਿੱਗ ਬੀ ਨੇ ਲਿਖਿਆ, “ਇੱਕੀਸ ਪਹਿਲੇ ਪੱਚੀ (25) ਨੂੰ ਸੀ ਹੁਣ ਹੋਵੇਗੀ ਛੱਬੀ ('26) , ਪਹਿਲੀ (1) ਕੋ ; ਕੁਛ ਜੋਤਿਸ਼ ਵਿਦਿਆ ਵਾਲੇ ਕਹੇ, ਭਾਈ, ਸ਼ਗਨ ਹੈ ਅੱਛਾ, ਚਲੇ ਚਲੋ, ਬੱਸ ਚਲੇ ਚਲੋ !!"। ਇਸ ਟਵੀਟ ਦੇ ਜ਼ਰੀਏ ਬਿੱਗ ਬੀ ਨੇ ਉਨ੍ਹਾਂ ਚਰਚਾਵਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਫੈਸਲਾ ਬਾਕੀ ਫਿਲਮਾਂ ਦੀ ਸਫਲਤਾ ਦੇ ਡਰ ਕਾਰਨ ਲਿਆ ਗਿਆ ਹੈ।
ਧਰਮਿੰਦਰ ਦੀ ਆਖਰੀ ਫਿਲਮ
ਸ਼੍ਰੀਰਾਮ ਰਾਘਵਨ ਦੁਆਰਾ ਨਿਰਦੇਸ਼ਿਤ 'ਇੱਕੀਸ' ਦਾ ਨਿਰਮਾਣ ਦਿਨੇਸ਼ ਵਿਜਨ ਦੀ ਮੈਡੌਕ ਫਿਲਮਜ਼ ਨੇ ਕੀਤਾ ਹੈ। ਇਸ ਫਿਲਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿੱਚ ਮਰਹੂਮ ਅਦਾਕਾਰ ਧਰਮਿੰਦਰ ਵੀ ਨਜ਼ਰ ਆਉਣਗੇ ਅਤੇ ਇਹ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਆਖਰੀ ਫਿਲਮ ਹੋਵੇਗੀ। ਇਸ ਤੋਂ ਇਲਾਵਾ ਅਕਸ਼ੈ ਕੁਮਾਰ ਦੀ ਭਤੀਜੀ ਸਿਮਰ ਭਾਟੀਆ ਵੀ ਇਸ ਫਿਲਮ ਨਾਲ ਬਾਲੀਵੁੱਡ ਵਿੱਚ ਆਪਣਾ ਡੈਬਿਊ ਕਰਨ ਜਾ ਰਹੀ ਹੈ।
ਮਾਧੁਰੀ ਦਾ ਹੁਣ ਤੱਕ ਦਾ ਸਭ ਤੋਂ 'ਡਾਰਕ' ਕਿਰਦਾਰ: 'ਮਿਸੇਜ਼ ਦੇਸ਼ਪਾਂਡੇ' 'ਚ 'ਸੀਰੀਅਲ ਕਿਲਰ' ਵਜੋਂ ਆਵੇਗੀ ਨਜ਼ਰ
NEXT STORY