ਮੋਹਾਲੀ- ਮੋਹਾਲੀ ਪੁਲਸ ਵੱਲੋਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਫਿਰੌਤੀ ਲਈ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ ਗਿਆ ਹੈ | ਗ੍ਰਿਫਤਾਰ ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਖੁੱਡਾ ਜੱਸੂ ਥਾਣਾ ਸਾਰੰਗਪੁਰ ਯੂ.ਟੀ. ਚੰਡੀਗੜ੍ਹ ਵਜੋਂ ਹੋਈ ਹੈ ਅਤੇ ਇਸ ਮੁਲਜ਼ਮ ਨੇ ਆਪਣਾ ਦੂਜਾ ਨਾਮ ਰਵਿੰਦਰ ਸਿੰਘ ਵਾਸੀ ਖੁੱਡਾ ਜੱਸੂ ਥਾਣਾ ਸਾਰੰਗਪੁਰ ਯੂ.ਟੀ ਰੱਖਿਆ ਹੋਇਆ ਹੈ।
ਇਸ ਸਬੰਧੀ ਐੱਸ.ਪੀ. (ਡੀ) ਸੌਰਵ ਜਿੰਦਲ ਨੇ ਦੱਸਿਆ ਕਿ ਹਰਜਿੰਦਰ ਸਿੰਘ ਉਰਫ ਰਵਿੰਦਰ ਸਿੰਘ ਨੂੰ ਦਿੱਲੀ ਏਅਰ ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਪਿਛਲੇ ਕਰੀਬ 10 ਸਾਲਾਂ ਤੋਂ ਇਟਲੀ ਵਿਖੇ ਰਹਿ ਰਿਹਾ ਸੀ ਤੇ ਹੁਣ ਵਿਦੇਸ਼ ਭੱਜਣ ਦੀ ਫਿਰਾਕ ’ਚ ਸੀ। ਐੱਸ.ਪੀ. ਜਿੰਦਲ ਨੇ ਦੱਸਿਆ ਕਿ ਹਰਜਿੰਦਰ ਸਿੰਘ ਉਰਫ ਰਵਿੰਦਰ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਲਜਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਵੱਲੋਂ ਆਪਣੇ ਇਟਲੀ ਵਾਲੇ ਨੰਬਰ ਤੋਂ ਫਿਰੌਤੀ ਲਈ ਮਨਕੀਰਤ ਔਲਖ ਨੂੰ ਧਮਕੀ ਭਰਿਆ ਮੈਸਜ ਕੀਤਾ ਗਿਆ ਸੀ। ਪੁਲਸ ਨੇ ਧਮਕੀ ਲਈ ਵਰਤਿਆ ਗਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ। ਮੁਲਜ਼ਮ ਹਰਜਿੰਦਰ ਜੂਨ 2025 ’ਚ ਭਾਰਤ ਆਇਆ ਸੀ ਅਤੇ ਉਸ ਸਮੇਂ ਤੋਂ ਉਹ ਇੱਥੇ ਹੀ ਰਹਿ ਰਿਹਾ ਸੀ। ਪੁਲਸ ਉਕਤ ਮੁਲਜ਼ਮ ਦਾ ਪੁਰਾਣਾ ਅਪਰਾਧਿਕ ਰਿਕਾਰਡ ਖੰਗਾਲ ਰਹੀ ਹੈ ਅਤੇ ਇਸ ਲਈ ਚੰਡੀਗੜ੍ਹ ਪੁਲਸ ਦੀ ਮਦਦ ਵੀ ਲੈ ਰਹੀ ਹੈ, ਕਿਉਂਕਿ ਉਹ ਚੰਡੀਗੜ੍ਹ ਦੇ ਪਿੰਡ ਖੁੱਡਾ ਜੱਸੂ ਦਾ ਰਹਿਣ ਵਾਲਾ ਹੈ। ਪੁਲਸ ਉਕਤ ਮੁਲਜ਼ਮ ਦੇ ਗੈਂਗਸਟਰਾਂ ਨਾਲ ਸਬੰਧਾ ਦੀ ਵੀ ਜਾਂਚ ਕਰ ਰਹੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਆਪਣੇ ਤੌਰ ’ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜਾਂ ਕਿਸੇ ਦੇ ਕਹਿਣ ’ਤੇ ਫਿਰੌਤੀ ਲਈ ਧਮਕੀ ਦਿੱਤੀ ਸੀ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਮਨਕੀਰਤ ਸਿੰਘ ਔਲਖ ਨੂੰ ਇਕ ਵਿਦੇਸ਼ੀ ਨੰਬਰ ਤੋਂ ਵਟਸਅੱਪ ਰਾਹੀਂ ਧਮਕੀ ਮਿਲੀ ਸੀ ਕਿ ‘ਤਿਆਰੀ ਕਰ ਲੈ ਮੇਰੇ ਪੁੱਤ, ਤੇਰਾ ਟਾਈਮ ਆ ਗਿਆ, ਚਾਹੇ ਤੇਰੀ ਜਨਾਨੀ ਹੋਵੇ, ਚਾਹੇ ਤੇਰਾ ਬੱਚਾ ਹੋਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ ਪੁੱਤ, ਤੇਰਾ ਨੰਬਰ ਲਾਉਂਣਾ, ਇਹ ਨਾ ਸੋਚੀਂ ਕਿ ਤੈਨੂੰ ਧਮਕੀ ਦੇ ਕੋਈ ਮਜਾਕ ਕੀਤਾ, ਨੰਬਰ ਲਾਣਾ ਪੁੱਤ ਕਿੱਦਾਂ ਲੱਗਦਾ, ਦੇਖੀ ਚਲ ਪੁੱਤ ਹੁਣ ਤੇਰੇ ਨਾਲ ਕੀ ਕੀ ਹੋਣਾ’। ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਮਟੌਰ ਦੀ ਪੁਲਸ ਵੱਲੋਂ ਅਣਪਛਾਤੇ ਖਿਲਾਫ ਧਾਰਾ 318(5), 351(2) ਦੇ ਤਹਿਤ ਮਾਮਲਾ ਦਰਜ ਕਰਕੇ ਫਿਰੌਤੀ ਲਈ ਧਮਕੀ ਦੇਣ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ।
ਸ਼ਾਹਰੁਖ ਖਾਨ ਤੇ ਦੀਪਿਕਾ ਪਾਦੁਕੋਣ ਖ਼ਿਲਾਫ਼ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ
NEXT STORY