ਮੁੰਬਈ (ਬਿਊਰੋ) : ਮਸ਼ਹੂਰ ਅਭਿਨੇਤਾ ਨਿਤੀਸ਼ ਪਾਂਡੇ ਦੇ ਦਿਹਾਂਤ ਨਾਲ ਫ਼ਿਲਮ ਅਤੇ ਟੀ. ਵੀ. ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਅਦਾਕਾਰ ਦੀ ਬੀਤੇ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਦੇਰ ਰਾਤ ਗੋਰੇਗਾਂਵ ਈਸਟ ਆਰੇ ਕਲੋਨੀ ਨੇੜੇ ਮੁਕਤੀਧਾਮ 'ਚ ਨਿਤੇਸ਼ ਪਾਂਡੇ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਮਨੋਰੰਜਨ ਜਗਤ ਦੇ ਕਈ ਕਲਾਕਾਰ ਪਹੁੰਚੇ ਸਨ। ਇਸ ਦੇ ਨਾਲ ਹੀ ਇਸ ਮੌਕੇ 'ਤੇ ਅਦਾਕਾਰ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ। ਪੁੱਤਰ ਨੇ ਦਿਲ 'ਤੇ ਪੱਥਰ ਰੱਖ ਕੇ ਪਿਤਾ ਨੂੰ ਅਲਵਿਦਾ ਆਖੀ।
ਨਿਤੇਸ਼ ਦੇ ਅੰਤਿਮ ਸੰਸਕਾਰ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਪ੍ਰਸ਼ੰਸਕਾਂ ਦਾ ਦਿਲ ਤੋੜ ਰਹੀਆਂ ਹਨ। ਨਿਤੇਸ਼ ਦੀ ਮਾਂ, ਪਤਨੀ ਅਤੇ ਪੁੱਤਰ ਉਨ੍ਹਾਂ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਪਾ ਰਹੇ। ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਨਿਤੇਸ਼ ਪਾਂਡੇ ਦਾ ਪੁੱਤ ਆਪਣੇ ਪਿਤਾ ਦੀ ਲਾਸ਼ ਨੂੰ ਵਾਰ-ਵਾਰ ਚੁੰਮਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਬੇਸੁੱਧ ਮਾਂ ਬੇਜਾਨ ਪਏ ਪੁੱਤਰ ਨੂੰ ਵਾਪਸ ਆਉਣ ਲਈ ਕਹਿੰਦੀ ਰਹੀ। ਨਿਤੇਸ਼ ਦੇ ਦਿਹਾਂਤ 'ਤੇ ਉਨ੍ਹਾਂ ਦੇ ਘਰ 'ਚ ਪਿਆ ਚੀਕ-ਚਿਹਾੜਾ ਦੇਖ ਕੇ ਕਿਸੇ ਦਾ ਵੀ ਦਿਲ ਕਰਲਾਉਣ ਲੱਗੇਗਾ। ਨਿਤੇਸ਼ ਪਾਂਡੇ ਦੀ ਦੋਸਤ ਤੇ 'ਅਨੁਪਮਾ' ਕੋ-ਸਟਾਰ ਰੂਪਾਲੀ ਗਾਂਗੁਲੀ ਵੀ ਰੋਂਦੇ ਹੋਏ ਉਨ੍ਹਾਂ ਦੇ ਘਰ ਪਹੁੰਚੀ। ਇਨ੍ਹਾਂ ਤੋਂ ਇਲਾਵਾ ਆਰ ਮਾਧਵਨ, ਦਿਸ਼ਾ ਪਰਮਾਰ, ਭੂਮੀ ਪੇਡਨੇਕਰ, ਰਾਜਕੁਮਾਰ ਰਾਓ, ਨਕੁਲ ਮਹਿਤਾ, ਸਿਧਾਰਥ ਨਿਗਮ, ਅਭਿਸ਼ੇਕ ਨਿਗਮ, ਕ੍ਰਿਤਿਕਾ ਕਾਮਰਾ, ਰੇਣੁਕਾ ਸ਼ਹਾਣੇ, ਅਸ਼ਲੇਸ਼ਾ ਸਾਵੰਤ ਸਮੇਤ ਕਈ ਸਿਤਾਰੇ ਇਸ ਦੁੱਖ ਦੀ ਘੜੀ 'ਚ ਨਿਤੇਸ਼ ਪਾਂਡੇ ਦੇ ਪਰਿਵਾਰ ਨੂੰ ਮਿਲਣ ਪਹੁੰਚੇ।
ਨਿਤੇਸ਼ ਪਾਂਡੇ ਦਾ ਫ਼ਿਲਮੀ ਕਰੀਅਰ
ਨਿਤੇਸ਼ ਪਾਂਡੇ ਨੇ ਟੈਲੀਵਿਜ਼ਨ ਦੇ ਨਾਲ-ਨਾਲ ਬਾਲੀਵੁੱਡ ਅਤੇ ਥੀਏਟਰ 'ਚ ਵੀ ਵੱਡੇ ਪੱਧਰ 'ਤੇ ਕੰਮ ਕੀਤਾ ਹੈ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਥੀਏਟਰ ਕਲਾਕਾਰ ਵਜੋਂ ਕੀਤੀ ਸੀ। ਉਹ 1990 ਤੋਂ ਰੰਗਮੰਚ ਨਾਲ ਜੁੜੇ ਹੋਏ ਸਨ ਤੇ ਉਨ੍ਹਾਂ ਨੇ ਆਪਣਾ ਪਹਿਲਾ ਬ੍ਰੇਕ ਸਾਲ 1995 'ਚ ਟੀ. ਵੀ. ਸ਼ੋਅ 'ਤੇਜਸ' ਨਾਲ ਮਿਲਿਆ, ਜਿਸ 'ਚ ਉਨ੍ਹਾਂ ਇੱਕ ਜਾਸੂਸ ਦੀ ਭੂਮਿਕਾ ਨਿਭਾਈ ਪਰ ਉਨ੍ਹਾਂ ਦਾ ਸ਼ੋਅ ਬਹੁਤਾ ਨਹੀਂ ਚੱਲ ਸਕਿਆ। ਸਾਲ 1995 'ਚ ਹੀ ਉਨ੍ਹਾਂ ਆਮਿਰ ਖ਼ਾਨ ਤੇ ਮਮਤਾ ਕੁਲਕਰਨੀ ਦੀ ਫ਼ਿਲਮ 'ਬਾਜ਼ੀ' 'ਚ ਸਾਈਡ ਕਰੈਕਟਰ ਨਿਭਾਇਆ ਸੀ।
ਖ਼ਾਨਜ਼ ਦੀ ਤਿੱਕੜੀ ਸਣੇ ਇਨ੍ਹਾਂ ਕਲਾਕਾਰਾਂ ਨਾਲ ਕੀਤਾ ਕੰਮ
25 ਸਾਲਾਂ ਦੇ ਕਰੀਅਰ 'ਚ ਨਿਤੇਸ਼ ਪਾਂਡੇ ਨੇ 12 ਫ਼ਿਲਮਾਂ 'ਚ ਕੰਮ ਕੀਤਾ ਸੀ। ਸਾਲ 1995 'ਚ ਫ਼ਿਲਮ 'ਬਾਜ਼ੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਸ ਅਦਾਕਾਰ ਨੇ ਆਪਣੇ ਕਰੀਅਰ 'ਚ 12 ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਸ਼ਾਹਰੁਖ ਤੋਂ ਲੈ ਕੇ ਸਲਮਾਨ, ਆਯੁਸ਼ਮਾਨ ਖੁਰਾਣਾ ਵਰਗੇ ਕਲਾਕਾਰਾਂ ਨਾਲ ਸਕ੍ਰੀਨ ਸਪੇਸ ਸਾਂਝੀ ਕੀਤੀ। ਉਨ੍ਹਾਂ 'ਬਾਜ਼ੀ' ਤੋਂ ਬਾਅਦ 'ਮੇਰੇ ਯਾਰ ਕੀ ਸ਼ਾਦੀ ਹੈ', 'ਪਾਪ', 'ਖੋਸਲਾ ਕਾ ਘੋਸਲਾ', 'ਓਮ ਸ਼ਾਂਤੀ ਓਮ', 'ਦਬੰਗ 2', 'ਸ਼ਾਦੀ ਕੇ ਸਾਈਡ ਇਫੈਕਟਸ', 'ਰੰਗੂਨ' ਤੇ 'ਬਧਾਈ ਦੋ' ਵਰਗੀਆਂ ਵੱਡੀਆਂ ਫ਼ਿਲਮਾਂ 'ਚ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਉਹ ਸ਼ਾਹਰੁਖ ਦੀ ਫ਼ਿਲਮ 'ਓਮ ਸ਼ਾਂਤੀ ਓਮ' 'ਚ ਉਨ੍ਹਾਂ ਦੇ ਅਸਿਸਟੈਂਟ ਬਣੇ, ਜਦੋਂਕਿ 'ਦਬੰਗ 2' 'ਚ ਡਾਕਟਰ ਬਣ ਕੇ ਸਲਮਾਨ ਦਾ ਇਲਾਜ ਕੀਤਾ।
ਇਨ੍ਹਾਂ ਸ਼ੋਅਜ਼ ਕੀਤਾ ਕੰਮ
1995 'ਚ 'ਤੇਜਸ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਨਿਤੇਸ਼ ਪਾਂਡੇ ਨੇ ਛੋਟੇ ਪਰਦੇ 'ਤੇ ਵੀ ਕਾਫ਼ੀ ਕੰਮ ਕੀਤਾ। ਉਨ੍ਹਾਂ 'ਸਾਇਆ', 'ਮੰਜ਼ਿਲੇਂ ਅਪਨੀ ਅਪਨੀ', 'ਅਸਤਿਤਵ ਏਕ ਪ੍ਰੇਮ ਕਹਾਣੀ', 'ਹਮ ਲੜਕੀਆਂ' ਵਰਗੇ ਕਈ ਸ਼ੋਅਜ਼ 'ਚ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਫਿਲਹਾਲ ਉਹ 'ਅਨੁਪਮਾ' 'ਚ ਨਜ਼ਰ ਆਏ ਸਨ, ਜਿਸ 'ਚ ਉਹ ਅਨੁਪਮਾ ਦੀ ਸਭ ਤੋਂ ਚੰਗੀ ਦੋਸਤ ਦੇ ਪਤੀ ਦਾ ਕਿਰਦਾਰ ਨਿਭਾਅ ਰਹੇ ਸਨ। 'ਅਨੁਪਮਾ' ਸ਼ੋਅ ਹੁਣ ਘਰ-ਘਰ 'ਚ ਮਸ਼ਹੂਰ ਹੋ ਗਿਆ ਹੈ।
ਆਖ਼ਰੀ ਵਾਰ 'ਅਨੁਪਮਾ' ਸ਼ੋਅ 'ਚ ਦੇਖਿਆ ਗਿਆ ਸੀ ਨਿਤੇਸ਼ ਨੂੰ
ਉਨ੍ਹਾਂ ਨੇ ਪ੍ਰਸਿੱਧ ਸ਼ੋਅ 'ਅਨੁਪਮਾ' 'ਚ ਧੀਰਜ ਕਪੂਰ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਅਨੁਜ ਦੇ ਦੋਸਤ ਦੇ ਰੂਪ 'ਚ ਸ਼ੋਅ 'ਚ ਐਂਟਰੀ ਲਈ ਸੀ। ਸੀਰੀਅਲ 'ਚ ਉਨ੍ਹਾਂ ਦਾ ਟਰੈਕ ਅਜੇ ਵੀ ਚੱਲ ਰਿਹਾ ਸੀ ਪਰ ਦੇਖੋ ਕਿਸ ਨੂੰ ਪਤਾ ਸੀ ਕਿ ਇਹ ਉਨ੍ਹਾਂ ਦਾ ਆਖ਼ਰੀ ਸ਼ੋਅ ਹੋਵੇਗਾ। ਨਿਤੇਸ਼ ਪਾਂਡੇ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਅਨੁਪਮਾ ਸ਼ੋਅ ਦੀ ਟੀਮ ਸਦਮੇ 'ਚ ਹੈ।
ਮਨਕੀਰਤ ਔਲਖ ਤੇ ਹੈਪੀ ਰਾਏਕੋਟੀ ਦੀਆਂ ਵਧੀਆਂ ਮੁਸ਼ਕਿਲਾਂ, ਜਾਣੋ ਕੀ ਹੈ ਪੂਰਾ ਮਾਮਲਾ
NEXT STORY