ਮੁੰਬਈ (ਬਿਊਰੋ)– ਮਾਲਦੀਵ ਬਾਲੀਵੁੱਡ ਹਸਤੀਆਂ ਲਈ ਛੁੱਟੀਆਂ ਮਨਾਉਣ ਦਾ ਮਨਪਸੰਦ ਸਥਾਨ ਰਿਹਾ ਹੈ। ਜਨਮਦਿਨ ਮਨਾਉਣਾ ਹੋਵੇ ਜਾਂ ਫਿਰ ਕੰਮ ਤੋਂ ਬਰੇਕ ਲੈ ਕੇ ਤਰੋਤਾਜ਼ਾ ਹੋਣਾ ਹੋਵੇ, ਬਾਲੀਵੁੱਡ ਸਿਤਾਰੇ ਮਾਲਦੀਵ ਪਹੁੰਚ ਜਾਂਦੇ ਹਨ। ਪਿਛਲੇ 2-3 ਸਾਲਾਂ ’ਚ ਇਹ ਰੁਝਾਨ ਕਾਫੀ ਵਧਿਆ ਹੈ।
ਟਾਈਗਰ ਸ਼ਰਾਫ, ਦਿਸ਼ਾ ਪਾਟਨੀ, ਜਾਨ੍ਹਵੀ ਕਪੂਰ, ਮੌਨੀ ਰਾਏ ਸਮੇਤ ਕਈ ਯੰਗ ਸਟਾਰਜ਼ ਨੂੰ ਮਾਲਦੀਵ ਦੇ ਬੀਚ ’ਤੇ ਖ਼ੂਬਸੂਰਤ ਪਲ ਬਿਤਾਉਂਦੇ ਦੇਖਿਆ ਗਿਆ ਹੈ। ਇਨ੍ਹਾਂ ਸਿਤਾਰਿਆਂ ਦੇ ਇੰਸਟਾਗ੍ਰਾਮ ਅਕਾਊਂਟ ਮਾਲਦੀਵ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਨਾਲ ਭਰੇ ਹੋਏ ਹਨ ਪਰ ਹੁਣ ਭਾਰਤ ਤੇ ਮਾਲਦੀਵ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਹੈ।
ਭਾਰਤ-ਮਾਲਦੀਵ ਵਿਵਾਦ ਵਿਚਾਲੇ ਲਕਸ਼ਦੀਪ ਲਈ ਬਾਲੀਵੁੱਡ ਦੇ ਸਮਰਥਨ ਨੂੰ ਦੇਖਦਿਆਂ ਅਜਿਹਾ ਲੱਗਦਾ ਹੈ ਕਿ ਮਾਲਦੀਵ ਲਈ ਸਿਤਾਰਿਆਂ ਦਾ ਪਿਆਰ ਘੱਟ ਸਕਦਾ ਹੈ।
ਕੀ ਹੈ ਭਾਰਤ-ਮਾਲਦੀਵ ਵਿਵਾਦ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਲਕਸ਼ਦੀਪ ਦਾ ਦੌਰਾ ਕੀਤਾ ਤੇ ਉਥੋਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਲਕਸ਼ਦੀਪ ਦਾ ਦੌਰਾ ਕਰਨ ਦੀ ਅਪੀਲ ਵੀ ਕੀਤੀ। ਇਹ ਸਭ ਕੁਝ ਮਾਲਦੀਵ ਦੇ ਕੁਝ ਨੇਤਾਵਾਂ ਨੂੰ ਰਾਸ ਨਹੀਂ ਆਇਆ ਤੇ ਉਨ੍ਹਾਂ ਨੇ ਭਾਰਤੀਆਂ ਵਿਰੁੱਧ ਨਸਲੀ ਟਿੱਪਣੀਆਂ ਕੀਤੀਆਂ, ਜਿਸ ਨਾਲ ਦੇਸ਼ ਵਾਸੀਆਂ ਨੂੰ ਗੁੱਸਾ ਆਇਆ।
ਇਸ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਈ ਮਸ਼ਹੂਰ ਹਸਤੀਆਂ ਨੇ ਪੀ. ਐੱਮ. ਮੋਦੀ ਦੇ ਲਕਸ਼ਦੀਪ ਦੌਰੇ ਦੇ ਸਮਰਥਨ ’ਚ ਟਵੀਟ ਕੀਤੇ ਤੇ ਮਾਲਦੀਵ ਦੇ ਬਿਆਨ ਦੇਣ ਵਾਲੇ ਨੇਤਾਵਾਂ ਦੀ ਆਲੋਚਨਾ ਕੀਤੀ। ਅਕਸ਼ੇ ਕੁਮਾਰ, ਅਮਿਤਾਭ ਬੱਚਨ ਤੇ ਸਲਮਾਨ ਖ਼ਾਨ ਨੇ ਐਕਸ (ਪਹਿਲਾਂ ਟਵਿਟਰ) ਰਾਹੀਂ ਆਪਣੀਆਂ ਪ੍ਰਤੀਕਿਰਿਆਵਾਂ ਜ਼ਾਹਿਰ ਕੀਤੀਆਂ।
ਇਸ ਤੋਂ ਬਾਅਦ ਟਾਈਗਰ ਸ਼ਰਾਫ, ਜਾਨ੍ਹਵੀ ਕਪੂਰ, ਜੌਨ ਅਬ੍ਰਾਹਮ ਤੇ ਸ਼ਰਧਾ ਕਪੂਰ ਸਮੇਤ ਕਈ ਸਿਤਾਰੇ ਲਕਸ਼ਦੀਪ ਦੇ ਹੱਕ ’ਚ ਆ ਗਏ ਤੇ ਉਨ੍ਹਾਂ ਨੇ ਸੈਰ-ਸਪਾਟਾ ਸਥਾਨ ਲਕਸ਼ਦੀਪ ਦਾ ਸਮਰਥਨ ਕਰਦਿਆਂ ਪੋਸਟਾਂ ਸਾਂਝੀਆਂ ਕੀਤੀਆਂ। ਆਓ ਜਾਣਦੇ ਹਾਂ ਬਾਲੀਵੁੱਡ ਸਿਤਾਰਿਆਂ ਨੇ ਕੀ ਕਿਹਾ–
ਇਹ ਖ਼ਬਰ ਵੀ ਪੜ੍ਹੋ : ਗੁਰਪ੍ਰੀਤ ਘੁੱਗੀ ਦੇ ਮਾਪਿਆਂ ਨੂੰ ਮਿਲੇ ਕਪਿਲ ਸ਼ਰਮਾ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ
ਸਾਡੀ ਆਤਮ-ਨਿਰਭਰਤਾ ਨੂੰ ਨੁਕਸਾਨ ਨਾ ਪਹੁੰਚਾਓ : ਅਮਿਤਾਭ ਬੱਚਨ
ਵਰਿੰਦਰ ਸਹਿਵਾਗ ਦੇ ਟਵੀਟ ’ਤੇ ਰਿਪਲਾਈ ਦਿੰਦਿਆਂ ਅਮਿਤਾਭ ਬੱਚਨ ਨੇ ਲਿਖਿਆ, ‘‘ਵੀਰੂ ਭਾਅ ਜੀ, ਇਹ ਲਾਜ਼ਮੀ ਹੈ ਤੇ ਸਾਡੀ ਧਰਤੀ ਦੀ ਅਸਲ ਭਾਵਨਾ ਦੇ ਅਨੁਸਾਰ ਹੈ, ਸਾਡੇ ਆਪਣੇ ਲੋਕ ਸਭ ਤੋਂ ਉੱਤਮ ਹਨ, ਮੈਂ ਲਕਸ਼ਦੀਪ ਤੇ ਅੰਡੇਮਾਨ ਗਿਆ ਹਾਂ ਤੇ ਉਹ ਬਹੁਤ ਹੀ ਸੁੰਦਰ ਸਥਾਨ ਹਨ, ਸ਼ਾਨਦਾਰ ਬੀਚ ਤੇ ਪਾਣੀ ਦੇ ਅੰਦਰ ਦਾ ਅਨੁਭਵ ਹੈ। ਅਸੀਂ ਭਾਰਤ ਹਾਂ, ਅਸੀਂ ਆਤਮ-ਨਿਰਭਰ ਹਾਂ, ਸਾਡੀ ਆਤਮ-ਨਿਰਭਰਤਾ ਨੂੰ ਨੁਕਸਾਨ ਨਾ ਪਹੁੰਚਾਓ, ਜੈ ਹਿੰਦ।’’

ਲਕਸ਼ਦੀਪ ’ਚ ਮਹਿਮਾਨਾਂ ਦੀ ਪਰਾਹੁਣਚਾਰੀ ਦਾ ਆਨੰਦ– ਜੌਨ
ਜੌਨ ਅਬ੍ਰਾਹਮ ਨੇ ਲਿਖਿਆ ਕਿ ਲਕਸ਼ਦੀਪ ਸ਼ਾਨਦਾਰ ਭਾਰਤੀ ਪਰਾਹੁਣਚਾਰੀ, ਅਤੀਥੀ ਦੇਵੋ ਭਵ ਦੇ ਦਰਸ਼ਨ ਤੇ ਵਿਸ਼ਾਲ ਸਮੁੰਦਰੀ ਜੀਵਨ ਦੀ ਪੜਚੋਲ ਕਰਨ ਲਈ ਦੇਖਣਯੋਗ ਜਗ੍ਹਾ ਹੈ।

ਸ਼ਰਧਾ ਕਪੂਰ ਨੇ ਲਕਸ਼ਦੀਪ ਦਾ ਕੀਤਾ ਸਮਰਥਨ
ਸ਼ਰਧਾ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਲਕਸ਼ਦੀਪ ਦੀ ਇਕ ਤਸਵੀਰ ਸ਼ੇਅਰ ਕੀਤੀ ਤੇ ਲਿਖਿਆ, ‘‘ਮੈਂ ਇਕ ਲੰਬੀ ਛੁੱਟੀ ਬੁੱਕ ਕਰਨ ਦੀ ਕਗਾਰ ’ਤੇ ਹਾਂ। ਇਸ ਸਾਲ ਭਾਰਤੀ ਟਾਪੂਆਂ ਦੀ ਖੋਜ ਕੀਤੀ ਜਾਵੇ।’’

ਟਾਈਗਰ ਸ਼ਰਾਫ ਨੇ ਲਕਸ਼ਦੀਪ ਦੇ ਲੋਕਾਂ ਦੀ ਕੀਤੀ ਤਾਰੀਫ਼
ਟਾਈਗਰ ਸ਼ਰਾਫ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੇ ਵਿਚਾਰ ਦਾ ਸਮਰਥਨ ਕੀਤਾ। ਟਾਈਗਰ ਨੇ ਐਕਸ ’ਤੇ ਲਿਖਿਆ, ‘‘ਨੀਲੇ ਸਮੁੰਦਰ ’ਚ ਗੁਆਚੇ ਲਕਸ਼ਦੀਪ ਟਾਪੂਆਂ ਨੇ ਮੇਰਾ ਦਿਲ ਜਿੱਤ ਲਿਆ ਹੈ। ਅਮੀਰ ਸੰਸਕ੍ਰਿਤੀ, ਸ਼ਾਂਤ ਬੀਚ ਤੇ ਲੋਕਾਂ ਦੀ ਸੱਚੀ ਨਿੱਘ ਇਕ ਮਨਮੋਹਕ ਖਿੱਚ ਪੈਦਾ ਕਰਦੀ ਹੈ। ਇਨ੍ਹਾਂ ਟਾਪੂਆਂ ਦੀ ਸ਼ਮੂਲੀਅਤ ਤੇ ਵਿਲੱਖਣ ਸੁੰਦਰਤਾ ਦਾ ਜਸ਼ਨ ਮਨਾਉਣ ’ਚ ਮੇਰੇ ਨਾਲ ਸ਼ਾਮਲ ਹੋਵੋ, ਇਕ ਖਜ਼ਾਨਾ ਜੋ ਉਡੀਕ ਕਰਦਾ ਹੈ।’’

ਲਕਸ਼ਦੀਪ ਬਣੇਗਾ ਜਾਨ੍ਹਵੀ ਦਾ ਅਗਲਾ ਟੀਚਾ
ਆਪਣੀ ਇੰਸਟਾਗ੍ਰਾਮ ਸਟੋਰੀ ’ਚ ਲਕਸ਼ਦੀਪ ਦੀ ਤਸਵੀਰ ਸ਼ੇਅਰ ਕਰਦਿਆਂ ਜਾਨ੍ਹਵੀ ਕਪੂਰ ਨੇ ਲਿਖਿਆ, ‘‘ਕੀ ਇਹ ਨੀਲਾ ਪਾਣੀ ਅਸਲੀ ਹੈ? ਲਕਸ਼ਦੀਪ ਬਹੁਤ ਸੁੰਦਰ ਹੈ। ਇਹ ਦੇਖਣਾ ਬਹੁਤ ਵਧੀਆ ਹੈ ਕਿ ਇਸ ਖਜ਼ਾਨੇ ਨੂੰ ਸਾਡੇ ਦੇਸ਼ ’ਚ ਉਹ ਧਿਆਨ ਮਿਲ ਰਿਹਾ ਹੈ, ਜਿਸ ਦਾ ਇਹ ਹੱਕਦਾਰ ਹੈ। ਭਾਰਤੀ ਟਾਪੂਆਂ ਦੀ ਪੜਚੋਲ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ।’’

ਈਸ਼ਾ ਗੁਪਤਾ ਵਾਪਸ ਜਾਣ ਲਈ ਬੇਤਾਬ
ਲਕਸ਼ਦੀਪ ਤੋਂ ਆਪਣੀ ਇਕ ਤਸਵੀਰ ਸ਼ੇਅਰ ਕਰਦਿਆਂ ਈਸ਼ਾ ਗੁਪਤਾ ਨੇ ਲਿਖਿਆ, ‘‘ਮੈਨੂੰ ਸਭ ਤੋਂ ਖ਼ੂਬਸੂਰਤ ਬੀਚ, ਮੇਰੇ ਪੈਰਾਂ ਦੀ ਰੇਤ, ਮੇਰੇ ਚਿਹਰੇ ’ਤੇ ਸੂਰਜ ਵੱਲ, ਲਕਸ਼ਦੀਪ ਦੇ ਜਾਦੂ ਵੱਲ ਵਾਪਸ ਲੈ ਜਾਓ। ਵਾਪਸ ਜਾਣ ਲਈ ਇੰਤਜ਼ਾਰ ਨਹੀਂ ਕਰ ਸਕਦੇ।’’

ਧਰਤੀ ’ਤੇ ਸਵਰਗ– ਕਾਰਤਿਕ ਆਰੀਅਨ
ਕਾਰਤਿਕ ਆਰੀਅਨ ਨੇ ਐਕਸ ’ਤੇ ਲਿਖਿਆ, ‘‘ਅਵਿਸ਼ਵਾਸਯੋਗ ਭਾਰਤ ਸਿਰਫ਼ ਇਕ ਟੈਗ ਨਹੀਂ ਹੈ, ਸਾਡੇ ਖ਼ੂਬਸੂਰਤ ਦੇਸ਼ ’ਚ ਕੁਝ ਬਹੁਤ ਹੀ ਸ਼ਾਨਦਾਰ ਸਥਾਨ ਹਨ ਤੇ ਲਕਸ਼ਦੀਪ ਇਸ ਦੀ ਇਕ ਉਦਾਹਰਣ ਹੈ। ਭਾਰਤ ’ਚ ਹੀ ਇਕ ਸਵਰਗ ਵਰਗਾ ਸਥਾਨ। ਇਸ ਖ਼ੂਬਸੂਰਤ ਭਾਰਤੀ ਟਾਪੂ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ।’’

ਅਰਜੁਨ ਦੀ ਲਿਸਟ ’ਚ ਲਕਸ਼ਦੀਪ
ਅਰਜੁਨ ਕਪੂਰ ਨੇ ਲਿਖਿਆ, ‘‘ਮੇਰੀ ਲਿਸਟ ’ਚ ਖ਼ੂਬਸੂਰਤ ਲਕਸ਼ਦੀਪ ਟਾਪੂਆਂ ਨੂੰ ਸ਼ਾਮਲ ਕਰ ਰਿਹਾ ਹਾਂ। ਸਾਡੇ ਦੇਸ਼ ਦੀਆਂ ਇਹ ਥਾਵਾਂ ਸਿਰਫ਼ ਨਕਸ਼ੇ ’ਤੇ ਹੀ ਧੱਬੀਆਂ ਨਹੀਂ ਹਨ। ਉਹ ਪਰਾਹੁਣਚਾਰੀ, ਵਿਭਿੰਨ ਸੰਸਕ੍ਰਿਤੀ ਤੇ ਲੈਂਡਸਕੇਪ ਦਾ ਅਨੁਭਵ ਕਰਨ ਦਾ ਸੱਦਾ ਹਨ, ਜੋ ਭਾਰਤ ਨੂੰ ਦੇਖਣ ਲਈ ਇਕ ਸ਼ਾਨਦਾਰ ਸਥਾਨ ਬਣਾਉਂਦੇ ਹਨ।’’

ਇਨ੍ਹਾਂ ਸਿਤਾਰਿਆਂ ਨੇ ਵੀ ਦਿੱਤੀ ਪ੍ਰਤੀਕਿਰਿਆ
ਪੋਸਟ ਕਰਦਿਆਂ ਸੋਨਲ ਚੌਹਾਨ ਨੇ ਲਿਖਿਆ, ‘‘ਲਕਸ਼ਦੀਪ ਜਾਣ ਲਈ ਇੰਤਜ਼ਾਰ ਨਹੀਂ ਕਰ ਸਕਦੀ।’’

ਰਣਦੀਪ ਹੁੱਡਾ ਨੇ ਵੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਤੇ ਲਿਖਿਆ, ‘‘ਭਾਰਤ ਬਹੁਤ ਖ਼ੂਬਸੂਰਤ ਹੈ। ਵੀਰ ਸਾਵਰਕਰ ਦੇ ਜੀਵਨ ਦੇ ਕਾਲਾਪਾਣੀ ਅਧਿਆਏ ਦੀ ਸ਼ੂਟਿੰਗ ਕਰਦੇ ਸਮੇਂ ਮੈਂ ਅੰਡੇਮਾਨ ਤੇ ਨਿਕੋਬਾਰ ਟਾਪੂ ਦੀ ਪੁਰਾਣੀ ਸੁੰਦਰਤਾ ਤੇ ਅਮੀਰ ਇਤਿਹਾਸ ਤੋਂ ਪ੍ਰਭਾਵਿਤ ਹੋ ਗਿਆ ਸੀ। ਜ਼ਰੂਰ ਦੇਖੋ।’’

ਇਨ੍ਹਾਂ ਤੋਂ ਇਲਾਵਾ ਭੂਮੀ ਪੇਡਨੇਕਰ, ਪੂਜਾ ਹੇਗੜੇ, ਸਾਰਾ ਅਲੀ ਖ਼ਾਨ ਸਮੇਤ ਕਈ ਹੋਰ ਸਿਤਾਰਿਆਂ ਨੇ ਵੀ ਲਕਸ਼ਦੀਪ ਯਾਤਰਾ ਦੇ ਸਮਰਥਨ ’ਚ ਪੋਸਟ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗੋਲਡਨ ਗਲੋਬ ਐਵਾਰਡਜ਼ ’ਚ ‘ਓਪਨਹਾਈਮਰ’ ਦਾ ਦਬਦਬਾ, ਕ੍ਰਿਸਟੋਫਰ ਨੋਲਨ ਨੂੰ ਮਿਲਿਆ ਬੈਸਟ ਡਾਇਰੈਕਟ ਦਾ ਖ਼ਿਤਾਬ
NEXT STORY