ਮੁੰਬਈ (ਬਿਊਰੋ)– ਅਮਿਤਾਭ ਬੱਚਨ ਦੇ ਰਿਐਲਿਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ 14’ ਦਾ ਆਗਾਜ਼ ਹਾਲ ਹੀ ’ਚ ਹੋ ਚੁੱਕਾ ਹੈ। ਸ਼ੋਅ ਦੇ ਪਹਿਲੇ ਹੀ ਐਪੀਸੋਡ ’ਚ ਆਮਿਰ ਖ਼ਾਨ ਫੌਜ ਦੇ ਕੁਝ ਜਵਾਨਾਂ ਨਾਲ ਬਤੌਰ ਮਹਿਮਾਨ ਸ਼ਾਮਲ ਹੋਏ। ਆਮਿਰ ਖ਼ਾਨ ਆਪਣੀ ਆਗਾਮੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਪ੍ਰਮੋਟ ਕਰਨ ਸ਼ੋਅ ’ਚ ਆਏ ਸਨ, ਜੋ ਕਿ ਪਹਿਲਾਂ ਹੀ ਕਾਫੀ ਵਿਰੋਧ ਦਾ ਸਾਹਮਣਾ ਕਰ ਰਹੀ ਹੈ ਪਰ ਹੁਣ ਅਜਿਹਾ ਲੱਗਦਾ ਹੈ ਕਿ ਆਮਿਰ ਖ਼ਾਨ ਨੂੰ ਸ਼ੋਅ ’ਤੇ ਬੁਲਾਉਣਾ ਅਮਿਤਾਭ ਬੱਚਨ ਨੂੰ ਵੀ ਭਾਰੀ ਪੈ ਸਕਦਾ ਹੈ।
ਆਮਿਰ ਖ਼ਾਨ ਨੂੰ ਸ਼ੋਅ ’ਚ ਬੁਲਾਏ ਜਾਣ ਕਾਰਨ ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੈ। ਟਵਿਟਰ ’ਤੇ ਲੋਕਾਂ ਨੇ ਅਮਿਤਾਭ ਬੱਚਨ ਦੇ ਸ਼ੋਅ ਦਾ ਬਾਈਕਾਟ ਕਰਨ ਦੀ ਮੰਗ ਸ਼ੁਰੂ ਕਰ ਦਿੱਤੀ ਹੈ। #BoycottLaalSinghChaddha ਤੋਂ ਬਾਅਦ ਹੁਣ ਟਵਿਟਰ ’ਤੇ #BoycottKBC ਵੀ ਟਰੈਂਡ ਕਰ ਰਿਹਾ ਹੈ।
ਅਸੀਂ ਤੁਹਾਨੂੰ ਅਜਿਹੇ ਟਵੀਟਸ ਦਿਖਾ ਰਹੇ ਹਾਂ, ਜਿਨ੍ਹਾਂ ’ਚ ਸ਼ੋਅ ਨੂੰ ਬਾਈਕਾਟ ਕਰਨ ਦੀ ਮੰਗ ਕੀਤੀ ਗਈ ਹੈ। ਇਕ ਯੂਜ਼ਰ ਨੇ ਟਵੀਟ ਕੀਤਾ, ‘‘ਮੈਨੂੰ ਪਸੰਦ ਨਹੀਂ ਆਇਆ ਜਿਸ ਤਰ੍ਹਾਂ ਨਾਲ ਅਮਿਤਾਭ ਬੱਚਨ ਨੇ ‘ਕੌਣ ਬਣੇਗਾ ਕਰੋੜਪਤੀ’ ਦੇ ਲਾਂਚਿੰਗ ਐਪੀਸੋਡ ’ਚ ਅੱਜ ਆਮਿਰ ਖ਼ਾਨ ਦੀ ਤਾਰੀਫ਼ ਕੀਤੀ ਤੇ ਉਨ੍ਹਾਂ ਦਾ ਗੁਣਗਾਣ ਕੀਤਾ। ਇਸ ਤਰ੍ਹਾਂ ਦੇ ਸ਼ਬਦ ਉਸ ਆਦਮੀ ਲਈ ਕਿਉਂ ਬੋਲੇ ਗਏ, ਜੋ ਕਦੇ ਇਹ ਕਹਿ ਚੁੱਕਾ ਹੈ ਕਿ ਉਸ ਨੂੰ ਇਸ ਦੇਸ਼ ’ਚ ਡਰ ਲੱਗਦਾ ਹੈ।’’
ਦੱਸ ਦੇਈਏ ਕਿ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਕਹਾਣੀ ਹਾਲੀਵੁੱਡ ਦੀ ਮਸ਼ਹੂਰ ਤੇ ਬੇਹੱਦ ਕਾਮਯਾਬ ਫ਼ਿਲਮ ‘ਫਾਰੈਸਟ ਗੰਪ’ ਦੀ ਕਹਾਣੀ ’ਤੇ ਆਧਾਰਿਤ ਹੈ। ਫ਼ਿਲਮ ’ਚ ਕਰੀਨਾ ਕਪੂਰ ਖ਼ਾਨ ਨੇ ਵੀ ਅਹਿਮ ਕਿਰਦਾਰ ਨਿਭਾਇਆ ਹੈ। ਆਮਿਰ ਖ਼ਾਨ ਦੀ ਫ਼ਿਲਮ ਟਵਿਟਰ ’ਤੇ ਲਗਾਤਾਰ ਬਾਈਕਾਟ ਕੀਤੀ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿੱਕੀ ਕੌਸ਼ਲ ਨੇ ਸ਼ੁਰੂ ਕੀਤੀ ‘ਸੈਮ ਬਹਾਦਰ’ ਦੀ ਸ਼ੂਟਿੰਗ
NEXT STORY