ਮੁੰਬਈ - ਮੇਹਰਾਨ ਅਮਰੋਹੀ ਵੱਲੋਂ ਨਿਰਦੇਸ਼ਤ ਫਿਲਮ ‘ਚਿੜੀਆ’ 30 ਮਈ ਨੂੰ ਪੂਰੇ ਭਾਰਤ ’ਚ ਰਿਲੀਜ਼ ਹੋ ਗਈ ਹੈ। ਇਹ ਫਿਲਮ ਪਹਿਲਾਂ ਹੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ’ਚ ਆਪਣੀ ਡੂੰਘੀ ਛਾਪ ਛੱਡ ਚੁੱਕੀ ਹੈ। ਆਪਣੀ ਸਾਦਗੀ ਤੇ ਸੰਵੇਦਨਸ਼ੀਲ ਵਿਸ਼ਾ-ਵਸਤੂ ਕਾਰਨ ਇਸ ਨੇ ਆਲੋਚਕਾਂ ਤੇ ਦਰਸ਼ਕਾਂ ਦੋਵਾਂ ਦਾ ਧਿਆਨ ਖਿੱਚਿਆ ਹੈ। ਇਹ ਬੱਚਿਆਂ ’ਤੇ ਕੇਂਦ੍ਰਿਤ ਇਕ ਵਿਲੱਖਣ ਫਿਲਮ ਹੈ, ਜੋ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਨਾ ਕਿ ਉਪਦੇਸ਼ ਦੇਣ ਜਾਂ ਨੀਵਾਂ ਦਿਖਾਉਣ ਦੀ। ਫਿਲਮ ਬਾਰੇ ਅੰਮ੍ਰਿਤਾ ਸੁਭਾਸ਼, ਵਿਨੈ ਪਾਠਕ ਤੇ ਮੇਹਰਾਨ ਅਮਰੋਹੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਇਹ ਇਕ ਅਜਿਹੀ ਫਿਲਮ ਹੈ, ਜਿਸ ਨੂੰ ਪੂਰਾ ਪਰਿਵਾਰ ਇਕੱਠੇ ਬੈਠ ਕੇ ਦੇਖ ਸਕਦਾ ਹੈ
ਪ੍ਰ. ਫਿਲਮ ਦੇ ਨਾਂ ‘ਚਿੜੀਆ’ ਦਾ ਕੀ ਮਤਲਬ ਹੈ ਤੇ ਇਹ ਕਿੱਥੋਂ ਆਇਆ?
-ਮੇਰਾ ਇਸ ਟਾਈਟਲ ਨੂੰ ਸੋਚਣ ’ਚ ਕੋਈ ਹੱਥ ਨਹੀਂ ਹੈ। ਜਦੋਂ ਮੈਂ ਇਹ ਕਹਾਣੀ ਸ਼ੁਰੂਆਤੀ ਦੌਰ ’ਚ ਆਪਣੇ ਪਿਤਾ ਜੀ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਚੰਗੀ ਕਹਾਣੀ ਹੈ, ਇਸ ਨੂੰ ਲਿਖੋ। ਮੇਰੀ ਮਾਂ ਵੀ ਉਸ ਸਮੇਂ ਇਹ ਕਹਾਣੀ ਸੁਣ ਰਹੀ ਸੀ, ਇਸ ਲਈ ਉਨ੍ਹਾਂ ਕਿਹਾ ਕਿ ਤੂੰ ਇਸ ਦਾ ਨਾਂ ‘ਚਿੜੀਆ’ ਰੱਖਣਾ। ਮੇਰੇ ਹਿਸਾਬ ਨਾਲ ਇਸ ਦਾ ਮਤਲਬ ਇਹੋ ਹੈ ਕਿ ਹਰ ਇਨਸਾਨ ਆਪਣੇ ਦਿਲ ਨਾਲ ਜੋ ਵੀ ਅਰਥ ਕੱਢਦਾ ਹੈ, ਉਸ ਨਾਲ ਉਹ ਰਿਲੇਟ ਕਰਦਾ ਹੁੰਦਾ ਹੈ ਤੇ ਇਹੋ ਇਸ ਨਾਂ ਦੀ ਖ਼ੂਬਸੂਰਤੀ ਹੈ।
ਪ੍ਰ. ਇਹ ਫਿਲਮ ਕਈ ਫਿਲਮ ਫੈਸਟੀਵਲ ’ਚ ਜਾ ਚੁੱਕੀ ਹੈ, ਕੀ ਤੁਹਾਡੇ ਲਈ ਇਹ ਇਕ ਚੁਣੌਤੀ ਸੀ?
ਜੀ ਹਾਂ, ਮੈਨੂੰ ਥੋੜ੍ਹਾ ਡਰ ਸੀ ਕਿਉਂਕਿ ਮੈਂ ਸੋਚਦਾ ਸੀ ਕਿ ਦੋ ਚਾਲ ’ਚ ਰਹਿਣ ਵਾਲੇ ਦੋ ਬੱਚਿਆਂ ਦੀ ਕਹਾਣੀ ਕਿਉਂ ਕੋਈ ਦੇਖਣਾ ਪਸੰਦ ਕਰੇਗਾ। ਪਹਿਲਾਂ ਜਦੋਂ ਮੈਂ ਕਿਸੇ ਹੋਰ ਨਾਲ ਵਿਦੇਸ਼ ਗਿਆ ਸੀ ਤਾਂ ਪਤਾ ਨਹੀਂ ਸੀ ਕਿ ਇਹ ਫਿਲਮ ਚੱਲੇਗੀ ਜਾਂ ਨਹੀਂ ਪਰ ਜਦੋਂ ਫਿਲਮ ਦੀ ਪ੍ਰਸ਼ੰਸਾ ਹੋਈ ਤਾਂ ਯਕੀਨ ਹੋ ਗਿਆ ਕਿ ਇਹ ਸਹੀ ਸਮਾਂ ਹੈ। ਇਹ ਇਕ ਅਜਿਹੀ ਫਿਲਮ ਹੈ, ਜਿਸ ਨੂੰ ਪੂਰਾ ਪਰਿਵਾਰ ਇਕੱਠੇ ਬੈਠ ਕੇ ਦੇਖ ਸਕਦਾ ਹੈ।
ਪ੍ਰ. ਮੁੰਬਈ ਦੀ ਚਾਲ ਤੇ ਸਲੱਮ ਏਰੀਏ ’ਚ ਸ਼ੂਟਿੰਗ ਕਰਦੇ ਸਮੇਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ?
-ਚੁਣੌਤੀਆਂ ਤਾਂ ਸੀ ਪਰ ਟੀਮ ਬਹੁਤ ਤਜਰਬੇਕਾਰ ਸੀ। ਮੇਰੇ ਤਕਨੀਸ਼ੀਅਨ ਤੇ ਕਲਾਕਾਰ ਇੰਨੇ ਸਮਰਪਿਤ ਸਨ ਕਿ ਉਨ੍ਹਾਂ ਨੇ ਹਰ ਸਮੱਸਿਆ ਨੂੰ ਆਸਾਨ ਬਣਾ ਦਿੱਤਾ। ਮਰਾਠੀ ਬੋਲੀ ਤੇ ਉਸ ਤਬਕੇ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਸਾਨੂੰ ਮਿਹਨਤ ਕਰਨੀ ਪਈ ਪਰ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ।
ਮੇਹਰਾਨ ਅਮਰੋਹੀ
ਫਿਲਮ ’ਚ ਇਕ ਸੀਨ, ਜਿਸ ’ਚ ਇਕ ਵੀ ਸ਼ਬਦ ਨਹੀਂ ਸੀ, ਸਿਰਫ਼ ਫੀਲਿੰਗ ਸੀ
ਪ੍ਰ. ਫਿਲਮ ਦਾ ਜੋ ਨੈਰੇਟਿਵ ਹੈ, ਉਹ ਬਹੁਤ ਦਿਲ ਨਾਲ ਜੁੜਿਆ ਹੋਇਆ ਲੱਗਦਾ ਹੈ। ਤੁਸੀਂ ਇਸ ਫਿਲਮ ਦਾ ਹਿੱਸਾ ਬਣਨ ਦਾ ਫ਼ੈਸਲਾ ਕਿਉਂ ਕੀਤਾ?
-ਜਦੋਂ ਕਹਾਣੀ ਸੁਣੀ ਸੀ ਤਾਂ ਮੈਨੂੰ ਲੱਗਾ ਕਿ ਇਹ ਫਿਲਮ ਦਿਲ ਤੋਂ ਨਿਕਲਣ ਵਾਲੀ ਫਿਲਮ ਹੈ। ਇਸ ਦਾ ਜੋ ਸਫ਼ਰ ਹੈ ਪਰਦੇ ਤੱਕ ਦਾ, ਉਹ ਇਕ ਪੈਸ਼ਨੇਟ ਜਰਨੀ ਹੈ ਤੇ ਮੈਨੂੰ ਪਤਾ ਸੀ ਕਿ ਇਹ ਬਹੁਤ ਸੱਚਾਈ ਤੇ ਭਾਵਨਾਵਾਂ ਨਾਲ ਭਰਪੂਰ ਹੋਵੇਗੀ। ਇਸ ਲਈ ਮੈਂ ਇਸ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਹਾਂ।
ਪ੍ਰ. ਫਿਲਮ ’ਚ ਆਪਣੇ ਕਿਰਦਾਰ ਬਾਰੇ ਦੱਸੋ ਤੇ ਇਹ ਕਿੰਨਾ ਖ਼ਾਸ ਰਿਹਾ ਤੁਹਾਡੇ ਲਈ?
-ਮੈਂ ਉਨ੍ਹਾਂ ਦੋਵੇਂ ਬੱਚਿਆਂ ਦੀ ਮਾਂ ਹਾਂ, ਜਿਸ ਦਾ ਪਤੀ ਰਿਕਸ਼ਾ ਚਲਾਉਂਦਾ ਸੀ ਤੇ ਅਚਾਨਕ ਉਸ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਉਸ ਨੂੰ ਆਪਣਾ ਘਰ ਚਲਾਉਣ ਤੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਕਮਾਉਣਾ ਪੈਂਦਾ ਹੈ। ਉਹ ਕਿਸੇ ਤਰ੍ਹਾਂ ਸਿਲਾਈ ਕਰ ਕੇ ਬੱਚਿਆਂ ਦਾ ਪੇਟ ਪਾਲਦੀ ਹੈ। ਇਕ ਸੀਨ ਸੀ, ਜਿਸ ਵਿਚ ਮੇਰਾ ਕਿਰਦਾਰ ਰਾਤ ਨੂੰ ਗੈਲਰੀ ’ਚ ਖੜ੍ਹਾ ਹੈ, ਕੁਝ ਬੋਲਦੀ ਨਹੀਂ ਹੈ, ਫਿਰ ਕਮਰੇ ’ਚ ਆਉਂਦੀ ਹੈ, ਬੱਚੇ ਸੌਂ ਰਹੇ ਹੁੰਦੇ ਹਨ ਅਤੇ ਉਹ ਆਪਣੇ ਬੇਟੇ ਦੀ ਤੇਲ ਨਾਲ ਮਾਲਿਸ਼ ਕਰਦੀ ਹੈ। ਉਸ ਸੀਨ ਵਿਚ ਇਕ ਵੀ ਸ਼ਬਦ ਨਹੀਂ ਸੀ ਪਰ ਉਸ ’ਚ ਸਭ ਕੁਝ ਸੀ, ਯਾਦਾਂ, ਦਰਦ, ਮਜਬੂਰੀ ਤੇ ਇਕ ਮਾਂ ਦੀ ਮਮਤਾ ਤੇ ਜਦੋਂ ਡਾਇਰੈਕਟਰ ਨੇ ਕਿਹਾ ਕਿ ਤੁਸੀਂ ਦੇਖ ਵੀ ਨਹੀਂ ਰਹੇ ਹੋ, ਸਿਰਫ਼ ਕਰ ਰਹੇ ਹੋ ਤਾਂ ਸਮਝ ਆਇਆ ਕਿ ਅਸਲੀ ਅਦਾਕਾਰੀ ਕੀ ਹੁੰਦੀ ਹੈ।
ਅੰਮ੍ਰਿਤਾ ਸੁਭਾਸ਼
ਇਕ ਔਰਤ ਦੇ, ਉਸ ਦੇ ਬੱਚਿਆਂ ਦੇ ਤੇ ਪੂਰੇ ਤਬਕੇ ਦੇ ਸੁਪਨਿਆਂ ’ਤੇ ਹੈ ਫਿਲਮ
ਪ੍ਰ. ਤੁਸੀਂ ਇਸ ਫਿਲਮ ਨੂੰ ਕਰਨ ਦਾ ਫ਼ੈਸਲਾ ਕਿਉਂ ਲਿਆ?
ਸਭ ਤੋਂ ਪਹਿਲੀ ਗੱਲ ਕਹਾਣੀ ਬਹੁਤ ਚੰਗੀ ਸੀ। ਸਕ੍ਰਿਪਟ ਬਹੁਤ ਵਧੀਆ ਲਿਖੀ ਗਈ ਸੀ ਅਤੇ ਕਿਉਂਕਿ ਜਦੋਂ ਪਹਿਲੀ ਵਾਰ ਇਨ੍ਹਾਂ ਨੇ ਫਿਲਮ ਲਿਖੀ, ਪਹਿਲੀ ਵਾਰ ਫਿਲਮ ਡੇਟ ਕਰਨ ਬਾਰੇ ਸੋਚਿਆ ਤੇ ਪਹਿਲੀ ਵਾਰ ਜਿਸ ਨੂੰ ਇਨ੍ਹਾਂ ਨੇ ਆਪਣਾ ਵਿਜ਼ਨ ਸੁਣਾਇਆ, ਉਹ ਬਹੁਤ ਖ਼ਾਸ ਗੱਲ ਹੈ ਅਤੇ ਫਿਰ ਇਹ ਕਹਾਣੀ ਇਕ ਅਜਿਹੇ ਤਬਕੇ ਦੀ ਹੈ, ਜਿੱਥੇ ਜ਼ਿੰਦਗੀ ਦੀਆਂ ਕੁਝ ਤਕਲੀਫ਼ਾਂ ਆਮ ਹੋ ਜਾਂਦੀਆਂ ਹਨ।
ਪ੍ਰ. ਇਸ ਫਿਲਮ ’ਚ ਤੁਹਾਡਾ ਕੀ ਕਿਰਦਾਰ ਹੈ?
-ਇਸ ਫਿਲਮ ’ਚ ਮੈਂ ਦੋ ਬੱਚਿਆਂ ਦਾ ਗਾਰਡੀਅਨ ਹਾਂ। ਮੈਂ ਉਨ੍ਹਾਂ ਦਾ ਚਾਚਾ ਹਾਂ, ਉਨ੍ਹਾਂ ਦਾ ਪਿਤਾ ਨਹੀਂ ਹੈ ਸਿਰਫ਼ ਮਾਂ ਹੈ। ਬੱਚਿਆਂ ਨੂੰ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਉਸ ਤਬਕੇ ’ਚ ਇਹ ਇਕ ਆਮ ਗੱਲ ਹੈ ਕਿ ਬੱਚੇ ਜਲਦੀ ਵੱਡੇ ਹੋ ਜਾਂਦੇ ਹਨ, ਉਨ੍ਹਾਂ ਦੇ ਸੁਪਨੇ ਹੁੰਦੇ ਹਨ, ਉਨ੍ਹਾਂ ਦੀਆਂ ਮਜਬੂਰੀਆਂ ਹੁੰਦੀਆਂ ਹਨ ਤੇ ਇਸ ਫਿਲਮ ’ਚ ਅਸੀਂ ਦਿਖਾਇਆ ਹੈ ਕਿ ਕਿਵੇਂ ਉਹ ਆਪਣੇ ਸ਼ਬਦਾਂ ਤੇ ਸੁਪਨਿਆਂ ਜ਼ਰੀਏ ਅੱਗੇ ਵਧਦੇ ਹਨ।
ਪ੍ਰ. ਫਿਲਮ ’ਚ ਇਕ ਸ਼ਬਦ ਵਾਰ-ਵਾਰ ਆਉਂਦਾ ਹੈ ‘ਖਵਾਬ’, ਤੁਹਾਡੇ ਲਈ ਇਸ ਫਿਲਮ ’ਚ ਇਹ ਸ਼ਬਦ ਕਿੰਨਾ ਮਹੱਤਵਪੂਰਨ ਹੈ?
-ਇਹ ਫਿਲਮ ਹੀ ‘ਖਵਾਬ’ ’ਤੇ ਬਣੀ ਹੈ-ਇਕ ਔਰਤ ਦੇ, ਉਸ ਦੇ ਬੱਚਿਆਂ ਤੇ ਇਕ ਪੂਰੇ ਤਬਕੇ ਦੇ ਸੁਪਨਿਆਂ ’ਤੇ ਤੇ ਜਦੋਂ ਤੁਸੀਂ ਟ੍ਰੇਲਰ ਦੇਖਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਸ਼ੀਸ਼ੇ (ਕੱਚ) ਦਿਖਾਈ ਦਿੰਦੇ ਹਨ, ਉਹ ਸਾਰੇ ਸੁਪਨਿਆਂ ਦੇ ਟੁੱਟਣ ਤੇ ਬਣਨ ਵਾਲੇ ਚਿੱਤਰਾਂ ਦਾ ਪ੍ਰਤੀਕ ਹਨ।
ਵਿਨੈ ਪਾਠਕ
'ਮੁੰਨਾਭਾਈ' ਦੇ 'ਸਰਕਿਟ' 'ਤੇ ਡਿੱਗੀ ਗਾਜ ! ਲੱਗ ਗਿਆ 1 ਸਾਲ ਦਾ ਬੈਨ, ਜਾਣੋ ਕੀ ਹੈ ਪੂਰਾ ਮਾਮਲਾ
NEXT STORY