ਚੰਡੀਗੜ੍ਹ (ਬਿਊਰੋ) - ਕੁਝ ਸ਼ਖਸੀਅਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਇਸ ਦੁਨੀਆ ਤੋਂ ਤੁਰ ਜਾਣ ਹਰ ਇੱਕ ਦੀ ਅੱਖ ਨੂੰ ਨਮ ਕਰ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ 33 ਸਾਲਾ ਦਿਲਜਾਨ ਦੀ, ਜੋ ਕਿ ਪਿਛਲੇ ਮਹੀਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ। ਦਿਲਜਾਨ (Diljaan) ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਗਾਇਕ ਦਿਲਜਾਨ ਦਾ ਮੋਸਟ ਅਵੇਟਡ ਗੀਤ 'ਤੇਰੇ ਵਰਗੇ 2' (Tere Warge 2) ਦਰਸ਼ਕਾਂ ਦੀ ਝੋਲੀ ਪੈ ਚੁੱਕਿਆ ਹੈ। ਇਸ ਗੀਤ ਨੂੰ ਲੈ ਕੇ ਦਿਲਜਾਨ ਵੀ ਬਹੁਤ ਉਤਸੁਕ ਸੀ ਕਿ ਕਦੋ ਇਹ ਗੀਤ ਦਰਸ਼ਕਾਂ ਦੇ ਰੂ-ਬ-ਰੂ ਹੋਵੇਗਾ ਪਰ ਉਸ ਨੂੰ ਕੀ ਪਤਾ ਸੀ ਜਦੋਂ ਇਹ ਗੀਤ ਰਿਲੀਜ਼ ਹੋਵੇਗਾ ਤਾਂ ਖੁਦ ਇਸ ਨੂੰ ਵੇਖ ਨਹੀਂ ਸਕੇਗਾ।
ਦੱਸ ਦਈਏ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਸੰਗੀਤਕਾਰ, ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸਚਿਨ ਆਹੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਗੀਤ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਸੀ ਕਿ ਇੰਨੀ ਛੋਟੀ ਉਮਰ 'ਚ ਦਿਲਜਾਨ ਸਾਨੂੰ ਛੱਡ ਕੇ ਚਲਾ ਜਾਵੇਗਾ... ਬਹੁਤ ਖੁਸ਼ ਸੀ ਉਹ ਇਸ ਗੀਤ ਦੀ ਲਈ। ਪਲੀਜ਼ ਸੁਣੋ ਤੇ ਸ਼ੇਅਰ ਕਰੋ...as a tribute to Diljaan।'
ਮਦਨ ਮਾਡਾਰ ਨੇ ਦਿਲਜਾਨ ਨੂੰ ਸਿਖਰਾਂ 'ਤੇ ਪਹੁੰਚਾਇਆ
ਜਦੋਂ ਦਿਲਜਾਨ ਦਾ ਵਿਆਹ ਇਕ ਕੈਨੇਡੀਅਨ ਨਾਗਰਿਕ ਨਾਲ ਹੋਇਆ ਸੀ, ਤਾਂ ਹਰਮਨ, ਮਦਨ ਮਾਡਾਰ ਅਤੇ ਮੀਨਾ ਰਾਣੀ ਨੂੰ ਮਾਤਾ-ਪਿਤਾ ਲਿਖ ਕੇ ਕਾਰਡ ਭੇਜਿਆ। ਮਦਨ ਮਾਡਾਰ ਨੇ ਦਿਲਜਾਨ ਨੂੰ ਸੰਗੀਤ ਦੀ ਇਕ ਇਕ ਪੌੜੀ ਚੜ੍ਹਾ ਕੇ ਉਨ੍ਹਾਂ ਨੂੰ ਸਿਖਰ 'ਤੇ ਪਹੁੰਚਾਇਆ ਅਤੇ ਹੁਣ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਦਿਲਜਾਨ ਦੀ ਤਪੱਸਿਆ ਸਫ਼ਲ ਹੋ ਗਈ ਹੈ। ਦਿਲਜਾਨ ਹਰਮਨ ਨਾਲ ਵਿਆਹ ਤੋਂ ਬਾਅਦ ਕੈਨੇਡਾ ਦਾ ਪੱਕਾ ਵਸਨੀਕ ਵੀ ਬਣ ਗਿਆ ਸੀ। ਉਨ੍ਹਾਂ ਦੀ ਬੇਟੀ ਸੁਰੈਆ ਦਾ ਜਨਮ ਦੋ ਸਾਲ ਪਹਿਲਾਂ ਹੋਇਆ ਸੀ। ਉਹ ਆਪਣੀ ਮਾਂ ਹਰਮਨ ਨਾਲ ਕੈਨੇਡਾ 'ਚ ਰਹਿੰਦੀ ਹੈ। ਨੇੜਲੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਦਿਲਜਾਨ ਅਪ੍ਰੈਲ 'ਚ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਹ ਪੰਜਾਬ ਦੇ ਕਰਤਾਰਪੁਰ ਵਿਖੇ ਮੇਲੇ ਕਾਰਨ ਰੁਕਿਆ ਸੀ, ਮੇਲਾ 14 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ 16 ਨੂੰ ਸਮਾਪਤ ਹੋਇਆ ਸੀ।
ਸੰਗੀਤ ਲਈ ਦਿਲਜਾਨ ਨੇ ਦਿੱਤੀ ਇਹ ਕੁਰਬਾਨੀ
ਮਾਡਾਰ ਰਾਸ਼ਟਰੀ ਬੀਮੇ 'ਚ ਕਲਾਸ ਵੰਨ ਅਧਿਕਾਰੀ ਸੀ ਅਤੇ ਸੰਗੀਤ ਦੇ ਮਹਾਂਗੁਰੂ, ਪੂਰਨ ਸ਼ਾਹਕੋਟੀ ਦੇ ਚੇਲੇ ਸੀ। ਬਚਪਨ 'ਚ ਜਦੋਂ ਦਿਲਜਾਨ ਨੂੰ ਪਤਾ ਲੱਗਿਆ ਕਿ ਮਡਾਰ ਕਰਤਾਰਪੁਰੀ ਸੰਗੀਤ ਸਿਖਾਉਂਦਾ ਹੈ ਤਾਂ ਦਿਲਜਾਨ ਉਸ ਦੀ ਸ਼ਰਨ 'ਚ ਚਲਾ ਗਿਆ।
ਸੰਗੀਤ ਸਿੱਖਣ ਲਈ, ਉਨ੍ਹਾਂ ਨੇ ਆਪਣਾ ਘਰ ਛੱਡ ਦਿੱਤਾ ਅਤੇ ਮਦਨ ਮਾਡਾਰ ਦੇ ਨੇੜੇ ਹੀ ਰਿਹਾ ਅਤੇ ਉਨ੍ਹਾਂ ਨੂੰ ਆਪਣੇ ਪਿਤਾ ਵਜੋਂ ਸਵੀਕਾਰ ਲਿਆ। ਸਿੱਖਿਆ ਪ੍ਰਾਪਤ ਕਰਦਿਆਂ ਵੀ ਦਿਲਜਾਨ ਨੇ ਆਪਣੇ ਸਕੂਲ-ਕਾਲਜ ਦੇ ਸਾਰੇ ਸਰਟੀਫਿਕੇਟ 'ਤੇ ਪਿਤਾ ਬਲਦੇਵ ਕੁਮਾਰ ਦੀ ਥਾਂ 'ਤੇ ਮਦਨ ਮਾਡਾਰ ਦਾ ਨਾਂ ਲਿਖਿਆ। ਕਰਤਾਰਪੁਰ ਦੇ ਵਸਨੀਕ ਸਮਝਦੇ ਹਨ ਕਿ ਦਿਲਜਾਨ ਮਦਨ ਮਾਡਾਰ ਦਾ ਪੁੱਤਰ ਹੈ। ਮਦਨ ਮਾਡਾਰ ਦੀ ਪਤਨੀ ਮੀਨਾ ਰਾਣੀ ਨੇ ਦਿਲਜਾਨ ਨੂੰ ਪੁੱਤਰ ਦੀ ਤਰ੍ਹਾਂ ਪਾਲਿਆ।
ਉਸਤਾਦ ਪੂਰਨ ਸ਼ਾਹਕੋਟੀ ਤੋਂ ਲਏ ਗਾਇਕੀ ਦੇ ਗੁਰ
ਗਾਇਕ ਦਿਲਜਾਨ ਨੇ ਦਸਵੀਂ ਡੀ. ਏ. ਵੀ. ਹਾਈ ਸਕੂਲ ਕਰਤਾਰਪੁਰ ਤੋਂ ਪਾਸ ਕੀਤੀ ਅਤੇ ਬੀ. ਏ. ਦੀ ਡਿਗਰੀ ਡੀ. ਏ. ਵੀ. ਕਾਲਜ ਜਲੰਧਰ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ, ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ।
ਕੁਝ ਇਸ ਤਰ੍ਹਾਂ ਬਣੇ ਸੁਰਾਂ ਦੇ ਸਰਤਾਜ
ਸਾਲ 2006-2007 'ਚ ਐੱਮ. ਐੱਚ. ਵੰਨ. ਟੀ. ਵੀ. ਚੈਨਲ ਉਪਰ ਕਰਵਾਏ ਪੰਜਾਬੀ ਗਾਇਕੀ ਦੇ ਰਿਐਲਟੀ ਸ਼ੋਅ 'ਆਵਾਜ਼ ਪੰਜਾਬ ਦੀ' 'ਚ ਆਪਣੀ ਗਾਇਕੀ ਦੀ ਮੁਜ਼ਾਹਰਾ ਕੀਤਾ ਅਤੇ ਇਸ ਗਾਇਨ ਮੁਕਾਬਲੇ 'ਚ ਰਨਰਅੱਪ ਰਿਹਾ। ਸਾਲ 2012 'ਚ ਕਲਰ ਟੀ. ਵੀ. ਚੈਨਲ ਉਪਰ ਭਾਰਤੀ ਤੇ ਪਾਕਿਸਤਾਨੀ ਗਾਇਕੀ ਦੇ ਰਿਐਲਟੀ ਸ਼ੋਅ 'ਸੁਰ ਕਸ਼ੇਤਰ' 'ਚ ਵੀ ਦਿਲਜਾਨ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਇਸ ਸੰਗੀਤ ਮੁਕਾਬਲੇ 'ਚ ਉਸ ਨੇ ਆਪਣੀ ਆਵਾਜ਼ ਅਤੇ ਕਲਾ ਨਾਲ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਦੀ ਇਕ ਪੇਸ਼ਕਾਰੀ ਨਾਲ ਪ੍ਰਸਿੱਧ ਭਾਰਤੀ ਗਾਇਕਾ ਆਸ਼ਾ ਭੋਂਸਲੇ ਜੋ ਕਿ ਸ਼ੋਅ 'ਚ ਜੱਜ ਸੀ, ਇੰਨੀ ਭਾਵੁਕ ਹੋਏ ਕਿ ਅੱਖਾਂ 'ਚ ਅਥਰੂ ਆ ਗਏ। 'ਸੁਰ ਕਸ਼ੇਤਰ' ਗਾਇਕੀ ਮੁਕਾਬਲੇ 'ਚ ਵੀ ਦਿਲਜਾਨ ਰਨਰਅੱਪ ਰਿਹਾ।
ਗਿੱਪੀ ਗਰੇਵਾਲ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਕੀਤਾ ਪ੍ਰੇਸ਼ਾਨ, ਦਿਹਾੜੀਦਾਰਾਂ ਲਈ ਆਖੀ ਇਹ ਗੱਲ
NEXT STORY