ਮੁੰਬਈ (ਬਿਊਰੋ)– ਟੀ. ਵੀ. ਤੇ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਉਤਰਾ ਬਾਵਕਰ ਦਾ ਦਿਹਾਂਤ ਹੋ ਗਿਆ ਹੈ। ਉਤਰਾ 79 ਸਾਲਾਂ ਦੇ ਸਨ ਤੇ ਪਿਛਲੇ ਇਕ ਸਾਲ ਤੋਂ ਬੀਮਾਰੀ ਤੋਂ ਪੀੜਤ ਸਨ। ਆਪਣੀ ਬੀਮਾਰੀ ਨਾਲ ਲੜਨ ਤੋਂ ਬਾਅਦ ਉਨ੍ਹਾਂ ਨੇ ਮੰਗਲਵਾਰ 11 ਅਪ੍ਰੈਲ ਨੂੰ ਪੁਣੇ ਦੇ ਇਕ ਹਸਪਤਾਲ ’ਚ ਆਖਰੀ ਸਾਹ ਲਿਆ। ਬੁੱਧਵਾਰ 12 ਅਪ੍ਰੈਲ ਨੂੰ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਇਹ ਜਾਣਕਾਰੀ ਅਦਾਕਾਰਾ ਦੇ ਪਰਿਵਾਰ ਨਾਲ ਜੁੜੇ ਇਕ ਸੂਤਰ ਨੇ ਦਿੱਤੀ ਹੈ।
ਉਤਰਾ ਬਾਵਕਰ ਨੇ ਨੈਸ਼ਨਲ ਸਕੂਲ ਆਫ਼ ਡਰਾਮਾ ’ਚ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਉਨ੍ਹਾਂ ਨੇ ਕਈ ਚੰਗੇ ਥੀਏਟਰ ਨਾਟਕਾਂ ’ਚ ਕੰਮ ਕੀਤਾ ਸੀ। ਇਨ੍ਹਾਂ ’ਚ ‘ਮੁੱਖ ਮੰਤਰੀ’, ‘ਮੀਨਾ ਗੁਰਜਰੀ’, ਸ਼ੇਕਸਪੀਅਰ ਵਲੋਂ ਲਿਖੀ ‘ਓਥੈਲੋ’ ਤੇ ਗਿਰੀਸ਼ ਕਰਨਾਡ ਵਲੋਂ ਲਿਖੀ ‘ਤੁਗਲਕ’ ਸ਼ਾਮਲ ਹਨ। ਉਤਰਾ ਨੇ ਇਨ੍ਹਾਂ ਸਾਰੇ ਨਾਟਕਾਂ ’ਚ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ। ਉਨ੍ਹਾਂ ਨੂੰ ਥੀਏਟਰ ’ਚ ਸ਼ਾਨਦਾਰ ਕੰਮ ਲਈ 1984 ’ਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਵੀ ਮਿਲਿਆ।
ਫ਼ਿਲਮ ਇੰਡਸਟਰੀ ’ਚ ਉਨ੍ਹਾਂ ਨੂੰ ਨਿਰਦੇਸ਼ਕ ਗੋਵਿੰਦ ਨਿਹਲਾਨੀ ਦੀ ਫ਼ਿਲਮ ‘ਤਮਸ’ ਨਾਲ ਪਛਾਣ ਮਿਲੀ। ਇਸ ਤੋਂ ਬਾਅਦ ਨਿਰਦੇਸ਼ਕ ਮ੍ਰਿਣਾਲ ਸੇਨ ਦੀ ਫ਼ਿਲਮ ‘ਏਕ ਦਿਨ ਅਚਾਨਕ’ ਆਈ, ਜਿਸ ’ਚ ਅਦਾਕਾਰਾ ਸ਼ਬਾਨਾ ਆਜ਼ਮੀ ਨਾਲ ਉਤਰਾ ਬਾਵਕਰ ਨਜ਼ਰ ਆਈ ਸੀ। ਇਸ ’ਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਕਾਫੀ ਤਾਰੀਫ਼ ਹੋਈ। ਉਤਰਾ ਨੇ ਫ਼ਿਲਮ ’ਚ ਆਪਣੇ ਕੰਮ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਰਾਸ਼ਟਰੀ ਫ਼ਿਲਮ ਐਵਾਰਡ ਜਿੱਤਿਆ।
ਇਹ ਖ਼ਬਰ ਵੀ ਪੜ੍ਹੋ : ਬੰਬੇ ਹਾਈਕੋਰਟ ਨੇ ਸਲਮਾਨ ਖ਼ਾਨ ਨੂੰ ਦਿੱਤੀ ਵੱਡੀ ਰਾਹਤ, ਕਿਹਾ– ‘ਸੈਲੇਬ੍ਰਿਟੀ ਨੂੰ ਪ੍ਰੇਸ਼ਾਨ ਕਰਨ ਲਈ...’
ਆਪਣੇ ਕਰੀਅਰ ’ਚ ਉਤਰਾ ਬਾਵਕਰ ਨੇ ਸ਼ਿਆਮ ਬੇਨੇਗਲ ਤੇ ਮ੍ਰਿਣਾਲ ਸੇਨ ਵਰਗੇ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ। ਉਹ ‘ਸਰਦਾਰੀ ਬੇਗਮ’, ‘ਕੋਰਾ ਕਾਗਜ਼’, ‘ਆਜਾ ਨਚਲੇ’, ‘ਹਮ ਕੋ ਦੀਵਾਨਾ ਕਰ ਗਏ’, ‘ਰੁਕਮਤੀ ਕੀ ਹਵੇਲੀ’, ‘ਠਕਸ਼ਾਕ’ ਤੇ ਕੈਨੇਡੀਅਨ ਫ਼ਿਲਮ ‘ਦਿ ਬਰਨਿੰਗ ਸੀਜ਼ਨ’ ’ਚ ਨਜ਼ਰ ਆਏ ਸਨ। ਉਤਰਾ ਹਿੰਦੀ ਤੋਂ ਇਲਾਵਾ ਮਰਾਠੀ ਸਿਨੇਮਾ ’ਚ ਵੀ ਜਾਣਿਆ-ਪਛਾਣਿਆ ਨਾਮ ਸੀ। ਉਹ ‘ਦੋਘੀ’, ‘ਵਸਤੂਪੁਰਸ਼’, ‘ਉੱਤਰਾਯਣ’, ‘ਸ਼ੇਵਰੀ’, ‘ਸੰਹਿਤਾ’ ਤੇ ‘ਹਾ ਭਾਰਤ ਮੇਰਾ’ ਵਰਗੀਆਂ ਫ਼ਿਲਮਾਂ ਦਾ ਹਿੱਸਾ ਸਨ। ਉਤਰਾ ਨੇ ਮਾਧੁਰੀ ਦੀਕਸ਼ਿਤ ਸਟਾਰਰ ਫ਼ਿਲਮ ‘ਆਜਾ ਨਚਲੇ’ ’ਚ ਉਸ ਦੀ ਮਾਂ ਦੀ ਭੂਮਿਕਾ ਨਿਭਾਈ ਸੀ।
ਉਤਰਾ ਬਾਵਕਰ ਨੇ 90 ਦੇ ਦਹਾਕੇ ’ਚ ਟੀ. ਵੀ. ਇੰਡਸਟਰੀ ’ਚ ਐਂਟਰੀ ਕੀਤੀ ਸੀ। ਉਨ੍ਹਾਂ ਦਾ ਪਹਿਲਾ ਸ਼ੋਅ ‘ਉਡਾਨ’ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਅੰਤਰਾਲ’, ‘ਨਜ਼ਰਾਨਾ’, ‘ਜੱਸੀ ਜੈਸੀ ਕੋਈ ਨਹੀਂ’, ‘ਕਸ਼ਮਸ਼ ਜ਼ਿੰਦਗੀ ਕੀ’, ‘ਜਬ ਹੁਆ ਪਿਆਰ’ ਤੇ ‘ਰਿਸ਼ਤੇ’ ’ਚ ਕੰਮ ਕੀਤਾ। ‘ਜੱਸੀ ਜੈਸੀ ਕੋਈ ਨਹੀਂ’ ਟੀ. ਵੀ. ਸ਼ੋਅ ’ਚ ਉਹ ਜੱਸੀ ਦੀ ਦਾਦੀ ਦੇ ਕਿਰਦਾਰ ’ਚ ਨਜ਼ਰ ਆਏ ਸਨ। ਇਹ ਸ਼ੋਅ ਕਾਫੀ ਮਸ਼ਹੂਰ ਹੋਇਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਰਜੁਨ ਕਪੂਰ ਭਾਰਤ ਲਈ ਕ੍ਰਿਕਟ ਖੇਡਣ ਦਾ ਲੜਕੀ ਦਾ ਸੁਫ਼ਨਾ ਪੂਰਾ ਕਰਨ ਲਈ ਅੱਗੇ ਆਏ
NEXT STORY