ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਕਾਰੋਬਾਰੀ ਸ਼ਿਲਪਾ ਸ਼ੈਟੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ, ਪਰ ਇਸ ਵਾਰ ਵਿਵਾਦ ਕਾਰਨ। ਮੀਡੀਆ ਰਿਪੋਰਟਾਂ ਅਨੁਸਾਰ ਸ਼ਿਲਪਾ ਸ਼ੈਟੀ ਦੇ ਬੈਂਗਲੁਰੂ ਸਥਿਤ 'ਬੈਸਟੀਅਨ' ਰੈਸਟੋਰੈਂਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ ਅਤੇ ਬੈਂਗਲੁਰੂ ਪੁਲਸ ਨੇ ਉਨ੍ਹਾਂ ਦੇ ਰੈਸਟੋਰੈਂਟ ਦੇ ਖਿਲਾਫ਼ FIR ਦਰਜ ਕਰ ਲਈ ਹੈ।
ਜਾਣਕਾਰੀ ਅਨੁਸਾਰ ਸ਼ਿਲਪਾ ਸ਼ੈਟੀ ਦਾ ਬੈਂਗਲੁਰੂ ਵਾਲਾ ਬੈਸਟੀਅਨ ਰੈਸਟੋਰੈਂਟ ਵਿਵਾਦਾਂ ਵਿੱਚ ਘਿਰ ਗਿਆ ਹੈ। ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਰੈਸਟੋਰੈਂਟ 'ਤੇ ਨਿਰਧਾਰਤ ਸਮੇਂ ਤੋਂ ਜ਼ਿਆਦਾ ਦੇਰ ਤੱਕ ਖੁੱਲ੍ਹਾ ਰਹਿਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ 11 ਦਸੰਬਰ ਨੂੰ ਬੈਸਟੀਅਨ ਰੈਸਟੋਰੈਂਟ ਨਿਰਧਾਰਤ ਸਮੇਂ ਤੋਂ ਜ਼ਿਆਦਾ ਦੇਰ ਤੱਕ, ਯਾਨੀ ਰਾਤ 1.30 ਵਜੇ ਤੱਕ ਖੁੱਲ੍ਹਾ ਰਿਹਾ ਸੀ। ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਪੁਲਸ ਨੇ ਰੈਸਟੋਰੈਂਟ ਦੇ ਮੈਨੇਜਰ ਅਤੇ ਕਰਮਚਾਰੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਸਿਟੀ ਦੇ ਸੈਂਟ ਮਾਰਕ ਰੋਡ 'ਤੇ ਸਥਿਤ ਇਸ ਰੈਸਟੋਰੈਂਟ ਦੇ ਖਿਲਾਫ਼, ਕਿਊਬੌਨ ਪਾਰਕ ਪੁਲਸ ਸਟੇਸ਼ਨ ਵਿੱਚ ਦਰਜ ਕਰਾਈ ਗਈ ਹੈ।
ਸ਼ਿਲਪਾ ਸ਼ੈਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਲਈ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਇਹ FIR ਅਜਿਹੇ ਸਮੇਂ ਦਰਜ ਹੋਈ ਹੈ ਜਦੋਂ ਉਹ ਦੋਵੇਂ ਪਹਿਲਾਂ ਹੀ ਇੱਕ ਵੱਡੇ ਕਾਨੂੰਨੀ ਮਾਮਲੇ ਵਿੱਚ ਘਿਰੇ ਹੋਏ ਹਨ। ਸ਼ਿਲਪਾ ਅਤੇ ਰਾਜ ਕੁੰਦਰਾ 'ਤੇ ਮੁੰਬਈ ਦੇ ਇੱਕ ਕਾਰੋਬਾਰੀ ਨੇ ਲੋਨ ਘੱਟ ਨਿਵੇਸ਼ ਡੀਲ ਵਿੱਚ 60.4 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ। ਕਾਰੋਬਾਰੀ ਦੀਪਕ ਕੋਠਾਰੀ ਨੇ ਦੋਸ਼ ਲਾਇਆ ਸੀ ਕਿ 2015 ਤੋਂ 2023 ਦੇ ਵਿੱਚ ਕਾਰੋਬਾਰ ਵਧਾਉਣ ਦੇ ਨਾਂ 'ਤੇ ਦਿੱਤੀ ਗਈ ਰਕਮ ਅਸਲ ਵਿੱਚ ਨਿੱਜੀ ਕੰਮਾਂ 'ਤੇ ਖਰਚ ਕੀਤੀ ਗਈ। ਆਰਥਿਕ ਅਪਰਾਧ ਸ਼ਾਖਾ (EOW) ਨੇ ਇਸ ਮਾਮਲੇ ਵਿੱਚ FIR ਵੀ ਦਰਜ ਕੀਤੀ ਹੋਈ ਹੈ।
ਜ਼ਿਕਰਯੋਗ ਹੈ ਕਿ ਸ਼ਿਲਪਾ ਸ਼ੈਟੀ ਦੀ ਮੁੰਬਈ ਦੇ ਬਾਂਦਰਾ ਸਥਿਤ 'ਬੈਸਟੀਅਨ' ਸ਼ਾਖਾ ਨੂੰ ਹਾਲ ਹੀ ਵਿੱਚ ਇੱਕ ਸਾਊਥ ਇੰਡੀਅਨ ਰੈਸਟੋਰੈਂਟ 'ਅੰਮਾਕਾਈ' ਵਿੱਚ ਬਦਲਿਆ ਗਿਆ ਹੈ, ਅਤੇ ਇਸ ਨੂੰ ਜੁਹੂ ਵਿੱਚ 'ਬੈਸਟੀਅਨ ਬੀਚ ਕਲੱਬ' ਦੇ ਨਾਮ ਨਾਲ ਸ਼ਿਫਟ ਕੀਤਾ ਜਾ ਰਿਹਾ ਹੈ।
ਹਾਲੀਵੁੱਡ ਸਟਾਰ ਕੇਟ ਹਡਸਨ ਨੂੰ ਮਿਲੇਗਾ ਕਾਸਟਿਊਮ ਡਿਜ਼ਾਈਨਰਜ਼ ਗਿਲਡ ਦਾ ਸਪੌਟਲਾਈਟ ਐਵਾਰਡ
NEXT STORY