ਮੁੰਬਈ (ਏਜੰਸੀ)- ਮੁੰਬਈ ਵਿੱਚ ਚਲ ਰਹੇ ਗਣੇਸ਼ ਉਤਸਵ ਦੌਰਾਨ ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਜਾਹਨਵੀ ਕਪੂਰ ਨੇ ਪ੍ਰਸਿੱਧ ਲਾਲਬਾਗਚਾ ਰਾਜਾ ਪੰਡਾਲ ਵਿੱਚ ਜਾ ਕੇ ਗਣਪਤੀ ਬਾਪਾ ਦੇ ਦਰਸ਼ਨ ਕੀਤੇ। ਇਹ ਦੌਰਾ ਗਣੇਸ਼ ਚਤੁਰਥੀ ਦੇ ਅਗਲੇ ਦਿਨ ਹੋਇਆ, ਜਿੱਥੇ ਦੋਵੇਂ ਕਲਾਕਾਰਾਂ ਨੇ ਆਪਣੀ ਆਉਣ ਵਾਲੀ ਫਿਲਮ ਪਰਮ ਸੁੰਦਰੀ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ।
ਇਸ ਮੌਕੇ ਸਿਧਾਰਥ ਨੇ ਪੀਚ-ਪਿੰਕ ਰੰਗ ਦਾ ਕੁੜਤਾ ਪਹਿਨਿਆ ਹੋਇਆ ਸੀ, ਜਦਕਿ ਜਾਹਨਵੀ ਨੇ ਲਾਲ ਸਾੜੀ ਨਾਲ ਸਭ ਦਾ ਧਿਆਨ ਖਿੱਚਿਆ। ਭਾਰੀ ਭੀੜ ਵਿਚੋਂ ਰਾਹ ਬਣਾਉਂਦੇ ਹੋਏ ਦੋਵੇਂ ਸਿੱਧੇ ਗਣਪਤੀ ਦੀ ਵਿਸ਼ਾਲ ਮੂਰਤੀ ਤੱਕ ਪਹੁੰਚੇ ਅਤੇ ਭਗਵਾਨ ਦੇ ਚਰਨ ਛੂਹ ਕੇ ਆਸ਼ਿਰਵਾਦ ਲਿਆ।

ਪਿਛਲੇ ਹਫਤੇ ਸਿਧਾਰਥ ਅਤੇ ਜਾਹਨਵੀ ਨੇ ਦਿੱਲੀ ਦੇ ਪ੍ਰਸਿੱਧ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਮੱਥਾ ਟੇਕਿਆ ਸੀ। ਦਿੱਲੀ ਦੌਰੇ ਦੌਰਾਨ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਸ਼ਹਿਰ ਦੇ ਖਾਸ ਖਾਣਿਆਂ ਦਾ ਵੀ ਲੁੱਤਫ਼ ਵੀ ਲਿਆ। ਸਿਧਾਰਥ ਤੇ ਜਾਹਨਵੀ ਨੇ ਕਨਾਟ ਪਲੇਸ ਦੇ ਮਸ਼ਹੂਰ ਜੈਨ ਚਾਵਲ ਵਾਲੇ ਦੇ ਰਾਜਮਾ-ਚਾਵਲ ਤੇ ਛੋਲੇ-ਭਠੂਰੇ ਖਾਧੇ ਅਤੇ ਇੰਡੀਆ ਗੇਟ ‘ਤੇ ਕਾਟਨ ਕੈਂਡੀ ਦਾ ਵੀ ਅਨੰਦ ਲਿਆ। ਇਸ ਤੋਂ ਕੁਝ ਦਿਨ ਪਹਿਲਾਂ ਦੋਵਾਂ ਨੇ ਲਖਨਊ ਵਿੱਚ ਵੀ ਆਪਣੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੀ ਮਸ਼ਹੂਰ ਚਾਟ ਦਾ ਸੁਆਦ ਚੱਖਿਆ। ਇਹ ਸਭ ਦੌਰੇ ਫਿਲਮ ਦੇ ਪ੍ਰਮੋਸ਼ਨ ਮੁਹਿੰਮ ਦਾ ਹਿੱਸਾ ਹਨ।

ਪਰਮ ਸੁੰਦਰੀ ਵਿੱਚ ਸੰਜੇ ਕਪੂਰ ਅਤੇ ਮੰਜੋਤ ਸਿੰਘ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਰੋਮਾਂਸ, ਕਾਮੇਡੀ ਅਤੇ ਐਕਸ਼ਨ ਦਾ ਪੂਰਾ ਤੜਕਾ ਹੈ। ਤੁਸ਼ਾਰ ਜਲੋਟਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਸਿਧਾਰਥ ਅਤੇ ਜਾਹਨਵੀ ਦੀ ਪਹਿਲੀ ਸਾਂਝੀ ਫਿਲਮ ਹੈ ਅਤੇ ਟ੍ਰੇਲਰ ਵਿੱਚ ਉਨ੍ਹਾਂ ਦੀ ਰੋਮਾਂਟਿਕ ਕੇਮਿਸਟਰੀ ਦਰਸ਼ਕਾਂ ਨੂੰ ਮਨ ਮੋਹ ਰਹੀ ਹੈ।
ਫਿਲਮ ਦੀ ਕਹਾਣੀ ਇੱਕ ਪੰਜਾਬੀ ਮੁੰਡੇ (ਸਿਧਾਰਥ) ਅਤੇ ਕੇਰਲ ਦੀ ਕੁੜੀ (ਜਾਹਨਵੀ) ਦੇ ਪਿਆਰ 'ਤੇ ਅਧਾਰਿਤ ਹੈ, ਜਿਸ ਵਿੱਚ ਮਜ਼ਾਕੀਆ ਅਤੇ ਹੰਗਾਮੇਦਾਰ ਸਥਿਤੀਆਂ ਨਜ਼ਰ ਆਉਣਗੀਆਂ। ਪਰਮ ਸੁੰਦਰੀ ਵਿਸ਼ਵ ਪੱਧਰ ‘ਤੇ 29 ਅਗਸਤ 2025 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
ਸਲਮਾਨ ਖਾਨ ਨੇ ਮਾਤਾ-ਪਿਤਾ ਨਾਲ ਮਨਾਈ ਗਣੇਸ਼ ਚਤੁਰਥੀ
NEXT STORY