ਨਵੀਂ ਦਿੱਲੀ - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਛੋਟੀ ਭੈਣ ਅਤੇ ਗਾਇਕਾ ਨੂਪੁਰ ਸੈਨਨ ਦੇ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਭਾਵੁਕ ਸੰਦੇਸ਼ ਸਾਂਝਾ ਕੀਤਾ ਹੈ। ਨੂਪੁਰ ਸੈਨਨ ਨੇ ਹਾਲ ਹੀ ’ਚ 'ਸਾਹਿਬਾ' ਫੇਮ ਮਸ਼ਹੂਰ ਗਾਇਕ ਸਟੇਬਿਨ ਬੇਨ ਨਾਲ ਵਿਆਹ ਕਰਵਾਇਆ ਹੈ। ਨੂਪੁਰ ਅਤੇ ਸਟੇਬਿਨ ਨੇ 11 ਜਨਵਰੀ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ ਖੁਸ਼ਖਬਰੀ ਦਾ ਐਲਾਨ ਕੀਤਾ ਸੀ।
ਕ੍ਰਿਤੀ ਸੈਨਨ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਅਤੇ ਹੋਰ ਰਸਮਾਂ ਦੀਆਂ ਝਲਕੀਆਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਉਸ ਕੋਲ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਉਸਨੇ ਆਪਣੀ ਪੋਸਟ ’ਚ ਭਾਵੁਕ ਹੁੰਦਿਆਂ ਲਿਖਿਆ, "ਮੇਰੀ ਪਿਆਰੀ ਬੱਚੀ ਦਾ ਵਿਆਹ ਹੋ ਗਿਆ! ਮੈਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ..."। ਕ੍ਰਿਤੀ ਨੇ ਯਾਦ ਕੀਤਾ ਕਿ ਜਦੋਂ ਉਹ ਪੰਜ ਸਾਲ ਦੀ ਸੀ, ਉਦੋਂ ਪਹਿਲੀ ਵਾਰ ਨੂਪੁਰ ਨੂੰ ਆਪਣੀਆਂ ਬਾਹਾਂ ’ਚ ਲਿਆ ਸੀ ਅਤੇ ਹੁਣ ਉਸ ਨੂੰ ਇਕ ਖੂਬਸੂਰਤ ਦੁਲਹਨ ਦੇ ਰੂਪ ’ਚ ਦੇਖਣਾ ਉਸਦੇ ਲਈ ਬਹੁਤ ਖੁਸ਼ੀ ਭਰਿਆ ਪਲ ਰਿਹਾ ਹੈ।
ਆਪਣੇ ਜੀਜਾ ਸਟੇਬਿਨ ਬੇਨ ਬਾਰੇ ਗੱਲ ਕਰਦਿਆਂ ਕ੍ਰਿਤੀ ਨੇ ਕਿਹਾ ਕਿ ਸਟੇਬਿਨ ਪਿਛਲੇ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੈ। ਉਸ ਨੇ ਲਿਖਿਆ ਕਿ ਸਟੇਬਿਨ ਦੇ ਰੂਪ ’ਚ ਉਸ ਨੂੰ ਇਕ ਅਜਿਹਾ ਭਰਾ ਅਤੇ ਦੋਸਤ ਮਿਲਿਆ ਹੈ ਜੋ ਹਮੇਸ਼ਾ ਉਸ ਦੇ ਨਾਲ ਰਹੇਗਾ। ਕ੍ਰਿਤੀ ਨੇ ਸਟੇਬਿਨ ਦਾ ਸੈਨਨ ਪਰਿਵਾਰ ’ਚ ਸਵਾਗਤ ਕਰਦਿਆਂ ਕਿਹਾ ਕਿ ਉਹ ਨੂਪੁਰ ਨੂੰ ਕਦੇ ਵੀ ਕਿਸੇ ਹੋਰ ਨੂੰ ਨਹੀਂ ਸੌਂਪਣ ਵਾਲੀ ਸੀ, ਇਸ ਲਈ ਸਟੇਬਿਨ ਦਾ ਪਰਿਵਾਰ ’ਚ ਆਉਣਾ ਬਹੁਤ ਖਾਸ ਹੈ।
ਜ਼ਿਕਰਯੋਗ ਹੈ ਕਿ ਨੂਪੁਰ ਅਤੇ ਸਟੇਬਿਨ ਸਾਲ 2023 ਤੋਂ ਇਕੱਠੇ ਹਨ, ਹਾਲਾਂਕਿ ਕਈ ਪ੍ਰੋਗਰਾਮਾਂ ’ਚ ਇਕੱਠੇ ਦੇਖੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਕਦੇ ਵੀ ਜਨਤਕ ਤੌਰ 'ਤੇ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ ਸੀ। ਇਸ ਜੋੜੇ ਨੇ ਇਸੇ ਸਾਲ 3 ਜਨਵਰੀ ਨੂੰ ਮੰਗਣੀ ਕੀਤੀ ਸੀ। ਕ੍ਰਿਤੀ ਨੇ ਦੋਵਾਂ ਨੂੰ ਉਮਰ ਭਰ ਦੀਆਂ ਖੁਸ਼ੀਆਂ ਅਤੇ ਪਿਆਰ ਦੀ ਦੁਆ ਦਿੱਤੀ ਹੈ।
ਭੂਮੀ ਪੇਡਨੇਕਰ ਦੀ ਵੈੱਬ ਸੀਰੀਜ਼ 'ਦਲਦਲ' ਦਾ ਖੌਫਨਾਕ ਟੀਜ਼ਰ ਰਿਲੀਜ਼
NEXT STORY